ਹੜ੍ਹ ਪੀੜਤਾਂ ਦੀ ਸੇਵਾ ''ਚ ਡਟੇ ਹੋਏ ਹਨ ਬਾਬਾ ਕਸ਼ਮੀਰਾ ਸਿੰਘ ਜਨ-ਸੇਵਾ ਟਰੱਸਟ ਦੇ ਸੇਵਾਦਾਰ
Thursday, Aug 22, 2019 - 01:05 PM (IST)
ਜਲੰਧਰ (ਬਿਊਰੋ)—ਹਿਮਾਚਲ ਪ੍ਰਦੇਸ਼ ਅਤੇ ਪੰਜਾਬ 'ਚ ਪੈ ਰਹੇ ਲਗਾਤਾਰ ਮੀਂਹ ਕਾਰਣ ਭਾਖੜਾ ਡੈਮ 'ਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਉਪਰ ਵਗ ਰਿਹਾ ਹੈ। ਬੀ.ਬੀ. ਐੱਮ.ਬੀ. ਵਲੋਂ ਡੈਮ ਦੇ ਫਲੱਡ ਗੇਟ 8 ਫੁੱਟ ਤੱਕ ਖੋਲ੍ਹ ਦੇਣ 'ਤੇ ਸਤਲੁਜ ਅਤੇ ਬਿਆਸ ਦਰਿਆਵਾਂ 'ਚ ਪਾਣੀ ਦੀ ਮਾਤਰਾ ਵਧਣ ਕਾਰਣ ਸੈਂਕੜੇ ਪਿੰਡ ਹੜ੍ਹ ਦੇ ਪਾਣੀ ਦੀ ਮਾਰ ਝੱਲ ਰਹੇ ਹਨ। ਉਨ੍ਹਾਂ ਦਾ ਮਾਲ-ਡੰਗਰ ਪਾਣੀ 'ਚ ਹੜ੍ਹ ਆ ਗਿਆ ਹੈ। ਫਸਲਾਂ ਤਬਾਹ ਹੋ ਚੁੱਕੀਆਂ ਹਨ ਅਤੇ ਹੜ੍ਹ ਦੇ ਪਾਣੀ 'ਚ ਫਸੇ ਲੋਕ ਰੋਟੀ-ਪਾਣੀ ਨੂੰ ਵੀ ਤਰਸ ਗਏ ਹਨ। ਭਾਵੇਂ ਸਰਕਾਰ ਵਲੋਂ ਉਕਤ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਦੇ ਵਾਅਦੇ ਕੀਤੇ ਜਾ ਰਹੇ ਹਨ ਪਰ ਅਸਲੀਅਤ ਇਸ ਦੇ ਬਿਲਕੁੱਲ ਉਲਟ ਹੈ। ਸਰਕਾਰੀ ਰਾਹਤ ਦੀ ਬਜਾਏ ਸਮਾਜ-ਸੇਵੀ ਅਤੇ ਧਾਰਮਕ ਸੰਸਥਾਵਾਂ ਜ਼ਰੂਰ ਹੜ੍ਹ ਪੀੜਤਾਂ ਦੀ ਬਾਂਹ ਫੜ੍ਹ ਰਹੀਆਂ ਹਨ। ਬਾਬਾ ਕਸ਼ਮੀਰਾ ਸਿੰਘ ਜਨ-ਸੇਵਾ ਟਰੱਸਟ ਦੇ ਸੇਵਾਦਾਰ ਵੀ ਇਸ ਕਾਰਜ 'ਚ ਦਿਨ-ਰਾਤ ਡਟੇ ਹੋਏ ਹਨ।
ਬੀਤੇ ਦਿਨੀਂ ਤਲਵਣ ਰੋਡ 'ਤੇ ਸਥਿਤ ਮਾਓ ਸਾਹਿਬ ਨਜ਼ਦੀਕ ਨਵਾਂ ਪਿੰਡ ਖਹਿਰਾ 'ਚ ਪਾਣੀ ਦੇ ਤੇਜ਼ ਵਹਾਅ ਕਾਰਣ ਸਤਲੁਜ ਦਰਿਆ ਦਾ ਬੰਨ੍ਹ ਟੁੱਟ ਗਿਆ ਅਤੇ ਪੂਰੇ ਇਲਾਕੇ 'ਚ ਪਾਣੀ ਭਰ ਗਿਆ। ਮਨੁੱਖਤਾ ਦੀ ਸੇਵਾ ਨੂੰ ਪ੍ਰਣਾਈ ਸੁਆਮੀ ਬਾਬਾ ਕਸ਼ਮੀਰਾ ਸਿੰਘ ਜੀ ਦੀ ਸੰਗਤ ਨੇ ਟੁੱਟੇ ਬੰਨ੍ਹ ਨੂੰ ਮਿੱਟੀ ਦੀਆਂ ਬੋਰੀਆਂ ਭਰ ਕੇ ਦੁਬਾਰਾ ਬਣਾਉਣ ਦੀ ਸੇਵਾ ਸ਼ੁਰੂ ਕਰ ਦਿੱਤੀ। ਇਸ ਮੌਕੇ ਹਾਜ਼ਰ ਡਰੇਨਜ਼ ਵਿਭਾਗ ਦੇ ਐਕਸੀਅਨ, ਐੱਸ. ਡੀ.ਐੱਮ., ਏ.ਡੀ.ਸੀ., ਐੱਸ.ਪੀ. ਹੈੱਡਕੁਆਰਟਰ ਜਲੰਧਰ ਦੀਆਂ ਉੱਘੀਆਂ ਸ਼ਖਸੀਅਤਾਂ ਅਤੇ ਪਿੰਡ ਵਾਸੀ ਹਾਜ਼ਰ ਸਨ, ਜਿਨ੍ਹਾਂ ਸੁਆਮੀ ਬਾਬਾ ਕਸ਼ਮੀਰਾ ਸਿੰਘ ਜੀ ਦਾ ਅਤੇ ਉਨ੍ਹਾਂ ਦੀ ਸੰਗਤ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ।