ਸਾਬਕਾ ਅਕਾਲੀ ਮੰਤਰੀ ਦੇ ਪੀ.ਏ. ਦੀ ਗੁੰਡਾਗਰਦੀ, ਚਿਕਨ ਹਾਊਸ ਮਾਲਕ ਨਾਲ ਕੁੱਟ-ਮਾਰ

Tuesday, Feb 13, 2018 - 10:17 AM (IST)

ਅੰਮ੍ਰਿਤਸਰ (ਸੰਜੀਵ) - ਰਣਜੀਤ ਐਵੀਨਿਊ ਈ-ਬਲਾਕ ਵਿਚ ਸਾਬਕਾ ਅਕਾਲੀ ਮੰਤਰੀ ਦੇ ਕਥਿਤ ਪੀ. ਏ. ਗਗਨਦੀਪ ਸਿੰਘ ਨੇ ਸ਼ਰਾਬ ਦੇ ਨਸ਼ੇ ਵਿਚ ਜਿਥੇ ਜੰਮ ਕੇ ਗੁੰਡਾਗਰਦੀ ਕੀਤੀ, ਉਥੇ ਹੀ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਕ ਚਿਕਨ ਹਾਊਸ ਦੇ ਮਾਲਕ ਜਸਮੀਤ ਸਿੰਘ ਨੂੰ ਬੁਰੀ ਤਰ੍ਹਾਂ ਕੁੱਟਿਆ । ਕੁੱਟ-ਮਾਰ ਦੌਰਾਨ ਜਸਮੀਤ ਹੱਥ ਜੋੜਦਾ ਰਿਹਾ ਪਰ ਹਮਲਾਵਰ ਉਸ ਨੂੰ ਲਗਾਤਾਰ ਕੁੱਟਦੇ ਰਹੇ । ਘਟਨਾ ਐਤਵਾਰ ਰਾਤ 11 ਵਜੇ ਦੇ ਕਰੀਬ ਹੋਈ ਜਿਸ ਦੌਰਾਨ ਉਥੇ ਖੜ੍ਹੇ ਇਕ ਵਿਅਕਤੀ ਨੇ ਪੁਲਸ ਨੂੰ ਸੂਚਿਤ ਕਰ ਦਿੱਤਾ ਜਿਸ ਉਪਰੰਤ ਮੌਕੇ 'ਤੇ ਪੁੱਜੇ ਪੁਲਸ ਕਰਮਚਾਰੀ ਘਟਨਾ ਥਾਂ ਤੋਂ ਦੋ ਲੋਕਾਂ ਨੂੰ ਤਾਂ ਆਪਣੇ ਨਾਲ ਲੈ ਗਏ ਜਦੋਂ ਕਿ ਗਗਨਦੀਪ ਉਥੋਂ ਨਿਕਲ ਗਿਆ ਸੀ । ਸੀ. ਸੀ. ਟੀ .ਵੀ. ਵਿਚ ਕੈਦ ਹੋਈ ਘਟਨਾ ਉਪਰੰਤ ਵੀ ਪੁਲਸ ਨੇ ਅਜੇ ਤੱਕ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ । 
ਜਾਣਕਾਰੀ ਦੇ ਅਨੁਸਾਰ ਜਸਮੀਤ ਸਿੰਘ ਰਣਜੀਤ ਐਵੀਨਿਊ ਈ-ਬਲਾਕ ਵਿਚ ਚਿਕਨ ਹਾਊਸ ਚਲਾਉਂਦਾ ਹੈ । ਰਾਤ 11 ਵਜੇ ਦੇ ਕਰੀਬ ਜਦੋਂ ਉਹ ਦੁਕਾਨ ਬੰਦ ਕਰਨ ਲੱਗਾ ਤਾਂ ਉਸ ਦੌਰਾਨ ਗਗਨਦੀਪ ਆਪਣੇ ਸਾਥੀਆਂ ਨਾਲ ਆਇਆ ਅਤੇ ਗਲਾਸ ਤੇ ਚਿਕਨ ਦੀ ਮੰਗ ਕਰਨ ਲੱਗਾ । ਜਦੋਂ ਜਸਮੀਤ ਨੇ ਕਿਹਾ ਕਿ ਸਾਮਾਨ ਖਤਮ ਹੋ ਗਿਆ ਹੈ ਤਾਂ ਗਗਨਦੀਪ ਉਸ ਨਾਲ ਉਲਝ ਗਿਆ ਅਤੇ ਲੜਾਈ ਸ਼ੁਰੂ ਕਰ ਦਿੱਤੀ । ਉਸ ਦੌਰਾਨ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਜਸਮੀਤ ਸਿੰਘ ਨੂੰ ਬੁਰੀ ਤਰ੍ਹਾਂ ਕੁੱਟਿਆ ।  
ਕਾਂਗਰਸ ਦੇ ਸਾਬਕਾ ਬੁਲਾਰਾ ਮਨਦੀਪ ਸਿੰਘ ਮੰਨਾ ਦਾ ਕਹਿਣਾ ਹੈ ਕਿ ਸਾਬਕਾ ਮੰਤਰੀ ਅਕਸਰ ਇਹ ਕਹਿੰਦੇ ਹਨ ਕਿ ਉਨ੍ਹਾਂ ਦੇ ਵਰਕਰਾਂ ਨਾਲ ਗੁੰਡਾਗਰਦੀ ਹੋ ਰਹੀ ਹੈ ਜਦੋਂ ਕਿ ਦੂਜੇ ਪਾਸੇ ਆਪਣੇ-ਆਪ ਨੂੰ ਅਕਾਲੀ ਦਲ ਦੇ ਆਗੂ ਕਹਾਉਣ ਵਾਲੇ ਲੋਕ ਗੁੰਡਾਗਰਦੀ ਕਰਦੇ ਹੋਏ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋਏ ਹਨ ਜਿਸ ਵਿਚ ਬਿਨਾਂ ਕਿਸੇ ਕਸੂਰ ਦੇ ਦੁਕਾਨਦਾਰ  ਨਾਲ ਕੁੱਟਮਾਰ ਕੀਤੀ ਗਈ ।  
ਜਦਕਿ ਏ. ਡੀ. ਸੀ. ਪੀ. ਲਖਬੀਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਿਕਾਇਤ ਅਤੇ ਸੀ.ਸੀ.ਟੀ.ਵੀ. ਫੁਟੇਜ ਮਿਲ ਚੁੱਕੀ ਹੈ ਜਿਸ ਦੀ ਜਾਂਚ ਉਪਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।       


Related News