ਵੱਡੀ ਖ਼ਬਰ: ਜੋਗਿੰਦਰ ਸਿੰਘ ਮਾਨ ਨੇ ਛੱਡੀ ਕਾਂਗਰਸ, ਤੋੜਿਆ 50 ਸਾਲ ਪੁਰਾਣਾ ਨਾਤਾ

Friday, Jan 14, 2022 - 06:11 PM (IST)

ਵੱਡੀ ਖ਼ਬਰ: ਜੋਗਿੰਦਰ ਸਿੰਘ ਮਾਨ ਨੇ ਛੱਡੀ ਕਾਂਗਰਸ, ਤੋੜਿਆ 50 ਸਾਲ ਪੁਰਾਣਾ ਨਾਤਾ

ਫਗਵਾੜਾ (ਜਲੋਟਾ)- ਸੂਬੇ ਵਿੱਚ ਕਾਂਗਰਸ ਪਾਰਟੀ ਦੇ ਅਨੁਸੂਚਿਤ ਜਾਤੀ ਨਾਲ ਸਬੰਧਤ ਵੱਡੇ ਚਿਹਰੇ ਅਤੇ ਸਾਬਕਾ ਮੰਤਰੀ ਪੰਜਾਬ ਜੋਗਿੰਦਰ ਸਿੰਘ ਮਾਨ ਨੇ ਅੱਜ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ (ਕੈਬਨਿਟ ਰੈਂਕ) ਦੇ ਚੇਅਰਮੈਨ ਦੇ ਅਹੁਦੇ ਤੋਂ ਵੀ ਅਸਤੀਫ਼ਾ ਦੇ ਦਿੱਤਾ ਹੈ, ਜਿਸ ਨਾਲ ਉਨ੍ਹਾਂ ਦਾ ਕਾਂਗਰਸ ਨਾਲ 50 ਸਾਲ ਪੁਰਾਣਾ ਰਿਸ਼ਤਾ ਟੁੱਟ ਗਿਆ ਹੈ। ਸੋਨੀਆ ਗਾਂਧੀ ਨੂੰ ਲਿਖੇ ਭਾਵੁਕ ਪੱਤਰ ਵਿੱਚ ਫਗਵਾੜਾ ਤੋਂ ਤਿੰਨ ਵਾਰ ਵਿਧਾਇਕ, ਸਵ. ਬੇਅੰਤ ਸਿੰਘ, ਸਵ. ਐੱਚ. ਐੱਸ. ਬਰਾੜ, ਰਜਿੰਦਰ ਕੌਰ ਭੱਠਲ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀ ਮੰਡਲ ਵਿੱਚ ਮੰਤਰੀ ਰਹਿ ਚੁੱਕੇ ਜੋਗਿੰਦਰ ਸਿੰਘ ਮਾਨ ਨੇ ਕਿਹਾ ਮੇਰਾ ਸੁਫ਼ਨਾ ਸੀ ਕਿ ਜਦੋਂ ਮੈਂ ਮਰਾਂਗਾ ਤਾਂ ਟਕਸਾਲੀ ਕਾਂਗਰਸੀ ਹੋਣ ਕਰਨ ਮੇਰਾ ਸਰੀਰ ਤਿਰੰਗੇ ਵਿੱਚ ਲਪੇਟਿਆ ਜਾਵੇਗਾ ਪਰ ਕਾਂਗਰਸ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਦੋਸ਼ੀਆਂ ਦੀ ਸਰਪ੍ਰਸਤੀ ਨਾਲ ਮੇਰੀ ਜ਼ਮੀਰ ਮੈਨੂੰ ਇਸ ਪਾਰਟੀ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਦਿੰਦੀ।

ਇਹ ਵੀ ਪੜ੍ਹੋ:  ਪੰਜਾਬ ’ਚ ਯੈਲੋ ਅਲਰਟ, ਜਾਣੋ ਅਗਲੇ 48 ਘੰਟਿਆਂ ਤੱਕ ਪੰਜਾਬ ਦੇ ਮੌਸਮ ਦਾ ਹਾਲ

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਅਤੇ ਹੋਰਾਂ ਵਰਗੇ ਮਹਾਰਾਜੇ, ਜਾਗੀਰਦਾਰ, ਪੈਸੇ ਵਾਲੇ ਅਤੇ ਮੌਕਾਪ੍ਰਸਤ ਆਗੂ ਨਿੱਜੀ ਹਿੱਤਾਂ ਲਈ ਪਾਰਟੀ ਵਿੱਚ ਆਏ ਸਨ, ਜਿਸ ਕਾਰਨ ਪਾਰਟੀ ਆਪਣੀਆਂ ਮੂਲ ਕਦਰਾਂ-ਕੀਮਤਾਂ ਤੋਂ ਦੂਰ ਹੋ ਗਈ ਹੈ ਅਤੇ ਸਿਰਫ਼ ਚੋਣਾਂ ਲੜਨ ਵੱਲ ਅਤੇ ਰਾਜ ਸ਼ਕਤੀ ਪ੍ਰਾਪਤ ਕਰਨ ਵੱਲ ਹੀ ਧਿਆਨ ਕੇਂਦਰਿਤ ਰਹਿ ਗਿਆ ਹੈ।  ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਉਨ੍ਹਾਂ ਦੀ ਰਾਤਾਂ ਬੇਚੈਨੀ ਨਾਲ ਲੰਘ ਰਹੀਆਂ ਹਨ, ਆਪਣਾ ਅੰਦਰ ਲਾਹਨਤਾਂ ਪਾ ਰਿਹਾ ਹੈ ਕਿ ਮੈਂ ਉਨ੍ਹਾਂ ਲੱਖਾਂ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਜਿਨ੍ਹਾਂ ਦਾ ਕਰੀਅਰ ਰਸੂਖਵਾਨਾਂ ਵੱਲੋਂ ਸਕਾਲਰਸ਼ਿੱਪ ਦੇ ਪੈਸੇ ਹੜੱਪਣ ਕਾਰਨ ਬਰਬਾਦ ਹੋ ਗਿਆ ਹੈ, ਦੇ ਹਿੱਤਾਂ 'ਤੇ ਪਹਿਰਾ ਦੇਣ 'ਚ ਨਾਕਾਮ ਰਿਹਾ ਹਾਂ। ਮੈਨੂੰ ਇਹ ਜਾਪ ਰਿਹਾ ਹੈ ਕਿ ਅਜਿਹੇ ਲੋਕ ਸੱਤਾਧਾਰੀਆਂ ਦੀ ਗੋਦ ਚ ਬੈਠ ਕੇ ਇਨ੍ਹਾਂ ਗਰੀਬ ਵਿਦਿਆਰਥੀਆਂ ਦੀ ਹੋਣੀ ਤੇ ਹੱਸ ਰਹੇ ਹਨ ਅਤੇ ਕਾਂਗਰਸ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਬਜਾਏ, ਉਨ੍ਹਾਂ ਨੂੰ ਪਨਾਹ ਦੇ ਰਹੀ ਹੈ ਅਤੇ ਕੈਬਨਿਟ ਦਾ ਤਾਜ਼ਾ ਫ਼ੈਸਲਾ ਇਸ ਵੱਲ ਪੁਸ਼ਤ ਪਨਾਹੀ ਵੱਲ ਸਪੱਸ਼ਟ ਇਸ਼ਾਰਾ ਕਰਦਾ ਹੈ।

ਇਹ ਵੀ ਪੜ੍ਹੋ: ਅਹਿਮ ਖ਼ਬਰ: ਰਾਧਾ ਸੁਆਮੀ ਸਤਿਸੰਗ ਘਰਾਂ ’ਚ ਹੋਣ ਵਾਲੇ ਹਫ਼ਤਾਵਾਰੀ ਸਤਿਸੰਗ ਮੁਲਤਵੀ

 ਉਨ੍ਹਾਂ ਭਰੇ ਮਨ ਨਾਲ ਕਿਹ ਕਿ ਇਹ ਉਹੀ ਪਾਰਟੀ ਨਹੀਂ ਹੈ, ਜਿਸ ਦੀ ਆਗੂ ਮਰਹੂਮ ਇੰਦਰਾ ਗਾਂਧੀ ਬੇਲਚੀ (ਬਿਹਾਰ) ਵਿੱਚ ਮਾਰੇ ਗਏ ਐੱਸ. ਸੀ. ਭਾਈਚਾਰੇ ਦੇ ਮੈਂਬਰਾਂ ਦੀ ਮੌਤ ਦੇ ਸੋਗ ਲਈ, ਕੋਈ ਹੋਰ ਵਾਹਨ ਉਪਲੱਬਧ ਨਾ ਹੋਣ ਕਾਰਨ, ਹਾਥੀ ਉੱਤੇ ਸਵਾਰ ਹੋ ਕੇ, ਹਾਅ ਦਾ ਨਾਅਰਾ ਮਾਰਨ ਗਏ ਸਨ ਪਰ ਅੱਜ ਕਾਂਗਰਸ ਦੇ ਨੇਤਾਵਾਂ ਦੇ ਹੱਥ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੇ ਅਰਮਾਨਾਂ ਦੇ ਖੂਨ ਨਾਲ ਰੰਗੇ ਹੋਏ ਹਨ, ਜਿਨ੍ਹਾਂ ਦਾ ਕਰੀਅਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਕਾਰਨ ਬਰਬਾਦ ਹੋ ਗਿਆ ਹੈ। ਫ਼ਗਵਾੜਾ ਨੂੰ ਆਪਣੀ ਹੀ ਸਰਕਾਰ ਵਿਚ ਜ਼ਿਲ੍ਹਾ ਨਾ ਬਣਵਾ ਸਕਣ ਦਾ ਆਪਣੇ ਪਾਰਟੀ ਛੱਡਣ ਦਾ ਇਕ ਹੋਰ ਕਾਰਨ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਫਗਵਾੜਾ ਦੇ ਵਸਨੀਕਾਂ ਨੂੰ ਜ਼ਿਲ੍ਹਾ ਹੈੱਡਕੁਆਰਟਰ 'ਤੇ ਆਪਣੇ ਪ੍ਰਸ਼ਾਸਨਿਕ ਕੰਮ ਕਰਵਾਉਣ ਲਈ ਕਰੀਬ 40 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਕਪੂਰਥਲਾ ਜਾਣਾ ਪੈਂਦਾ ਹੈ, ਇਸ ਲਈ ਉਹ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੱਕ ਦੇ ਤਰਲੇ ਕੱਢ ਕੱਢ ਥੱਕ ਗਏ ਹਨ ਪਰ ਇਸ ਵੱਲ ਕੋਈ ਧਿਆਨ ਦੇਣ ਦੀ ਬਜਾਏ, ਉਨ੍ਹਾਂ ਨੇ ਫਗਵਾੜਾ ਵਾਸੀਆਂ ਦੀ ਇਸ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰਕੇ ਲੋਕਾਂ ਦੀਆਂ ਭਾਵਨਾਵਾਂ ਅਤੇ ਇੱਛਾਵਾਂ ਦਾ ਅਪਮਾਨ ਕੀਤਾ ਹੈ। 
ਉਨ੍ਹਾਂ ਕਿਹਾ ਕਿ ਜੇਕਰ ਹੁਣ ਪਾਰਟੀ ਅਤੇ ਇਸ ਦੇ ਆਗੂ ਉਨ੍ਹਾਂ ਦੀ ਮੰਗ ਨੂੰ ਪੂਰਾ ਕਰਨ ਵਿੱਚ ਦਿਲਚਸਪੀ ਨਹੀਂ ਰੱਖਦੇ ਤਾਂ ਮੇਰੇ ਕੋਲ ਇਸ ਪਾਰਟੀ ਵਿੱਚ ਰਹਿਣ ਦਾ ਵੀ ਕੋਈ ਤਰਕ ਨਹੀਂ ਹੈ। ਮਾਨ ਨੇ ਇਹ ਵੀ ਦੱਸਿਆ ਕਿ ਪਿਛਲੇ ਕੁਝ ਸਾਲਾਂ ਤੋਂ ਪਾਰਟੀ ਵਾਲਮੀਕਿ/ਮਜ਼੍ਹਬੀ ਸਿੱਖ ਭਾਈਚਾਰੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੀ ਆ ਰਹੀ ਹੈ ਅਤੇ ਪਾਰਟੀ ਨੇ ਹਮੇਸ਼ਾਂ ਹੀ ਭਾਈਚਾਰੇ ਦੀ ਭਲਾਈ ਨੂੰ ਯਕੀਨੀ ਬਣਾਉਣ ਅਤੇ ਇਸ ਨੂੰ ਬਣਦੀ ਨੁਮਾਇੰਦਗੀ ਦੇਣ ਦੀ ਪ੍ਰਵਾਹ ਕੀਤੇ ਬਿਨਾਂ, ਸਿਰਫ਼ ਵੋਟ ਬੈਂਕ ਵਜੋਂ ਵਰਤਿਆ ਹੈ। 

ਇਹ ਵੀ ਪੜ੍ਹੋ: ਲੋਹੜੀ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਭੁਲੱਥ ਦੇ 2 ਨੌਜਵਾਨਾਂ ਦੀ ਅਮਰੀਕਾ 'ਚ ਸੜਕ ਹਾਦਸੇ ਦੌਰਾਨ ਮੌਤ

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਪੰਜਾਬ ਦੇ ਇਤਿਹਾਸ ਵਿੱਚ ਸ਼ਾਇਦ ਪਹਿਲੀ ਸਰਕਾਰ ਹੈ ਜਿਸ ਵਿੱਚ ਕੋਈ ਵੀ ਵਾਲਮੀਕਿ/ਮਜ਼੍ਹਬੀ ਸਿੱਖ ਮੰਤਰੀ ਨਹੀਂ ਸੀ, ਬਾਵਜੂਦ ਇਸ ਤੱਥ ਦੇ ਕਿ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਵੀ ਦੋ ਸਾਲਾਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਇਕ ਅਹੁਦਾ ਖ਼ਾਲੀ ਸੀ ਪਰ ਪਾਰਟੀ ਨੇ ਇਸ ਭਾਈਚਾਰੇ ਪ੍ਰਤੀਨਿਧਤਾ ਦੇਣ ਦੀ ਬਜਾਏ ਭਾਈਚਾਰੇ ਦੇ ਲੱਖਾਂ ਭਰਾਵਾਂ ਦਾ ਬਹੁਤ ਵੱਡਾ ਅਪਮਾਨ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਇਸ ਬਰਾਦਰੀ ਤੋਂ ਕਾਂਗਰਸ ਦੇ ਆਖਰੀ ਰਾਜ ਸਭਾ ਮੈਂਬਰ 1990 ਦੇ ਦਹਾਕੇ ਵਿੱਚ ਸਨ ਅਤੇ ਪਾਰਟੀ ਵੱਲੋਂ ਭਾਈਚਾਰੇ ਨੂੰ ਆਖ਼ਰੀ ਵਾਰ ਲੋਕ ਸਭਾ ਟਿਕਟ 2004 ਵਿੱਚ ਦਿੱਤੀ ਗਈ ਸੀ।

ਉਨ੍ਹਾਂ ਕਿਹਾ ਕਿ ਮਹਾਰਾਜਿਆਂ, ਜਾਗੀਰਦਾਰਾਂ, ਪੈਸੇ ਵਾਲੇ, ਮੌਕਾਪ੍ਰਸਤਾਂ ਅਤੇ ਹੋਰਾਂ ਦੇ ਦਬਦਬੇ ਦੇ ਨਾਲ-ਨਾਲ, ਇਨ੍ਹਾਂ ਕਾਰਨਾਂ ਨੇ ਹੁਣ ਉਨ੍ਹਾਂ ਨੂੰ ਉਸ ਪਾਰਟੀ ਨੂੰ ਛੱਡਣ ਲਈ ਮਜ਼ਬੂਰ ਕਰ ਦਿੱਤਾ ਹੈ, ਜਿਸ ਦੀ ਉਨ੍ਹਾਂ ਨੇ ਪਿਛਲੇ 50 ਸਾਲਾਂ ਦੌਰਾਨ ਖੂਨ -ਪਸੀਨੇ ਅਤੇ ਮਿਹਨਤ ਨਿਰਸਵਾਰਥ ਭਾਵ ਨਾਲ ਸੇਵਾ ਕੀਤੀ ਸੀ। ਉਨ੍ਹਾਂ ਕਿਹਾ ਕਿ ਕਦੇ ਉਹ ਵੀ ਹਾਲਾਤ ਸਨ ਜਦੋਂ ਪੰਜਾਬ ਵਿੱਚ ਕਾਂਗਰਸ ਦਾ ਕੋਈ ਨਾਮ ਲੈਣ ਨੂੰ ਤਿਆਰ ਨਹੀਂ ਸੀ ਪਰ ਉਨ੍ਹਾਂ ਉਸ ਕਾਲੇ ਸਮੇਂ ਦੌਰਾਨ ਵੀ ਆਪਣੇ ਪਰਿਵਾਰ ਦੇ ਅੱਠ ਮੈਂਬਰ ਗੁਆ ਦਿੱਤੇ ਸਨ ਪਰ ਪਾਰਟੀ ਪ੍ਰਤੀ ਵਫਾਦਾਰੀ ਨਹੀਂ ਸੀ ਛੱਡੀ। ਉਨ੍ਹਾਂ ਕਿਹਾ ਕਿ ਮੈਂ 5 ਦਹਾਕਿਆਂ ਤੱਕ ਪਾਰਟੀ ਦਾ ਵਫ਼ਾਦਾਰ ਸਿਪਾਹੀ ਰਿਹਾ ਪਰ ਜ਼ਾਹਰ ਹੈ ਕਿ ਹੁਣ ਪਾਰਟੀ ਨੂੰ ਸਾਡੀ ਲੋੜ ਨਹੀਂ ਰਹੀ, ਇਸ ਲਈ ਸਾਡੀ ਵਫ਼ਾਦਾਰੀ ਨੂੰ ਸਾਡੀ ਕਮਜ਼ੋਰੀ ਮੰਨਿਆ ਜਾਂਦਾ ਹੈ ਪਰ ਅਜਿਹਾ ਨਹੀਂ ਹੈ ਕਿਉਂਕਿ ਉਹ ਫਗਵਾੜਾ ਵਾਸੀਆਂ ਅਤੇ ਖਾਸ ਤੌਰ 'ਤੇ ਕਾਂਗਰਸ ਤੋਂ ਬਿਨਾਂ ਵੀ ਕਮਜ਼ੋਰ ਅਤੇ ਪਛੜੇ ਵਰਗਾਂ ਲਈ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹਨ।

ਇਹ ਵੀ ਪੜ੍ਹੋ: ਜਲੰਧਰ: ਲੋਹੜੀ ਵਾਲੇ ਦਿਨ ਉਜੜਿਆ ਘਰ, ਭੰਗੜਾ ਕਲਾਕਾਰ ਦੀ ਰੇਲਵੇ ਟਰੈਕ ਤੋਂ ਮਿਲੀ ਲਾਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News