ਮੁੱਖ ਮੰਤਰੀ ਕੈਪਟਨ ਨੇ ਟਵੀਟ ਰਾਹੀਂ ਸਾਬਕਾ ਮੰਤਰੀ ਗੁਰਨਾਮ ਸਿੰਘ ਦੇ ਦੇਹਾਂਤ ''ਤੇ ਜਤਾਇਆ ਦੁੱਖ

Wednesday, Mar 24, 2021 - 01:41 AM (IST)

ਸ੍ਰੀ ਮੁਕਤਸਰ ਸਾਹਿਬ (ਇੰਟ.)- ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਜਗਪਾਲ ਸਿੰਘ ਅਬੁਲ ਖੁਰਾਣਾ ਦੇ ਪਿਤਾ ਅਤੇ ਸਾਬਕਾ ਸਿੰਚਾਈ ਮੰਤਰੀ ਗੁਰਨਾਮ ਸਿੰਘ ਅਬੁਲ ਖੁਰਾਣਾ ਦਾ ਮੰਗਲਵਾਰ ਦੇਹਾਂਤ ਹੋ ਗਿਆ। 90 ਸਾਲ ਦੇ ਗੁਰਨਾਮ ਸਿੰਘ ਲੰਬੇ ਸਮੇਂ ਤੋਂ ਬੀਮਾਰ ਸਨ। ਸਾਬਕਾ ਸਿੰਚਾਈ ਮੰਤਰੀ ਗੁਰਨਾਮ ਸਿੰਘ ਅਬੁਲ ਖੁਰਾਣਾ ਨੇ ਚੰਡੀਗੜ੍ਹ ਸਥਿਤ ਆਪਣੇ ਘਰ ਵਿਚ ਆਖਰੀ ਸਾਹ ਲਿਆ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਨਾਮ ਸਿੰਘ ਅਬੁਲ ਖੁਰਾਣਾ ਦੇ ਦੇਹਾਂਤ 'ਤੇ ਡੂੰਘਾ ਦੁੱਖ ਪ੍ਰਗਟਾਇਆ। ਆਪਣੇ ਸ਼ੋਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਗੁਰਨਾਮ ਸਿਂਘ ਅਬੁਲ ਖੁਰਾਣਾ ਨੂੰ ਇਕ ਸੱਜਨ ਰਾਜਨੇਤਾ ਅਤੇ ਲੋਕਾਂ ਦਾ ਨੇਤਾ ਦੱਸਿਆ। ਜਿਨ੍ਹਾਂ ਗਰਬ ਵਰਗ ਦੇ ਲੋਕਾਂ ਦੀ ਭਲਾਈ ਅਤੇ ਮਾਲਵਾ ਖੇਤਰ ਦੇ ਸਰਬਪੱਖੀ ਵਿਕਾਸ ਲਈ ਹਮੇਸ਼ਾ ਕੰਮ ਕੀਤਾ।
ਕੈਪਟਨ ਨੇ ਕਿਹਾ ਕਿ ਅਬੁਲ ਖੁਰਾਣਾ ਸਥਾਨਕ ਲੋਕਾਂ ਦੇ ਨਾਲ ਜ਼ਮੀਨੀ ਪੱਧਰ 'ਤੇ ਜੁੜੇ ਹੋਣ ਕਾਰਣ ਮਾਲਵਾ ਬੈਲਟ ਵਿਚ ਹਮੇਸ਼ਾ ਯਾਦ ਕੀਤੇ ਜਾਣਗੇ। ਉਨ੍ਹਾਂ ਦੇ ਦੇਹਾਂਤ ਨਾਲ ਸਿਆਸੀ ਖੇਤਰ ਵਿਚ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸ਼ੋਕਗ੍ਰਸਤ ਪਰਿਵਾਰ, ਰਿਸ਼ਤੇਦਾਰਾਂ ਅਤੇ ਸ਼ੁਭਚਿੰਤਕਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਮੁੱਖ ਮੰਤਰੀ ਨੇ ਸਵਰਗੀ ਆਤਮਾ ਦੀ ਸ਼ਾਂਤੀ ਅਤੇ ਪਰਿਵਾਰ ਨੂੰ ਰੱਬੀ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ।
ਜ਼ਿਕਰਯੋਗ ਹੈ ਕਿ ਗੁਰਨਾਮ ਸਿੰਘ ਅਬੁਲ ਦਾ ਅੰਤਿਮ ਸੰਸਕਾਰ 24 ਮਾਰਚ ਨੂੰ ਉਨ੍ਹਾਂ ਦੇ ਪਿੰਡ ਅਬੁਲ ਖੁਰਾਣਾ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਹੋਵੇਗਾ। ਗੁਰਨਾਮ ਸਿੰਘ ਅਬੁਲ ਖੁਰਾਣਾ 1992 ਤੋਂ 1997 ਤੱਕ ਲੰਬੀ ਤੋਂ ਵਿਧਾਇਕ ਅਤੇ ਪੰਚਾਇਤ ਮੰਤਰੀ ਰਹੇ ਹਨ। ਸਾਬਕਾ ਸਿੰਚਾਈ ਮੰਤਰੀ ਗੁਰਨਾਮ ਸਿੰਘ ਅਬੁਲ ਦੇ ਦੇਹਾਂਤ 'ਤੇ ਪੰਜਾਬ ਦੇ ਸਾਰੇ ਦਫਤਰਾਂ ਵਿਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ।


Sunny Mehra

Content Editor

Related News