ਮੋਦੀ ਤਾਨਾਸ਼ਾਹ ਰਹੇ, ਇਹੋ ਨੀਤੀ ਉਨ੍ਹਾਂ ਦੇ ਪਤਨ ਦਾ ਚੋਣਾਂ ''ਚ ਕਾਰਨ ਬਣੇਗੀ : ਵੀਰਭੱਦਰ ਸਿੰਘ
Sunday, Apr 14, 2019 - 09:35 AM (IST)
ਜਲੰਧਰ—ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਨੂੰ ਸਿਆਸਤ ਦਾ ਵਿਆਪਕ ਤਜਰਬਾ ਪ੍ਰਾਪਤ ਹੈ। ਵੀਰਭੱਦਰ ਸਿੰਘ 1962 'ਚ ਸਿਆਸਤ 'ਚ ਆਏ ਅਤੇ 1982 'ਚ ਪਹਿਲੀ ਵਾਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ। ਉਸ ਦੇ ਬਾਅਦ ਉਹ ਲਗਾਤਾਰ 6 ਵਾਰ ਹਿਮਾਚਲ ਦੇ ਮੁੱਖ ਮੰਤਰੀ ਬਣੇ ਅਤੇ 5 ਵਾਰ ਸੰਸਦ ਮੈਂਬਰ ਬਣ ਕੇ ਕੇਂਦਰੀ ਸਿਆਸਤ 'ਚ ਵੀ ਗਏ। 1962, 1967, 1972, 1980 ਅਤੇ 2009 'ਚ ਉਹ ਹਿਮਾਚਲ ਤੋਂ ਸੰਸਦ ਮੈਂਬਰ ਚੁਣੇ ਗਏ। ਉਨ੍ਹਾਂ ਦੀ ਪਤਨੀ ਪ੍ਰਤਿਭਾ ਸਿੰਘ ਨੇ ਵੀ ਮੰਡੀ ਲੋਕ ਸਭਾ ਸੀਟ ਦੀ ਸੰਸਦ 'ਚ ਅਗਵਾਈ ਕੀਤੀ। ਪਿਛਲੀ ਵਾਰ ਵੀਰਭੱਦਰ ਸਿੰਘ 25 ਦਸੰਬਰ 2012 ਤੋਂ 27 ਦਸੰਬਰ 2017 ਤੱਕ ਹਿਮਾਚਲ ਦੇ ਮੁੱਖ ਮੰਤਰੀ ਅਹੁਦੇ 'ਤੇ ਰਹੇ। ਹੁਣ ਵੀਰਭੱਦਰ ਸਿੰਘ ਨੇ ਹਿਮਾਚਲ ਪ੍ਰਦੇਸ਼ 'ਚ ਦੁਬਾਰਾ ਸਰਗਰਮ ਹੋ ਕੇ ਕਾਂਗਰਸ ਨੂੰ ਮਜ਼ਬੂਤੀ ਦੇਣ ਦੀ ਮੁਹਿੰਮ ਆਪਣੇ ਮੋਢਿਆਂ 'ਤੇ ਲੈ ਲਈ ਹੈ। ਅੱਜ ਵੀਰਭੱਦਰ ਸਿੰਘ ਤੋਂ ਦੇਸ਼ ਤੇ ਹਿਮਾਚਲ ਪ੍ਰਦੇਸ਼ ਦੀ ਸਿਆਸਤ ਨੂੰ ਲੈ ਕੇ ਅਹਿਮ ਸਵਾਲ-ਜਵਾਬ ਕੀਤੇ ਗਏ ਜਿਨ੍ਹਾਂ ਦੇ ਹੇਠ ਲਿਖਤ ਅੰਸ਼ ਪੇਸ਼ ਹਨ-
ਸਵਾਲ : ਲੋਕ ਸਭਾ ਚੋਣਾਂ ਸ਼ੁਰੂ ਹੋ ਚੁੱਕੀਆਂ ਹਨ। ਤੁਹਾਡੇ ਮੁਤਾਬਕ ਕੇਂਦਰ 'ਚ ਕਿਹੇ ਜਿਹੀ ਸਰਕਾਰ ਬਣਨ ਜਾ ਰਹੀ ਹੈ?
ਜਵਾਬ : ਮੇਰੇ ਵਿਚਾਰ ਨਾਲ ਕੇਂਦਰ 'ਚ ਇਸ ਵਾਰ ਮਿਲੀਜੁਲੀ ਸਰਕਾਰ ਬਣੇਗੀ। ਭਾਜਪਾ ਦੀ ਸਰਕਾਰ ਦਾ ਹੋਂਦ ਖਤਰੇ 'ਚ ਦਿਖਾਈ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਚੋਣ ਨਤੀਜੇ ਵੱਖਰੇ-ਵੱਖਰੇ ਰਹਿਣ ਦਾ ਅਨੁਮਾਨ ਹੈ।
ਸਵਾਲ : ਤੁਸੀਂ ਕੇਂਦਰ 'ਚ ਮੋਦੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਮੁਲਾਂਕਣ ਕਰਦੇ ਹੋ?
ਜਵਾਬ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੀ ਤਰ੍ਹਾਂ ਨਾਲ ਤਾਨਾਸ਼ਾਹ ਰਹੇ। ਉਨ੍ਹਾਂ ਦੀ ਤਾਨਾਸ਼ਾਹੀ ਨੀਤੀ ਹੀ ਉਨ੍ਹਾਂ ਦੇ ਪਤਨ ਦਾ ਕਾਰਨ ਬਣੇਗੀ ਕਿਉਂਕਿ ਲੋਕਤੰੰਤਰ 'ਚ ਸਾਰਿਆਂ ਨੂੰ ਨਾਲ ਲੈ ਕੇ ਤੁਰਨਾ ਪੈਂਦਾ ਹੈ ਜਦਕਿ ਮੋਦੀ ਨੇ ਆਪਣੇ ਫੈਸਲਿਆਂ ਨੂੰ ਆਪਣੇ ਮੰਤਰੀਆਂ ਅਤੇ ਦੇਸ਼ ਦੀ ਜਨਤਾ 'ਤੇ ਥੋਪਣ ਦੀ ਕੋਸ਼ਿਸ਼ ਕੀਤੀ।
ਸਵਾਲ : ਤੁਹਾਡੇ ਮੁਤਾਬਕ ਭਾਜਪਾ ਲੋਕ ਸਭਾ ਚੋਣਾਂ 'ਚ ਕਿੰਨੀਆਂ ਸੀਟਾਂ ਲੈ ਸਕਦੀ ਹੈ?
ਜਵਾਬ : ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਮੈਨੂੰ ਸ਼ੱਕ ਹੈ ਕਿ ਉਹ ਇਸ ਵਾਰ 180 ਦਾ ਅੰਕੜਾ ਪਾਰ ਕਰ ਸਕੇਗੀ। ਦੇਸ਼ ਦੀ ਜਨਤਾ ਮੋਦੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਖਫਾ ਹੈ। ਉਸ ਨੂੰ ਜਵਾਬ ਦੇਣ ਦਾ ਸਮਾਂ ਆ ਗਿਆ ਹੈ।
ਸਵਾਲ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪਿਛਲੇ ਕੁਝ ਸਮੇਂ ਮੋਦੀ ਸਰਕਾਰ ਦੇ ਖਿਲਾਫ ਬਹੁਤ ਹਮਲਾਵਰ ਰਵੱਈਆ ਅਪਣਾਇਆ ਹੋਇਆ ਹੈ।
ਜਵਾਬ : ਰਾਹੁਲ ਗਾਂਧੀ ਨੇ ਪਿਛਲੇ 2 ਸਾਲਾਂ 'ਚ ਕਾਂਗਰਸ ਨੂੰ ਮਜ਼ਬੂਤੀ ਦੇਣ ਲਈ ਬਹੁਤ ਮਿਹਨਤ ਕੀਤੀ ਹੈ। ਕਾਂਗਰਸ ਮਜ਼ਬੂਤੀ ਨਾਲ ਜਨਤਾ ਦੀਆਂ ਸਮੱਸਿਆਵਾਂ ਨੂੰ ਉਭਾਰਨ 'ਚ ਸਫਲ ਰਹੀ। ਰਾਹੁਲ ਗਾਂਧੀ ਨੇ ਰਾਫੇਲ ਘਪਲੇ ਸਮੇਤ ਕਈ ਖਾਮੀਆਂ ਨੂੰ ਉਜਾਗਰ ਕੀਤਾ। ਦੇਸ਼ ਦੀ ਜਨਤਾ ਦਾ ਭਰੋਸਾ ਰਾਹੁਲ ਗਾਂਧੀ 'ਚ ਵਧਿਆ ਹੈ।
ਸਵਾਲ : ਰਾਹੁਲ ਗਾਂਧੀ ਦੀ ਭੈਣ ਪ੍ਰਿਯੰਕਾ ਗਾਂਧੀ ਵੀ ਸਿਆਸਤ 'ਚ ਆ ਗਈ ਹੈ। ਇਸ ਦਾ ਚੋਣਾਂ 'ਚ ਕੀ ਅਸਰ ਪਵੇਗਾ?
ਜਵਾਬ : ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਦੀ ਜੋੜੀ ਕਾਂਗਰਸ ਲਈ ਵਰਦਾਨ ਸਿੱਧ ਹੋਵੇਗੀ। ਲੋਕ ਸਭਾ ਚੋਣਾਂ 'ਚ ਨੌਜਵਾਨ ਵੋਟਰ ਕਾਂਗਰਸ ਦੇ ਪੱਖ 'ਚ ਸਾਹਮਣੇ ਆ ਰਹੇ ਹਨ। ਪ੍ਰਿਯੰਕਾ ਗਾਂਧੀ ਨੇ ਉੱਤਰ ਪ੍ਰਦੇਸ਼ 'ਚ ਪਾਰਟੀ ਨੂੰ ਚੰਗੀ ਅਗਵਾਈ ਦਿੱਤੀ ਹੈ ਅਤੇ ਇਸਨੂੰ ਦੇਖਦੇ ਹੋਏ ਲਗਦਾ ਹੈ ਕਿ ਕਾਂਗਰਸ ਦੀਆਂ ਸੀਟਾਂ 'ਚ ਵੀ ਇਸ ਵਾਰ ਪ੍ਰਿਯੰਕਾ ਦੇ ਕਾਰਨ ਵਾਧਾ ਹੋਵੇਗਾ।
ਸਵਾਲ : ਮੋਦੀ ਵਿਰੋਧੀ ਦਲਾਂ ਖਾਸ ਤੌਰ 'ਤੇ ਕਾਂਗਰਸ ਵੱਲੋਂ ਚੁੱਕੇ ਗਏ ਮਸਲਿਆਂ ਤੋਂ ਦੌੜਦੇ ਰਹੇ ਹਨ?
ਜਵਾਬ : ਪ੍ਰਧਾਨ ਮੰਤਰੀ ਮੋਦੀ ਨੇ ਕਦੇ ਵੀ ਕਾਂਗਰਸ ਵਲੋਂ ਚੁੱਕੇ ਗਏ ਸਵਾਲਾਂ ਦੇ ਜਵਾਬ ਸਹੀ ਢੰਗ ਨਾਲ ਦਿੱਤੇ। ਕਾਂਗਰਸ ਇਸਦੇ ਬਾਵਜੂਦ ਜਨਤਾ 'ਚ ਆਪਣਾ ਭਰੋਸਾ ਬਣਾਉਣ 'ਚ ਕਾਮਯਾਬ ਹੋਈ। ਮੇਰਾ ਸਿਆਸੀ ਤਜਰਬਾ ਦੱਸਦਾ ਹੈ ਕਿ ਕਾਂਗਰਸ ਨੂੰ ਜਿਸ ਤਰ੍ਹਾਂ ਨਾਲ ਇਲੈਕਟ੍ਰੋਨਿਕ ਚੈਨਲ ਘੱਟ ਦੱਸ ਰਹੇ ਹਨ ਉਨ੍ਹਾਂ ਦਾ ਅੰਦਾਜ਼ਾ ਬਿਲਕੁਲ ਗਲਤ ਨਿਕਲੇਗਾ। ਕਾਂਗਰਸ ਹੈਰਾਨੀਜਨਕ ਨਤੀਜੇ ਪੇਸ਼ ਕਰਨ 'ਚ ਕਾਮਯਾਬ ਰਹੇਗੀ।
ਸਵਾਲ : ਪ੍ਰਧਾਨ ਮੰਤਰੀ 'ਤੇ ਦੋਸ਼ ਲੱਗਦੇ ਰਹੇ ਹਨ ਕਿ ਉਨ੍ਹਾਂ ਨੇ ਕੇਂਦਰੀ ਏਜੰਸੀਆਂ ਦੀ ਪੰਜ ਸਾਲਾਂ 'ਚ ਵੱਡੇ ਪੈਮਾਨੇ 'ਤੇ ਦੁਰਵਰਤੋਂ ਕੀਤੀ ਹੈ?
ਜਵਾਬ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਨਾਸ਼ਾਹ ਰਹੇ। ਮੋਦੀ ਨੇ ਕੇਂਦਰੀ ਏਜੰਸੀਆਂ ਸੀ. ਬੀ. ਆਈ. ਅਤੇ ਈ. ਡੀ. ਦਾ ਰੱਜਕੇ ਆਪਣੇ ਸਿਸਾਈ ਵਿਰੋਧੀਆਂ ਦੇ ਖਿਲਾਫ ਦੁਰਵਰਤੋਂ ਕੀਤੀ। ਮੋਦੀ ਦੀਆਂ ਇਹੋ ਨੀਤੀਆਂ ਜਨਤਾ 'ਚ ਉਨ੍ਹਾਂ ਦੇ ਖਿਲਾਫ ਜਾ ਰਹੀਆਂ ਹਨ। ਮੋਦੀ ਨੇ ਕਾਂਗਰਸ ਨੇਤਾਵਾਂ ਨੂੰ ਰੱਜਕੇ ਨਿਸ਼ਾਨਾ ਬਣਾਇਆ ਪਰ ਜਿੰਨਾ ਮੋਦੀ ਨੇ ਆਪਣੇ ਵਿਰੋਧੀਆਂ ਨੂੰ ਤੰਗ ਕੀਤਾ ਓਨਾ ਹੀ ਉਹ ਮਜ਼ਬੂਤ ਹੋ ਕੇ ਉਭਰੇ।
ਸਵਾਲ : ਹਿਮਾਚਲ ਪ੍ਰਦੇਸ਼ 'ਚ ਕਾਂਗਰਸ ਦੀ ਸਥਿਤੀ ਕਿਹੋ ਜਿਹੀ ਹੈ?
ਜਵਾਬ : ਕਾਂਗਰਸ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਮਿਲੀ ਹਾਰ ਨਾਲ ਉਭਰ ਚੁੱਕੀ ਹੈ। ਕਾਂਗਰਸ ਦਾ ਮਨੋਬਲ ਵਧਿਆ ਹੈ। ਮੈਂ ਹਿਮਾਚਲ ਪ੍ਰਦੇਸ਼ 'ਚ ਕਾਂਗਰਸ ਉਮੀਦਵਾਰਾਂ ਦੀ ਪੂਰੀ ਮਦਦ ਕਰਾਂਗਾ। ਮੈਨੂੰ ਪੂਰੀ ਉਮੀਦ ਹੈ ਕਿ ਅਸੀਂ 50 ਫੀਸਦੀ ਤੋਂ ਭਾਜਪਾ ਨੂੰ ਹਰਾਉਣ 'ਚ ਕਾਮਯਾਬ ਹੋ ਜਾਣਗੇ।
ਸਵਾਲ : ਹਿਮਾਚਲ 'ਚ ਕੀ ਕਾਂਗਰਸ ਉਮੀਦਵਾਰਾਂ ਦੀ ਚੋਣ ਠੀਕ ਰਹੀ ਹੈ?
ਜਵਾਬ : ਇਕ-ਦੋ ਸੀਟਾਂ ਨੂੰ ਛੱਡ ਕੇ ਕੁਲ ਮਿਲਾਕੇ ਕਾਂਗਰਸ ਉਮੀਦਵਾਰਾਂ ਦੀ ਚੋਣ ਠੀਕ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਉਮੀਦਵਾਰਾਂ ਦੀ ਚੋਣ ਕਰਦੇ ਸਮੇਂ ਅਜੇ ਕੁਝ ਹੋਰ ਡੂੰਘਾਈ 'ਚ ਜਾਣ ਦੀ ਲੋੜ ਹੈ।
ਸਵਾਲ : ਹਿਮਾਚਲ 'ਚ ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ਨੂੰ ਤੁਸੀਂ ਕਿਵੇਂ ਮੰਨਦੇ ਹੋ?
ਜਵਾਬ : ਹਿਮਾਚਲ 'ਚ ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ਤੋਂ ਜਨਤਾ ਸੰਤੁਸ਼ਟ ਨਹੀਂ ਹੈ। ਮੇਰੀ ਸਾਬਕਾ ਸਰਕਾਰ ਨੇ ਜਨਕਲਿਆਣ ਤੇ ਵਿਕਾਸ ਲਈ ਜਿੰਨੇ ਕੰਮ ਕੀਤੇ ਉਸਦਾ 10 ਫੀਸਦੀ ਵੀ ਭਾਜਪਾ ਸਰਕਾਰ ਕਰਨ 'ਚ ਕਾਮਯਾਬ ਨਹੀਂ ਹੋ ਸਕੀ। ਜਨਤਾ ਨੇ ਜਿਸ ਤਰ੍ਹਾਂ ਨਾਲ ਭਾਜਪਾ ਸਰਕਾਰ ਨੂੰ ਫਤਵਾ ਦਿੱਤਾ ਸੀ ਉਸ 'ਤੇ ਉਹ ਬੁਰੀ ਤਰ੍ਹਾਂ ਨਾਲ ਅਸਫਲ ਹੋ ਗਈ ਹੈ। ਕਾਂਗਰਸ ਹੌਲੀ-ਹੌਲੀ ਪ੍ਰਦੇਸ਼ ਦੀ ਸਿਆਸਤ 'ਚ ਫਿਰ ਤੋਂ ਹਾਵੀ ਹੋ ਰਹੀ ਹੈ।
ਸਵਾਲ : ਸੁਖਰਾਮ ਦੀ ਕਾਂਗਰਸ 'ਚ ਵਾਪਸੀ ਹੋ ਗਈ ਹੈ। ਤੁਸੀਂ ਇਸ ਨੂੰ ਕਿਸ ਤਰ੍ਹਾਂ ਲੈਂਦੇ ਹੋ?
ਜਵਾਬ : ਸੁਖਰਾਮ ਨਾਲ ਮੇਰੇ ਕੋਈ ਸਿਆਸੀ ਮਤਭੇਦ ਨਹੀਂ ਹਨ। ਉਨ੍ਹਾਂ ਦੇ ਪੋਤੇ ਨੂੰ ਮੰਡੀ ਲੋਕ ਸਭਾ ਸੀਟ ਤੋਂ ਟਿਕਟ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਿਆਸਤ 'ਚ ਕੋਈ ਕਿਸੇ ਦਾ ਹਮੇਸ਼ਾ ਲਈ ਦੁਸ਼ਮਣ ਜਾਂ ਮਿੱਤਰ ਨਹੀਂ ਹੁੰਦਾ ਹੈ। ਸਿਆਸੀ ਹਾਲਾਤ ਹੀ ਨੇਤਾਵਾਂ ਨੂੰ ਇਕ-ਦੂਸਰੇ ਦੇ ਨੇੜੇ ਤੇ ਦੂਰ ਲਿਆਉਂਦੇ ਹਨ।
ਸਵਾਲ : ਪਿਛਲੇ 5 ਸਾਲਾਂ 'ਚ ਦੇਸ਼ ਅੰਦਰ ਮਹਿੰਗਾਈ ਤੇ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਨਾਲ ਜਨਤਾ ਨੂੰ ਬਹੁਤ ਦੁੱਖ ਹੋਇਆ?
ਜਵਾਬ : ਮਹਿੰਗਾਈ 'ਤੇ ਭਾਜਪਾ ਸਰਕਾਰ ਰੋਕ ਲਗਾਉਣ 'ਚ ਅਸਫਲ ਰਹੀ ਹੈ। ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ 'ਤੇ ਵੀ ਸਰਕਾਰ ਕੰਟਰੋਲ ਨਹੀਂ ਰੱਖ ਸਕੀ। ਭਾਜਪਾ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਮਹਿੰਗਾਈ ਦੇ ਮੁੱਦੇ 'ਤੇ ਬਹੁਤ ਸ਼ੋਰ ਮਚਾਇਆ ਸੀ ਪਰ ਇਸ ਮਾਮਲੇ 'ਚ ਉਹ ਕੁਝ ਵੀ ਕਰਨ 'ਚ ਕਾਮਯਾਬ ਨਹੀਂ ਹੋਈ।
ਸਵਾਲ : ਲੋਕ ਸਭਾ ਚੋਣਾਂ 'ਚ ਕਿਹੜੇ-ਕਿਹੜੇ ਖੇਤਰਾਂ 'ਚ ਕਾਂਗਰਸ ਦੀ ਸਥਿਤੀ ਮਜ਼ਬੂਤ ਰਹੇਗੀ?
ਜਵਾਬ : ਉੱਤਰੀ ਭਾਰਤ ਅਤੇ ਦੱਖਣੀ ਭਾਰਤ 'ਚ ਕਾਂਗਰਸ ਮਜ਼ਬੂਤ ਸਥਿਤੀ 'ਚ ਹੈ। ਪੱਛਮੀ ਭਾਰਤ 'ਚ ਵੀ ਕਾਂਗਰਸ ਦਾ ਪ੍ਰਦਰਸ਼ਨ ਚੰਗਾ ਰਹੇਗਾ। ਭਾਜਪਾ ਨੂੰ ਹਰੇਕ ਸੂਬੇ 'ਚ ਨੁਕਸਾਨ ਝੱਲਣਾ ਪਵੇਗਾ। ਉੱਤਰ ਭਾਰਤ ਦੇ ਲੋਕ ਤਾਂ ਕਾਂਗਰਸ ਨੂੰ ਜਿਤਾਉਣ ਦਾ ਮਨ ਬਣਾਈ ਬੈਠੇ ਹਨ।
ਸਵਾਲ : ਮੋਦੀ ਸਰਕਾਰ ਵਲੋਂ ਬਾਲਾਕੋਟ 'ਚ ਕੀਤੇ ਗਏ ਹਵਾਈ ਹਮਲੇ ਦਾ ਭਾਜਪਾ ਨੂੰ ਕਿੰਨਾ ਫਾਇਦਾ ਮਿਲੇਗਾ?
ਜਵਾਬ : ਮੋਦੀ ਸਰਕਾਰ ਨੂੰ ਪਤਾ ਸੀ ਕਿ ਭਾਜਪਾ ਦਾ ਪਤਨ ਵੱਡੀ ਤੇਜ਼ੀ ਨਾਲ ਹੋ ਰਿਹਾ ਹੈ। ਇਸਨੂੰ ਦੇਖਦੇ ਹੋਏ ਮੋਦੀ ਸਰਕਾਰ ਨੇ ਆਪਣੇ ਕਾਰਜਕਾਲ ਦੇ ਆਖਰੀ ਪੜਾਅ 'ਚ ਬਾਲਾਕੋਟ 'ਚ ਅੱਤਵਾਦੀ ਟਿਕਾਣਿਆਂ 'ਤੇ ਹਵਾਈ ਹਮਲਾ ਕੀਤਾ ਤਾਂ ਜੋ ਉਸਦਾ ਚੋਣਾਂ 'ਚ ਫਾਇਦਾ ਮਿਲ ਸਕੇ ਪਰ ਜਦੋਂ ਤੋਂ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ ਓਦੋਂ ਤੋਂ ਅਸਲੀ ਮੁੱਦੇ ਜਨਤਾ ਦੇ ਸਾਹਮਣੇ ਆ ਗਏ ਹਨ।
ਸਵਾਲ : ਕਾਂਗਰਸ ਤੇ ਭਾਜਪਾ ਦੋਵਾਂ ਨੇ ਆਪਣੇ ਚੋਣ ਮੈਨੀਫੈਸਟੋ ਜਾਰੀ ਕੀਤੇ ਹਨ। ਤੁਸੀਂ ਇਨ੍ਹਾਂ 'ਤੇ ਕੀ ਟਿੱਪਣੀ ਕਰੋਗੇ?
ਜਵਾਬ : ਕਾਂਗਰਸ ਤੇ ਭਾਜਪਾ ਦੋਵਾਂ ਨੇ ਆਪਣੇ ਚੋਣ ਮੈਨੀਫੈਸਟੋ ਜਾਰੀ ਕਰ ਦਿੱਤੇ ਹਨ ਪਰ ਕਾਂਗਰਸ ਦਾ ਮੈਨੀਫੈਸਟੋ ਜਨਤਾ ਨੂੰ ਵੱਧ ਪ੍ਰਭਾਵਿਤ ਕਰ ਰਿਹਾ ਹੈ ਕਿਉਂਕਿ ਭਾਜਪਾ ਨੇ ਪਿਛਲੇ ਮੈਨੀਫੈਸਟੋ 'ਚ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਹੈ। ਭਾਜਪਾ ਨੇ ਪਿਛਲੀਆਂ ਚੋਣਾਂ 'ਚ ਜਨਤਾ ਨੂੰ 15-15 ਲੱਖ ਰੁਪਏ ਦੀ ਰਕਮ ਦੇਣ ਦਾ ਵਾਅਦਾ ਕੀਤਾ ਸੀ ਜੋ ਪੂਰਾ ਨਹੀਂ ਹੋਇਆ। ਇਸੇ ਤਰ੍ਹਾਂ ਭਾਜਪਾ ਨੇ ਹਰ ਸਾਲ 2 ਕਰੋੜ ਬੇਰੋਜ਼ਗਾਰਾਂ ਨੂੰ ਨੌਕਰੀਆਂ ਦੇਣ ਦਾ ਵੀ ਵਾਅਦਾ ਕੀਤਾ ਸੀ। ਇਸੇ ਲਈ ਭਾਜਪਾ ਨੇ ਇਸ ਵਾਰ ਚੋਣ ਮੈਨੀਫੈਸਟੋ ਦੀ ਬਜਾਏ ਸੰਕਲਪ ਪੱਤਰ ਪੇਸ਼ ਕੀਤਾ।
ਸਵਾਲ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਗਰੀਬਾਂ ਨੂੰ ਘੱਟ ਤੋਂ ਘੱਟ ਆਮਦਨ ਗਾਰੰਟੀ ਸਕੀਮ ਦੇਣ ਦਾ ਵਾਅਦਾ ਕੀਤਾ?
ਜਵਾਬ : ਰਾਹੁਲ ਗਾਂਧੀ ਨੇ ਗਰੀਬਾਂ ਨੂੰ ਹਰ ਸਾਲ 72,000 ਰੁਪਏ ਦੀ ਰਕਮ ਦੇਣ ਦਾ ਵਾਅਦਾ ਕੀਤਾ। ਇਸੇ ਤਰ੍ਹਾਂ ਨਾਲ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੀ ਗੱਲ ਕਹੀ ਹੈ। ਮੋਦੀ ਸਰਕਾਰ ਤਾਂ ਕਿਸਾਨਾਂ ਨੂੰ ਕੁਝ ਵੀ ਰਾਹਤ ਨਹੀਂ ਦੇ ਸਕੀ ਇਸ ਲਈ ਕਿਸਾਨਾਂ ਨੇ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ 'ਚ ਕਾਂਗਰਸ ਦੇ ਪੱਖ 'ਚ ਵੋਟਾਂ ਪਈਆਂ।
ਸਵਾਲ : ਕੀ ਤੁਸੀਂ ਸਮਝਦੇ ਹੋ ਕਿ ਕਾਂਗਰਸ ਸਰਕਾਰ ਦੇਸ਼ ਨੂੰ ਮਜ਼ਬੂਤੀ ਨਾਲ ਅੱਗੇ ਵਧਾ ਸਕੇਗੀ?
ਜਵਾਬ : ਕਾਂਗਰਸ ਸਰਕਾਰ ਦੇਸ਼ ਨੂੰ ਮਜ਼ਬੂਤੀ ਦੇ ਸਕਦੀ ਹੈ ਅਤੇ ਕਾਂਗਰਸ ਦੇ ਹੱਥਾਂ 'ਚ ਦੇਸ਼ ਸੁਰੱਖਿਅਤ ਹੈ। ਪਾਕਿਸਤਾਨ ਨੂੰ ਵੀ ਕਾਂਗਰਸ ਸਰਕਾਰ ਮੂੰਹ-ਤੋੜ ਜਵਾਬ ਦੇਣ 'ਚ ਸਮਰੱਥ ਹੈ। ਦੇਸ਼ 'ਚ ਧਰਮ ਨਿਰੱਪਖ ਢਾਂਚੇ ਨੂੰ ਬਣਾਈ ਰੱਖਣ 'ਚ ਵੀ ਕਾਂਗਰਸ ਹੀ ਕਾਰਗਰ ਸਿੱਧ ਹੋ ਸਕਦੀ ਹੈ।