ਫਲਾਪ ਹੋਈ ਕੋਵਿਡ-19 ਟੀਕਾਕਰਨ ਮੁਹਿੰਮ, ਸਰਕਾਰਾਂ ਨੇ ਰੱਬ ਆਸਰੇ ਛੱਡੀ ਪੰਜਾਬ ਦੀ ਜਨਤਾ : ਅਰੋੜਾ

Wednesday, Jul 28, 2021 - 01:34 PM (IST)

ਫਲਾਪ ਹੋਈ ਕੋਵਿਡ-19 ਟੀਕਾਕਰਨ ਮੁਹਿੰਮ, ਸਰਕਾਰਾਂ ਨੇ ਰੱਬ ਆਸਰੇ ਛੱਡੀ ਪੰਜਾਬ ਦੀ ਜਨਤਾ : ਅਰੋੜਾ

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਵਿਚ ਕੋਵਿਡ-19 ਟੀਕਾਕਰਨ ਮੁਹਿੰਮ ਬੁਰੀ ਤਰ੍ਹਾਂ ਫਲਾਪ ਰਹਿਣ ਦਾ ਸਖ਼ਤ ਨੋਟਿਸ ਲੈਂਦਿਆਂ ਸੂਬਾ ਅਤੇ ਕੇਂਦਰ ਸਰਕਾਰ ’ਤੇ ਗੰਭੀਰ ਲਾਪ੍ਰਵਾਹੀ ਵਰਤਣ ਦੇ ਦੋਸ਼ ਲਾਏ ਹਨ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਅਸਤੀਫ਼ਾ ਮੰਗਿਆ। ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਅਤੇ ਯੂਥ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਇਕ ਪਾਸੇ ਦੇਸ਼ ਦੁਨੀਆ ’ਚ ਕੋਰੋਨਾ ਦੀ ਤੀਜੀ ਲਹਿਰ ਦੇ ਨਾਂ ’ਤੇ ਹਊਆ ਖੜ੍ਹਾ ਹੋ ਰਿਹਾ ਹੈ, ਦੂਜੇ ਪਾਸੇ ਟੀਕਾਕਰਨ ਮੁਹਿੰਮ ਅਧੀਨ ਸਿਰਫ਼ 5.35 ਫ਼ੀਸਦੀ ਲੋਕਾਂ ਨੂੰ ਦੂਸਰੀ ਡੋਜ਼ (ਖ਼ੁਰਾਕ) ਮੁਹੱਈਆ ਹੋ ਸਕੀ ਹੈ। ਮਤਲਬ 94 ਫ਼ੀਸਦੀ ਤੋਂ ਵੱਧ ਆਬਾਦੀ ਕੋਰੋਨਾ ਦੇ ਖ਼ਤਰੇ ਥੱਲੇ ਹੈ। ਇਹ ਸਿੱਧੇ ਤੌਰ ’ਤੇ ਸੂਬਾ ਅਤੇ ਕੇਂਦਰ ਸਰਕਾਰ ਦੀ ਨਾਲਾਇਕੀ ਹੈ, ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਰੱਬ ਆਸਰੇ ਛੱਡ ਦਿੱਤਾ ਹੈ। ਅਮਨ ਅਰੋੜਾ ਨੇ ਕਿਹਾ, ‘ਮਿਸ਼ਨ ਫ਼ਤਹਿ’ ਅਧੀਨ ਸਰਕਾਰੀ ਖਜ਼ਾਨੇ ਵਿਚੋਂ ਜਨਤਾ ਦੇ ਕਰੋੜਾਂ ਰੁਪਏ ਬਰਬਾਦ ਕਰਨ ਵਾਲੀ ਸੱਤਾਧਾਰੀ ਕਾਂਗਰਸ ਖਾਸ ਕਰਕੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੱਸਣ ਕਿ ਉਨ੍ਹਾਂ ਕੋਰੋਨਾ ਵਿਰੁੱਧ ਜੰਗ ਅਤੇ ਟੀਕਾਕਰਨ ਮੁਹਿੰਮ ਲਈ ਇੰਨੀ ਲਾਪ੍ਰਵਾਹੀ ਕਿਉਂ ਵਰਤੀ ਹੈ? ਕਿਉਂਕਿ ਅਜੇ ਤਕ ਕੋਰੋਨਾ ਤੋਂ ਪੂਰੀ ਸੁਰੱਖਿਆ ਲਈ ਲੋੜੀਂਦੀਆਂ ਦੋਵੇਂ ਖ਼ੁਰਾਕਾਂ (ਟੀਕੇ) ਸਿਰਫ਼ 17.62 ਲੱਖ ਲੋਕਾਂ ਦੇ ਲੱਗ ਸਕੀਆਂ ਹਨ, ਜਦੋਂਕਿ ਪਹਿਲੀ ਡੋਜ਼ (ਖ਼ੁਰਾਕ) ਲੈਣ ਵਾਲਿਆਂ ਦੀ ਗਿਣਤੀ ਵੀ ਸਿਰਫ਼ 77,16,433 ਲੋਕਾਂ ਦੀ ਹੈ, ਜੋ ਕੁੱਲ ਆਬਾਦੀ ਦਾ ਇਕ ਤਿਹਾਈ ਹਿੱਸਾ ਵੀ ਨਹੀਂ ਬਣਦਾ।

ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਦੇ ਵਿਰੁੱਧ ਲੜਾਈ ’ਚ ਪੰਜਾਬ ਦੀ ਸਿਆਸੀ ਪਿਚ ’ਤੇ ਰਾਹੁਲ-ਪ੍ਰਿਯੰਕਾ ਖੁੱਲ੍ਹਕੇ ਕਰ ਰਹੇ ਨੇ ਬੈਟਿੰਗ

ਅਮਨ ਅਰੋੜਾ ਅਤੇ ਮੀਤ ਹੇਅਰ ਨੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਕੋਲੋ ਨੈਤਿਕ ਆਧਾਰ ’ਤੇ ਅਸਤੀਫ਼ਾ ਮੰਗਦਿਆਂ ਕਿਹਾ ਕਿ ਟੀਕਿਆਂ (ਖ਼ੁਰਾਕਾਂ) ਦੀ ਕਮੀ ਦਾ ਸਿਰਫ਼ ਕੇਂਦਰ ਸਿਰ ਠੀਕਰਾ ਭੰਨ ਕੇ ਸਿਹਤ ਮੰਤਰੀ ਅਤੇ ਕੈਪਟਨ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ। ‘ਆਪ‘ ਆਗੂਆਂ ਨੇ ਕਿਹਾ ਕਿ ਸੱਤਾਧਾਰੀ ਕਾਂਗਰਸ ਨੇ ਕੁਰਸੀ ਦੀ ਆਪਸੀ ਲੜਾਈ ਦੌਰਾਨ ਪੰਜਾਬ ਦੇ ਸਾਰੇ ਅਹਿਮ ਮੁੱਦਿਆਂ ਨੂੰ ਛਿੱਕੇ ਟੰਗ ਦਿੱਤਾ ਹੈ। ਉਨ੍ਹਾਂ ਕਿਹਾ, ‘ਕਾਂਗਰਸੀਆਂ ਨੇ ਦਿੱਲੀ ਦੇ ਜਿੰਨੇ ਗੇੜੇ ‘ਕੁਰਸੀ’ ਖੋਹਣ ਜਾਂ ਬਚਾਉਣ ਲਈ ਲਾਏ ਹਨ, ਜੇਕਰ ਕੋਵਿਡ 19 ਟੀਕਾਕਰਨ ਟੀਕਿਆਂ ਲਈ ਲਾਏ ਹੁੰਦੇ ਤਾਂ ਟੀਕਾਕਰਨ ਮੁਹਿੰਮ ਨੇ ਇਸ ਕਦਰ ਫਲਾਪ ਨਹੀਂ ਹੋਣਾ ਸੀ। ਅਮਨ ਅਰੋੜਾ ਅਤੇ ਮੀਤ ਹੇਅਰ ਨੇ ਕੇਂਦਰ ਦੀ ਮੋਦੀ ਸਰਕਾਰ ’ਤੇ ਪੰਜਾਬ ਨਾਲ ਮਿਥ ਕੇ ਵਿਤਕਰਾ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਅਪੀਲ ਕੀਤੀ ਕਿ ਮੋਦੀ ਸਰਕਾਰ ਕਿਸਾਨ ਅੰਦੋਲਨ ਕਾਰਨ ਬਦਲੇਖੋਰੀ ਵਾਲੀ ਭਾਵਨਾ ਤਿਆਗ ਕੇ ਸੂਬੇ ਦੇ ਲੋਕਾਂ ਲਈ ਕਰੋਨਾ ਟੀਕਿਆਂ ਦੀਆਂ ਖ਼ੁਰਾਕਾਂ ਲੋੜੀਂਦੀ ਮਾਤਰਾ ਵਿਚ ਭੇਜੇ ਤਾਂ ਕਿ ਪੰਜਾਬ ਦੀ ਜਨਤਾ ਕੋਰੋਨਾ ਦੇ ਸੰਭਾਵਿਤ ਤੀਸਰੇ ਹਮਲੇ ਤੋਂ ਸੁਰੱਖਿਅਤ ਰਹਿ ਸਕੇ।

ਇਹ ਵੀ ਪੜ੍ਹੋ : ਹਥਿਆਰਬੰਦ ਦਸਤਿਆਂ ’ਚ ਅਧਿਕਾਰੀਆਂ ਦੇ 10 ਹਜ਼ਾਰ ਤੇ ਜਵਾਨਾਂ ਦੇ ਲੱਖ ਤੋਂ ਵੱਧ ਅਹੁਦੇ ਖਾਲੀ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 


author

Anuradha

Content Editor

Related News