ਵਿਦੇਸ਼ੀ ਨਾਗਰਿਕਾਂ ਨੂੰ ''ਜੇਲ੍ਹਾਂ'' ਅੰਦਰ ਬੰਦ ਕਰਨ ਦੇ ਮਾਮਲੇ ''ਚ ''ਪੰਜਾਬ'' 5ਵੇਂ ਨੰਬਰ ’ਤੇ

Sunday, Sep 27, 2020 - 07:42 AM (IST)

ਵਿਦੇਸ਼ੀ ਨਾਗਰਿਕਾਂ ਨੂੰ ''ਜੇਲ੍ਹਾਂ'' ਅੰਦਰ ਬੰਦ ਕਰਨ ਦੇ ਮਾਮਲੇ ''ਚ ''ਪੰਜਾਬ'' 5ਵੇਂ ਨੰਬਰ ’ਤੇ

ਲੁਧਿਆਣਾ (ਗੌਤਮ) : ਦਸੰਬਰ-2019 ਤੱਕ ਵੱਖ-ਵੱਖ ਅਪਰਾਧਿਕ ਗਤੀਵਿਧੀਆਂ ਕਾਰਨ ਫੜ੍ਹੇ ਗਏ 5608 ਵਿਦੇਸ਼ੀ ਨਾਗਰਿਕਾਂ ’ਚੋਂ ਸਿਰਫ 38.71 ਫ਼ੀਸਦੀ ਲੋਕਾਂ ਨੂੰ ਸਜ਼ਾ ਹੋਈ, ਜਦੋਂ ਕਿ ਕਰੀਬ 53 ਫ਼ੀਸਦੀ ਵਿਦੇਸ਼ੀ ਅਜੇ ਅੰਡਰਟ੍ਰਾਇਲ ਹਨ। ਕਰੀਬ 8 ਫ਼ੀਸਦੀ ਲੋਕ ਹੋਰਨਾਂ ਕਾਰਨਾਂ ਕਰਕੇ ਅਤੇ 1 ਫ਼ੀਸਦੀ ਤੋਂ ਵੀ ਘੱਟ ਲੋਕ ਹਾਈਕ੍ਰਾਈਮ ਕਾਰਨ ਨਜ਼ਰਬੰਦ ਹਨ। ਵਿਦੇਸ਼ੀ ਨਾਗਰਿਕਾਂ ਨੂੰ ਜੇਲ੍ਹਾਂ ’ਚ ਬੰਦ ਕਰਨ 'ਚ ਪੰਜਾਬ 5ਵੇਂ ਸਥਾਨ ’ਤੇ ਹੈ। ਪੰਜਾਬ ਦੀਆਂ ਜੇਲ੍ਹਾਂ 'ਚ ਬੰਦ 209 ਵਿਦੇਸ਼ੀਆਂ ’ਚੋਂ 40 ਸ਼ਜਾਯਾਫਤਾ ਹਨ, ਜਦੋਂ ਕਿ ਵਿਦੇਸ਼ੀ ਨਾਗਰਿਕਾਂ ਨੂੰ ਜੇਲ੍ਹ 'ਚ ਬੰਦ ਕਰਨ 'ਚ ਵੈਸਟ ਬੰਗਾਲ 'ਚ ਸਭ ਤੋਂ ਜ਼ਿਆਦਾ 2316, ਦੂਜੇ ਨੰਬਰ ’ਤੇ ਮਹਾਰਾਸ਼ਟਰ 'ਚ 517, ਤੀਜੇ ਨੰਬਰ ’ਤੇ ਉੱਤਰ ਪ੍ਰਦੇਸ਼ 505 ਅਤੇ 487 ਨਾਲ ਦਿੱਲੀ ਚੌਥੇ ਨੰਬਰ ’ਤੇ ਹੈ। ਹੈਰਾਨੀਜਨਕ ਹੈ ਕਿ ਵਿਦੇਸ਼ੀ ਨਜ਼ਰਬੰਦ ਕੈਦੀਆਂ 'ਚ ਇਕ ਜਨਾਨੀ ਸਮੇਤ 40 ਵਿਅਕਤੀ ਹਨ, ਜਿਸ 'ਚ ਇਕੱਲੇ ਜੰਮੂ-ਕਸ਼ਮੀਰ 'ਚ 31, ਦਿੱਲੀ 'ਚ 7 ਅਤੇ 2 ਹੋਰਨਾਂ ਜੇਲ੍ਹਾਂ ’ਚ ਹਨ।
ਪਿਛਲੇ 3 ਸਾਲਾਂ ਤੋਂ ਵਧਿਆ ਅੰਕੜਾ
ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਦਸੰਬਰ 2019 ਦੇ ਅੰਤ ਤੱਕ ਵੱਖ-ਵੱਖ ਸੂਬਿਆਂ ਦੀਆਂ ਜੇਲ੍ਹਾਂ 'ਚ 5608 ਵਿਦੇਸ਼ੀ ਲੋਕ ਕੈਦੀ ਹਨ, ਜਿਨ੍ਹਾਂ 'ਚ 4776 ਪੁਰਸ਼ ਅਤੇ 832 ਜਨਾਨੀਆਂ ਸ਼ਾਮਲ ਹਨ, ਜਿਨ੍ਹਾਂ 'ਚੋਂ 2171 ਸਜ਼ਾਯਾਫਤਾ, 2979 ਵਿਅਕਤੀ ਅੰਡਰਟ੍ਰਾਇਲ ਹਨ ਅਤੇ ਹਾਈ ਕ੍ਰਾਈਮ ਲਈ 40 ਵਿਅਕਤੀਆਂ ਨੂੰ ਨਜ਼ਰਬੰਦ ਕੀਤਾ ਹੋਇਆ ਹੈ। 418 ਵਿਅਕਤੀ ਵੱਖ-ਵੱਖ ਕਾਰਨਾਂ ਕਰਕੇ ਜੇਲ੍ਹਾਂ 'ਚ ਬੰਦ ਹਨ। ਰਿਪੋਰਟ ਮੁਤਾਬਕ ਸਾਲ 2017 'ਚ ਕੁੱਲ 4917 ਵਿਦੇਸ਼ੀਆਂ 'ਚ 2250 ਅੰਡਰਟ੍ਰਾਇਲ, ਸਜ਼ਾਯਾਫਤਾ 2227, ਨਜ਼ਰਬੰਦ 40 ਅਤੇ ਦੂਜੇ ਕਾਰਨਾਂ ਕਰ ਕੇ 400 ਵਿਅਕਤੀ ਸਨ। 2018 'ਚ ਕੁੱਲ 5168 ਵਿਦੇਸ਼ੀਆਂ ’ਚ 2611 ਅੰਡਰਟ੍ਰਾਇਲ, ਸਜ਼ਾਯਾਫਤਾ 2108, ਨਜ਼ਰਬੰਦ 43 ਅਤੇ ਦੂਜੇ ਕਾਰਨਾਂ ਕਰ ਕੇ 496 ਵਿਅਕਤੀ ਸਨ।
304 ਜਨਾਨੀਆਂ ਸਮੇਤ 2171 ਵਿਦੇਸ਼ੀ ਲੋਕ ਭੁਗਤ ਰਹੇ ਹਨ ਸਜ਼ਾ
ਅੰਕੜਿਆਂ ਮੁਤਾਬਕ ਦਸੰਬਰ 2019 ਦੇ ਅੰਤ ਤੱਕ ਇਨ੍ਹਾਂ 'ਚ 2171 ਵਿਦੇਸ਼ੀ ਲੋਕਾਂ ਨੂੰ ਵੱਖ-ਵੱਖ ਅਪਰਾਧਾਂ ’ਚ ਦੋਸ਼ੀ ਪਾਏ ਜਾਣ ’ਤੇ ਵੱਖ-ਵੱਖ ਮਾਣਯੋਗ ਅਦਾਲਤਾਂ ਵੱਲੋਂ ਸਜ਼ਾ ਸੁਣਾਈ ਜਾ ਚੁੱਕੀ ਹੈ, ਜਿਨ੍ਹਾਂ 'ਚ 1867 ਪੁਰਸ਼ ਅਤੇ 304 ਜਨਾਨੀਆਂ ਸ਼ਾਮਲ ਹਨ। ਸਜ਼ਾਯਾਫਤਾ ਕੈਦੀਆਂ ’ਚ ਹੋਰਨਾਂ ਜੇਲਾਂ ਤੋਂ ਇਲਾਵਾ ਵੈਸਟ ਬੰਗਾਲ ਦੀਆਂ ਜੇਲ੍ਹਾਂ 'ਚ ਸਭ ਤੋਂ ਜ਼ਿਆਦਾ 1379, ਉੱਤਰ ਪ੍ਰਦੇਸ਼ 'ਚ 142 ਅਤੇ ਦਿੱਲੀ 'ਚ 96, ਹਿਮਾਚਲ 'ਚ 55, ਹਰਿਆਣਾ 'ਚ 12, ਜੰਮੂ ਕਸ਼ਮੀਰ 'ਚ 11, ਆਸਾਮ 'ਚ 66 ਸਜ਼ਾ ਕੱਟ ਰਹੇ ਹਨ। ਸਜ਼ਾਯਾਫਤਾ 304 ਕੈਦੀ ਬੀਬੀਆਂ 'ਚੋਂ 186 ਜਨਾਨੀਆਂ ਬੰਗਾਲ, 53 ਉੱਤਰ ਪ੍ਰਦੇਸ਼, 35 ਆਸਾਮ ਅਤੇ ਬਾਕੀ ਦੂਜੀਆਂ ਜੇਲ੍ਹਾਂ ’ਚ ਬੰਦ ਹਨ। ਜੇਲਾਂ ’ਚ ਸਜ਼ਾ ਕੱਟਣ ਵਾਲਿਆਂ 'ਚ ਬੰਗਲਾ ਦੇਸ਼ ਦੇ 1470, ਨੇਪਾਲ ਦੇ 228, ਮਿਆਂਮਾਰ ਦੇ 155, ਅਫਰੀਕਾ ਅਤੇ ਨਾਈਜ਼ੀਰੀਆ ਦੇ 146, ਪਾਕਿਸਤਾਨ ਦੇ 94 ਨਾਗਰਿਕ, ਸ਼੍ਰੀਲੰਕਾ ਦੇ 19, ਚੀਨ ਦੇ 6 ਅਤੇ ਹੋਰਨਾਂ ਦੇਸ਼ਾਂ ਦੇ ਲੋਕ ਸ਼ਾਮਲ ਹਨ। ਜੇਲ੍ਹਾਂ ’ਚ ਬੰਦ ਕੈਦੀਆਂ 'ਚ 18 ਤੋਂ 30 ਸਾਲ ਤੱਕ ਦੇ 904 (41.6 ਫ਼ੀਸਦੀ), 30 ਤੋਂ 50 ਸਾਲ ਤੱਕ ਦੇ 978 (45 ਫ਼ੀਸਦੀ) ਅਤੇ 50 ਤੋਂ ਜ਼ਿਆਦਾ ਸਾਲ ਦੀ ਉਮਰ ਦੇ 289 (13.3 ਫੀਸਦੀ) ਕੈਦੀ ਹਨ।
ਅੰਡਰਟ੍ਰਾਇਲ ਵਿਦੇਸ਼ੀ ਕੈਦੀਆਂ ’ਚ 1321 ਨੌਜਵਾਨ ਲੋਕ
ਅੰਡਰਟ੍ਰਾਇਲ 2979 ਕੈਦੀਆਂ 'ਚ 2534 ਪੁਰਸ਼ ਅਤੇ 445 ਜਨਾਨੀਆਂ ਸ਼ਾਮਲ ਹਨ। ਇਨ੍ਹਾਂ 'ਚ ਵੈਸਟ ਬੰਗਾਲ ਦੀਆਂ ਜੇਲ੍ਹਾਂ 'ਚ 576, ਮਹਾਰਾਸ਼ਟਰ 'ਚ 466, ਦਿੱਲੀ 'ਚ 384, ਉੱਤਰ ਪ੍ਰਦੇਸ਼ 'ਚ 363, ਕਰਨਾਟਕ 'ਚ 137 ਅਤੇ ਪੰਜਾਬ 'ਚ 116 ਵਿਦੇਸ਼ੀ ਸ਼ਾਮਲ ਹਨ। ਹੋਰ ਅੰਡਰਟ੍ਰਾਇਲ ਕੈਦੀ ਦੂਜੀਆਂ ਜੇਲ੍ਹਾਂ 'ਚ ਬੰਦ ਹਨ। ਅੰਡਰਟ੍ਰਾਇਲ ਕੈਦੀਆਂ 'ਚ ਬੰਗਲਾਦੇਸ਼ ਦੇ 1043, ਨਾਈਜ਼ੀਰੀਆ ਦੇ 686, ਨੇਪਾਲ ਦੇ 517, ਪਾਕਿਸਤਾਨ ਦੇ 109, ਸ਼੍ਰੀਲੰਕਾ ਦੇ 46, ਆਸਟ੍ਰੇਲੀਆ ਦੇ 4, ਕੈਨੇਡਾ ਦਾ ਇਕ ਅਤੇ ਹੋਰਨਾਂ ਦੇਸ਼ਾਂ ਦੇ ਲੋਕ ਸ਼ਾਮਲ ਹਨ। ਅੰਡਰਟ੍ਰਾਇਲ ਕੈਦੀਆਂ 'ਚ 18 ਤੋਂ 30 ਸਾਲ ਦੇ 1321 ਵਿਅਕਤੀ, 30 ਤੋਂ 50 ਸਾਲ ਦੇ 1454 ਅਤੇ 50 ਤੋਂ ਜ਼ਿਆਦਾ ਉਮਰ ਦੇ 203 ਵਿਅਕਤੀ ਸ਼ਾਮਲ ਹਨ। 445 ਜਨਾਨੀਆਂ 'ਚ ਵੈਸਟ ਬੰਗਾਲ 'ਚ 105, ਮਹਾਰਾਸ਼ਟਰ 'ਚ 104 ਅਤੇ ਉੱਤਰ ਪ੍ਰਦੇਸ਼ 'ਚ 78 ਅਤੇ ਬਾਕੀ ਦੂਜੀਆਂ ਜੇਲ੍ਹਾਂ 'ਚ ਬੰਦ ਹਨ। ਨਜ਼ਰਬੰਦ ਕੈਦੀਆਂ 'ਚ 18 ਤੋਂ 30 ਸਾਲ ਦੇ 12, 30 ਤੋਂ 50 ਸਾਲ ਦੇ 26 ਅਤੇ 50 ਸਾਲ ਤੋਂ ਉੱਪਰ ਦੇ 2 ਵਿਦੇਸ਼ੀ ਹਨ।


author

Babita

Content Editor

Related News