ਜੰਗਲਾਤ ਵਰਕਰਾਂ ਵੱਲੋਂ ਸੂਬਾ ਪੱਧਰੀ ਰੋਸ ਮਾਰਚ ਦਾ ਐਲਾਨ
Tuesday, Jan 30, 2018 - 01:01 PM (IST)

ਨੂਰਪੁਰਬੇਦੀ (ਅਵਿਨਾਸ਼)— ਜੰਗਲਾਤ ਵਰਕਰਾਂ ਵੱਲੋਂ ਬੀਤੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਸਰਕਾਰ ਵੱਲੋਂ ਇਨ੍ਹਾਂ ਮੰਗਾਂ ਪ੍ਰਤੀ ਸਹਿਮਤੀ ਹੋਣ ਦੇ ਬਾਵਜੂਦ ਟਾਲ-ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ।
ਇਸ ਸਬੰਧ 'ਚ ਸੂਬਾ ਪ੍ਰਧਾਨ ਰਤਨ ਸਿੰਘ ਹੱਲਾ ਦੀ ਪ੍ਰਧਾਨਗੀ 'ਚ ਸੂਬਾ ਪੱਧਰੀ ਮੀਟਿੰਗ ਕੀਤੀ ਗਈ, ਜਿਸ ਦੀ ਜਾਣਕਾਰੀ ਦਿੰਦੇ ਹੋਏ ਸੂਬਾ ਜਨਰਲ ਸਕੱਤਰ ਅਮਰੀਕ ਸਿੰਘ ਅਤੇ ਸੂਬਾ ਖਜਾਨਚੀ ਸ਼ਿਵ ਕੁਮਾਰ ਨੇ ਦੱਸਿਆ ਕਿ ਸੂਬਾ ਯੂਨੀਅਨ ਵੱਲੋਂ ਜੰਗਲਾਤ ਮੰਤਰੀ ਦੇ ਹਲਕੇ 'ਚ 11 ਫਰਵਰੀ ਨੂੰ ਨਾਭਾ ਵਿਖੇ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਲਈ ਵਰਕਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਵਰਕਰਾਂ ਦੀਆਂ ਮੁੱਖ ਮੰਗਾਂ ਵਿਚ ਦਿਹਾੜੀਦਾਰ ਵਰਕਰਾਂ ਨੂੰ ਪੱਕੇ ਕਰਨਾ, ਤਨਖਾਹਾਂ ਦੀ ਅਦਾਇਗੀ ਰੈਗੂਲਰ ਤੌਰ 'ਤੇ ਕਰਨਾ ਅਤੇ ਹੋਰ ਵੀ ਮੰਗਾਂ ਸ਼ਾਮਲ ਹਨ।