ਹੜ੍ਹ ਦੀ ਮਾਰ ਝੱਲ ਰਹੇ ਲੋਕ ਖੁੱਲ੍ਹੇ ਆਸਮਾਨ ਹੇਠ ਛੱਤਾਂ ''ਤੇ ''ਕੈਦ'', ਤਸਵੀਰਾਂ ''ਚ ਦੇਖੋ ਤਬਾਹੀ ਦਾ ਮੰਜ਼ਰ

Thursday, Aug 22, 2019 - 07:15 PM (IST)

ਹੜ੍ਹ ਦੀ ਮਾਰ ਝੱਲ ਰਹੇ ਲੋਕ ਖੁੱਲ੍ਹੇ ਆਸਮਾਨ ਹੇਠ ਛੱਤਾਂ ''ਤੇ ''ਕੈਦ'', ਤਸਵੀਰਾਂ ''ਚ ਦੇਖੋ ਤਬਾਹੀ ਦਾ ਮੰਜ਼ਰ

ਸ਼ਾਹਕੋਟ (ਅਰੁਣ)— ਸ਼ਾਹਕੋਟ ਸਬ-ਡਿਵੀਜ਼ਨ ਅਧੀਨ ਪੈਂਦੇ ਲੋਹੀਆਂ ਸਬ ਤਹਿਸੀਲ ਦੇ ਜਾਨੀਆ ਚਾਹਲ, ਗੱਟਾ ਮੁੰਡੀ ਕਾਸੂ, ਜਲਾਲਪੁਰ ਖੁਰਦ ਅਤੇ ਮੰਡਿਆਲਾ ਪਿੰਡਾਂ 'ਚ ਸਤਲੁਜ ਦਰਿਆ ਦਾ ਧੁੱਸੀ ਬੰਨ੍ਹ ਟੁੱਟ ਜਾਣ ਅਤੇ 6 ਹੋਰ ਪਿੰਡਾਂ ਨੇੜੇ ਸਤਲੁਜ ਦਰਿਆ ਅੰਦਰ ਬਣਾਏ ਗਏ ਅਡਵਾਂਸ ਬੰਨ੍ਹ ਟੁੱਟਣ ਕਾਰਨ ਇਨ੍ਹਾਂ ਪਿੰਡਾਂ ਦੇ ਨੇੜਲੇ ਕਈ ਪਿੰਡਾਂ 'ਚ ਪੂਰੀ ਤਰ੍ਹਾਂ ਨਾਲ ਪਾਣੀ ਭਰ ਚੁੱਕਾ ਹੈ।

PunjabKesari

ਹੜ੍ਹ ਪ੍ਰਭਾਵਿਤ ਇਨ੍ਹਾਂ ਪਿੰਡਾਂ 'ਚ ਲੋਕ ਆਪਣੇ ਘਰਾਂ ਦੀਆਂ ਛੱਤਾਂ ਉਤੇ ਰਹਿ ਰਹੇ ਹਨ। ਛੱਤਾਂ ਉਤੇ ਰਹਿ ਰਹੇ ਜ਼ਿਆਦਾਤਰ ਅਜਿਹੇ ਲੋਕਾਂ ਤੱਕ ਨਾ ਤਾਂ ਅਜੇ ਪ੍ਰਸ਼ਾਸਨ ਤਿਰਪਾਲਾਂ ਜਾਂ ਹੋਰ ਰਾਹਤ ਸਮੱਗਰੀ ਪਹੁੰਚਾ ਸਕਿਆ ਹੈ ਅਤੇ ਨਾ ਹੀ ਉਨ੍ਹਾਂ ਪਾਸ ਖਾਣ ਲਈ ਉਚਿਤ ਭੋਜਨ। ਕਈ ਲੋਕਾਂ ਕੋਲ ਤਾਂ ਪੀਣ ਲਈ ਸਾਫ ਪਾਣੀ ਤੱਕ ਨਹੀਂ ਹੈ। ਜਿਸ ਕਾਰਨ ਭੁੱਖੇ ਪਿਆਸੇ ਲੋਕ ਦਿਨ ਚੜ੍ਹਦੇ ਹੀ ਸੂਰਜ ਨਾਲ ਹੀ ਖੁੱਲ੍ਹੇ ਆਸਮਾਨ 'ਚ ਰਾਹਤ ਸਮਗੱਰੀ ਦੀ ਉਡੀਕ 'ਚ ਡਟ ਜਾਂਦੇ ਹਨ।

PunjabKesari

ਸਾਰੇ ਪਾਸੇ ਪਾਣੀ ਹੀ ਪਾਣੀ ਤੇ ਸੂਰਜ ਦੀ ਤੇਜ ਤਪਸ਼ ਕਾਰਨ ਇਨ੍ਹਾਂ ਪਿੰਡਾਂ 'ਚ ਗਰਮੀ ਵਧੇਰੇ ਹੋ ਗਈ ਹੈ। ਜਿਸ ਕਾਰਨ ਗਰਮੀ ਪੂਰੇ ਜੋਬਨ ਉਤੇ ਹੈ ਅਤੇ ਉਹ ਛੱਤਾਂ ਉਤੇ ਬੈਠੇ ਲੋਕਾਂ ਦੀਆਂ ਮੁਸ਼ਕਿਲਾਂ 'ਚ ਹੋਰ ਵੀ ਵਾਧਾ ਕਰ ਰਹੀ ਹੈ। ਪ੍ਰਸ਼ਾਸਨ ਵੱਲੋਂ ਅਜਿਹੇ ਲੋਕਾਂ ਲਈ ਬੀਤੇ ਦਿਨ ਸਵੇਰੇ ਖਾਣਾ ਪਹੁੰਚਾਉਣ ਦੇ ਮਕਸਦ ਨਾਲ ਹੈਲੀਕਾਪਟਰ ਤਾਇਨਾਤ ਕੀਤੇ ਗਏ, ਜੋ ਸਿਰਫ ਜਲੰਧਰ ਜ਼ਿਲੇ ਦੇ 21 ਹੜ੍ਹ ਪ੍ਰਭਾਵਿਤ ਪਿੰਡਾਂ ਅੰਦਰ 11 ਟਨ ਭੋਜਨ ਪਹੁੰਚਾਉਣਗੇ। ਪ੍ਰਸ਼ਾਸਨ ਦੀ ਇਸ ਕੋਸ਼ਿਸ ਦੇ ਬਾਵਜੂਦ ਵੀ ਹੜ੍ਹ ਪ੍ਰਭਾਵਿਤ ਕਈ ਪਰਿਵਾਰ ਅਜੇ ਵੀ ਰਾਹਤ ਸਮੱਗਰੀ ਤੋਂ ਵਾਂਝੇ ਹਨ। ਹੜ੍ਹ 'ਚ ਫਸੇ ਕੁਝ ਲੋਕਾਂ ਦਾ ਤਾਂ ਇਥੋਂ ਤਕ ਕਹਿਣਾ ਹੈ ਹੀ ਫੂਡ ਪੈਕਟ ਜਦ ਹੈਲੀਕਾਪਟਰ ਵੱਲੋਂ ਲੋਕਾਂ ਲਈ ਸੁੱਟੇ ਜਾ ਰਹੇ ਸਨ ਤਾਂ ਜ਼ਿਆਦਾਤਰ ਪੈਕਟ ਪਾਣੀ 'ਚ ਹੀ ਡਿੱਗ ਰਹੇ ਹਨ। ਜੋ ਖਾਣਯੋਗ ਵੀ ਨਹੀਂ ਰਹਿ ਰਹੇ। ਇਸ ਤੋਂ ਇਲਾਵਾ ਇਲਾਕੇ ਦੀਆਂ ਕੁਝ ਸਮਾਜ ਸੇਵੀ ਸੰਸਥਾਵਾਂ ਵੀ ਆਪਣੇ ਤੌਰ ਉਤੇ ਅਜਿਹੇ ਲੋਕਾਂ ਤਕ ਮਦਦ ਪਹੁੰਚਾਉਣ ਦੀ ਕੋਸ਼ਿਸ਼ 'ਚ ਹਨ।

PunjabKesari

ਹੜ੍ਹ ਪ੍ਰਭਾਵਿਤ ਲੋਕਾਂ ਕੋਲ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਦਵਾਈਆਂ ਦਾ ਕੋਈ ਖਾਸ ਪ੍ਰਬੰਧ ਨਹੀਂ ਹੈ। ਜਿਸ ਕਾਰਨ ਉਨ੍ਹਾਂ ਨੂੰ ਅਜਿਹੀ ਸਥਿਤੀ 'ਚ ਮੈਡੀਕਲ ਸਹੂਲਤ ਲੈਣ ਲਈ ਪਹਿਲਾਂ ਆਪਣੇ-ਆਪ ਨੂੰ ਹੜ੍ਹ ਪ੍ਰਭਾਵਿਤ ਖੇਤਰ 'ਚੋਂ ਕੱਢਣਾ ਵੀ ਆਸਾਨ ਨਹੀਂ ਹੈ। ਇਸੇ ਕਾਰਨ ਹੀ ਬੀਤੇ ਦਿਨੀਂ ਲੋਹੀਆਂ ਦੇ ਪਿੰਡ ਮੁੰਡੀ ਸ਼ਹਿਰੀਆਂ ਦੇ ਵਸਨੀਕ ਬਲਬੀਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਆਪਣੇ ਘਰਾਂ ਦੀ ਛੱਤਾਂ ਉਤੇ ਕੈਦ ਇਨ੍ਹਾਂ ਪਿੰਡਾਂ ਦੇ ਲੋਕ ਆਪਣਾ ਘਰ-ਬਾਰ ਛੱਡਣ ਨੂੰ ਤਿਆਰ ਨਹੀਂ ਹਨ। ਲੋਕ ਆਪਣੇ ਘਰਾਂ ਨੂੰ ਛੱਡ ਹੋਰ ਕਿਸੇ ਥਾਂ ਪ੍ਰਵਾਸ ਹੀ ਨਹੀਂ ਕਰਨਾ ਚਾਹੁੰਦੇ।

PunjabKesari

ਪ੍ਰਸ਼ਾਸਨ ਵੱਲੋਂ ਬੰਨ੍ਹ ਟੁੱਟਣ ਤੋਂ ਇਕ ਦਿਨ ਪਹਿਲਾਂ ਹੀ ਪੂਰੀ ਸਬ ਡਿਵੀਜ਼ਨ ਅੰਦਰ 8 ਰਿਲੀਫ ਸੈਂਟਰ ਸਥਾਪਤ ਕੀਤੇ ਗਏ ਸਨ। ਇਨ੍ਹਾਂ ਸੈਂਟਰਾਂ 'ਚ ਸ਼ਰਣ ਲੈਣ ਵਾਲਿਆਂ ਦੀ ਗਿਣਤੀ ਨਾ-ਮਾਤਰ ਹੀ ਹੈ। ਜੋ ਲੋਕ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਆ ਗਏ ਹਨ, ਉਹ ਜ਼ਿਆਦਾਤਰ ਆਪਣੇ ਰਿਸ਼ਤੇਦਾਰਾਂ ਦੇ ਘਰ ਰਹਿ ਰਹੇ ਹਨ।

PunjabKesari
ਬੇਜ਼ੁਬਾਨ ਪਸ਼ੂਆਂ ਦਾ ਕੌਣ ਸਹਾਰਾ
ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕਾਂ ਵੱਲੋਂ ਰੱਖੇ ਗਏ ਬੇਜ਼ੁਬਾਨ ਪਸ਼ੂ ਵੀ ਜ਼ਿਆਦਾਤਰ ਪਿੰਡਾਂ ਅੰਦਰ ਲੋਕਾਂ ਵੱਲੋਂ ਉਚੀਆਂ ਥਾਵਾਂ ਉਤੇ ਬੰਨ੍ਹੇ ਗਏ ਹਨ। ਅਜਿਹੀ ਸਥਿਤੀ ਵਿਚ ਪਸ਼ੂਆਂ ਲਈ ਚਾਰਾ ਵੀ ਉਪਲਬਧ ਨਹੀਂ ਹੈ। ਭੁੱਖੇ ਪਸ਼ੂ ਵੀ ਸਿਰਫ ਪ੍ਰਸ਼ਾਸਨ ਦੀ ਮਦਦ ਦੀ ਉਡੀਕ ਕਰ ਰਹੇ ਹਨ।


Related News