ਆਵਾਰਾ ਬਾਂਦਰ ਨੂੰ ਫੜਨ ਲਈ ਵਣ ਵਿਭਾਗ ਹੋਇਆ ਪੱਬਾਂ ਭਾਰ

01/21/2018 12:55:22 AM

ਮੱਖੂ(ਵਾਹੀ)-ਪਿਛਲੇ ਕਈ ਦਿਨਾਂ ਤੋਂ ਸ਼ਹਿਰ 'ਚ ਆਏ ਬਾਂਦਰ ਨੇ ਜਿਥੇ ਸ਼ਹਿਰ 'ਚ ਆਪਣੀ ਪੂਰੀ ਤਰ੍ਹਾਂ ਦਹਿਸ਼ਤ ਫੈਲਾਈ ਹੋਈ ਹੈ, ਉਥੇ ਹੁਣ ਤੱਕ ਇਸ ਨੇ 2 ਦਰਜਨ ਤੋਂ ਵਧ ਲੋਕਾਂ ਨੂੰ ਵੱਢ ਲਿਆ ਹੈ। ਇਸ ਬਾਂਦਰ ਨੂੰ ਫੜਨ ਲਈ ਪ੍ਰਸ਼ਾਸਨ ਨੇ ਵਣ ਵਿਭਾਗ ਦੇ ਮੁਲਾਜ਼ਮਾਂ ਨੂੰ ਵੀ 3 ਦਿਨਾਂ ਤੋਂ ਪੱਬਾਂ ਭਾਰ ਕੀਤਾ ਹੋਇਆ ਹੈ ਤੇ ਰਣਨਿਤੀ ਤਹਿਤ ਬਾਂਦਰ ਨੂੰ ਫੜਨ ਲਈ ਬਾਂਦਰੀ ਰੂਪੀ ਪ੍ਰੇਮਿਕਾ ਦਾ ਚੋਗਾ ਪਾਇਆ ਗਿਆ ਹੈ ਪਰ ਸ਼ਾਤਰ ਦਿਮਾਗ ਬਾਂਦਰ, ਬਾਂਦਰੀ ਨਜ਼ਦੀਕ ਤਾਂ ਆਉਂਦਾ ਹੈ ਪਰ ਵਿਭਾਗ ਵੱਲੋਂ ਭੇਜੇ ਮੁਲਾਜ਼ਮਾਂ ਨੂੰ ਵੇਖ ਕੇ ਭੱਜ ਜਾਂਦਾ ਹੈ। ਬਾਂਦਰ ਨੂੰ ਕਾਬੂ ਕਰਨ ਗਏ ਮੁਲਾਜ਼ਮ 3 ਦਿਨਾਂ ਤੋਂ ਖਾਲੀ ਹੱਥ ਮੁੜ ਰਹੇ ਹਨ। ਵਿਭਾਗ ਵੱਲੋਂ ਆਏ ਮੁਲਾਜ਼ਮ ਆਵਾਰਾ ਬਾਂਦਰ ਨੂੰ ਫੜਨ ਲਈ ਹੱਥਾਂ 'ਚ ਜਾਲ, ਡਾਂਗਾਂ ਤੇ ਨਸ਼ੇ ਵਾਲੀ ਦਵਾਈ ਲੱਗੀਆਂ ਖੁਰਾਕੀ ਵਸਤਾਂ ਲੈ ਕੇ ਬਾਜ਼ਾਰਾਂ-ਗਲੀਆਂ ਤੇ ਛੱਤਾਂ 'ਤੇ ਬਾਂਦਰ ਦੇ ਪਿਛੇ-ਪਿਛੇ ਚੱਕਰ ਲਾ ਰਹੇ ਹਨ ਪਰ ਫਿਰ ਵੀ ਉਹ ਇਨ੍ਹਾਂ ਦੇ ਹੱਥ ਨਹੀਂ ਆ ਰਿਹਾ। ਉਧਰ ਸ਼ਹਿਰ ਵਾਸੀਆਂ ਨੂੰ ਵਟਸਅਪ 'ਤੇ ਸਿਰਸੇ ਵਾਲੇ ਮਾਮਲੇ ਤੋਂ ਬਾਅਦ ਦਿਲਚਸਪ ਵਿਸ਼ਾ ਮਿਲਿਆ ਹੋਇਆ। ਸ਼ਹਿਰ ਵਾਸੀ ਸੋਚਣ ਲਈ ਮਜਬੂਰ ਹਨ ਕਿ ਕਦ ਇਸ ਆਵਾਰਾ ਬਾਂਦਰ ਤੋਂ ਲੋਕਾਂ ਨੂੰ ਰਾਹਤ ਮਿਲੇਗੀ ਤੇ ਕਦ ਉਹ ਸਰਦੀਆਂ ਦੀ ਰੁੱਤ 'ਚ ਧੁੱਪ ਦਾ ਆਨੰਦ ਛੱਤਾਂ 'ਤੇ ਬੈਠ ਕੇ ਲੈ ਸਕਣਗੇ। 


Related News