ਪਿੰਡ ਫ਼ਰੀਦੇ ਵਾਲਾ ਉਤਾੜ ਵਿਖੇ ਘਰ ਨੂੰ ਲਗਾਈ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ

Saturday, Nov 21, 2026 - 03:15 PM (IST)

ਪਿੰਡ ਫ਼ਰੀਦੇ ਵਾਲਾ ਉਤਾੜ ਵਿਖੇ ਘਰ ਨੂੰ ਲਗਾਈ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ

ਫਿਰੋਜ਼ਪੁਰ (ਪਰਮਜੀਤ ਸੋਢੀ) : ਥਾਣਾ ਮੱਲਾਂਵਾਲਾ ਅਧੀਨ ਪੈਂਦੇ ਪਿੰਡ ਫ਼ਰੀਦੇ ਵਾਲਾ ਉਤਾੜ ਵਿਖੇ ਇਕ ਵਿਅਕਤੀ ਦੇ ਘਰ ਨੂੰ ਅੱਗ ਲਗਾ ਕੇ ਲੱਖਾਂ ਰੁਪਏ ਦਾ ਸਮਾਨ ਸਾੜ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ 6 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਸ਼ਿਕਾਇਤਕਰਤਾ ਨਿਰਮਲ ਸਿੰਘ ਪੁੱਤਰ ਨਿਆਮਤ ਸਿੰਘ ਵਾਸੀ ਪਿੰਡ ਫ਼ਰੀਦੇ ਵਾਲਾ ਉਤਾੜ ਮੱਲਾਂਵਾਲਾ ਨੇ ਦੱਸਿਆ ਕਿ ਉਸ ਦੇ ਰਿਸ਼ਤੇ ਵਿਚ ਭਰਾ ਦੇ ਲੜਕੇ ਗੋਬਿੰਦਾ ਪੁੱਤਰ ਕਿੱਕਰ ਉਰਫ਼ ਬਿੱਟੀ ਨੇ ਕੁੱਝ ਦਿਨ ਪਹਿਲਾਂ ਚੰਨਾ ਸਿੰਘ ਦੀ ਲੜਕੀ ਸੋਨੀਆ ਨੂੰ ਵਰਗਲਾ ਕੇ ਭਜਾ ਲਿਆ ਸੀ। ਇਸੇ ਰੰਜਿਸ਼ ਨੂੰ ਲੈ ਕੇ ਚੰਨਾ ਸਿੰਘ ਪੁੱਤਰ ਦੇਸਾ ਸਿੰਘ, ਕਰਨਵੀਰ ਸਿੰਘ ਪੁੱਤਰ ਸਿੰਦਾ ਸਿੰਘ, ਮਨਵੀਰ ਸਿੰਘ ਪੁੱਤਰ ਸਿੰਦਾ ਸਿੰਘ, ਜੋਤੀ ਪਤਨੀ ਚੰਨਾ ਸਿੰਘ ਅਤੇ ਸਵਰਨ ਕੌਰ ਪਤਨੀ ਸਿੰਦਾ ਸਿੰਘ ਵਾਸੀਅਨ ਪਿੰਡ ਫ਼ਰੀਦੇ ਵਾਲਾ ਤੋਂ ਇਲਾਵਾ ਜਗਸੀਰ ਸਿੰਘ ਉਰਫ਼ ਜੱਗਾ ਵਾਸੀ ਪਿੰਡ ਚੁਗੱਤੇ ਵਾਲਾ ਥਾਣਾ ਆਰਿਫ਼ ਕੇ ਨੇ ਹਮਮਸ਼ਵਰਾ ਹੋ ਕੇ ਉਸ ਦੇ ਘਰ ਨੂੰ ਅੱਗ ਲਗਾ ਦਿੱਤੀ।

ਅੱਗ ਲੱਗਣ ਕਾਰਨ ਘਰ ਵਿਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ, ਜਿਸ ਦਾ ਅਨੁਮਾਨਤ ਨੁਕਸਾਨ ਕਰੀਬ 7 ਤੋਂ 8 ਲੱਖ ਰੁਪਏ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਮੱਲਾਂਵਾਲਾ ਪੁਲਸ ਸਹਾਇਕ ਥਾਣੇਦਾਰ ਦਰਸ਼ਨ ਲਾਲ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।


author

Babita

Content Editor

Related News