ਪੰਜਾਬ ''ਚ ਹੋ ਗਈ ਵੱਡੀ ਵਾਰਦਾਤ, ਲੁਟੇਰਿਆਂ ਨੇ ਅੱਧੀ ਰਾਤੀਂ ਦੁਕਾਨਦਾਰ ''ਤੇ ਕਰ''ਤੀ ਫਾਇਰਿੰਗ
Sunday, Aug 25, 2024 - 01:58 AM (IST)
ਕਾਲਾ ਸੰਘਿਆਂ (ਨਿੱਝਰ)- ਸਥਾਨਕ ਜਲੰਧਰ ਰੋਡ ‘ਤੇ ਅੱਧੀ ਰਾਤੀਂ ਵੱਡੀ ਵਾਰਦਾਤ ਹੋਣ ਦੀ ਜਾਣਕਾਰੀ ਮਿਲੀ ਹੈ, ਜਿੱਥੇ ਲੁਟੇਰਿਆਂ ਵੱਲੋਂ ਦੇਰ ਰਾਤ ਇੱਕ ਦੁਕਾਨਦਾਰ ਰਾਜੂ ਸਪਰਾ ‘ਤੇ ਗੋਲੀਆਂ ਚਲਾ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ ਹੈ। ਇਸ ਖ਼ਬਰ ਨਾਲ ਪਿੰਡ ਤੇ ਇਲਾਕੇ ਦੇ ਲੋਕਾਂ ਵਿੱਚ ਡਰ ਤੇ ਸਹਿਮ ਦਾ ਮਾਹੌਲ ਬਣ ਗਿਆ ਹੈ ਤੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਇਸ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਸਥਾਨਕ ਜਲੰਧਰ ਰੋਡ ‘ਤੇ ਸਥਿਤ ਇਕ ਕਰਿਆਨੇ ਦੀ ਦੁਕਾਨ ਦੇ ਮਾਲਕ ਰਾਜੂ ਸਪਰਾ ਦੀ ਦੁਕਾਨ 'ਤੇ ਲੁੱਟ ਖੋਹ ਦੀ ਨੀਅਤ ਨਾਲ ਦੋ ਲੁਟੇਰਿਆਂ ਵੱਲੋਂ ਦੇਰ ਰਾਤ ਕਰੀਬ 11 ਵਜੇ ਹਮਲਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਦੁਕਾਨਦਾਰ ਦੀ ਲੱਤ 'ਚ ਗੋਲ਼ੀ ਮਾਰੇ ਜਾਣ ਦੀ ਖ਼ਬਰ ਹੈ।
ਰਾਜੂ ਸਪਰਾ ਨੂੰ ਇਨ੍ਹਾਂ ਲੁਟੇਰਿਆਂ ਨਾਲ ਗੁੱਥਮ-ਗੁੱਥਾ ਹੁੰਦਿਆਂ ਵੇਖ ਕੇ ਨੇੜਿਓਂ ਲੰਘ ਰਹੇ ਨਿਹੰਗ ਸਿੰਘ ਬਾਬਾ ਹਰੀ ਸਿੰਘ ਕਲਿਆਣਪੁਰ ਵਾਲਿਆਂ ਵੱਲੋਂ ਜਦ ਉਕਤ ਦੋਸ਼ੀ ਨੌਜਵਾਨਾਂ ਨੂੰ ਕਾਬੂ ਕਰਨ ਦਾ ਯਤਨ ਕੀਤਾ ਗਿਆ ਤਾਂ ਉਨ੍ਹਾਂ 'ਤੇ ਵੀ ਭੱਜੇ ਜਾਂਦੇ ਲੁਟੇਰੇ ਨੇ ਗੋਲ਼ੀ ਚਲਾ ਦਿੱਤੀ, ਪਰ ਉਨ੍ਹਾਂ ਦਾ ਬਚਾਅ ਹੋ ਗਿਆ।
ਇਸ ਘਟਨਾ ਦੇ ਵਿੱਚ ਕੁਲ ਤਿੰਨ ਫਾਇਰ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ, ਪਰ ਨਿਹੰਗ ਸਿੰਘਾਂ ਤੇ ਦੁਕਾਨਦਾਰ ਦੀ ਹਿੰਮਤ ਦੇ ਨਾਲ ਇੱਕ ਲੁਟੇਰਾ ਘਟਨਾ ਸਥਾਨ 'ਤੇ ਕਾਬੂ ਕਰ ਲਿਆ ਗਿਆ, ਜਿਸ ਨੇ ਆਪਣੀ ਪਛਾਣ ਦਲਜੀਤ ਪੰਮਾ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਔਜਲਾ ਦੱਸੀ ਹੈ, ਜਦਕਿ ਉਸ ਨੇ ਦੱਸਿਆ ਕਿ ਉਸ ਦੇ ਨਾਲ ਉਸ ਦਾ ਸਾਥੀ ਰਾਜੂ ਅਹਿਮਦਪੁਰ ਸੀ, ਜਿਸ ਨੇ ਗੋਲੀਆਂ ਚਲਾਈਆਂ ਸਨ। ਵਾਰਦਾਤ ਮਗਰੋਂ ਉਹ ਲਾਂਬੜੇ ਵੱਲ ਨੂੰ ਜਾ ਰਹੇ ਸਨ ਤੇ ਅਸਲਾ ਵੀ ਉਸ ਦੇ ਕੋਲ ਹੀ ਸੀ।
ਇਹ ਦੋਵੇਂ ਲੁਟੇਰੇ ਮੋਟਰਸਾਈਕਲ ‘ਤੇ ਸਵਾਰ ਸਨ ਤੇ ਮੋਟਰਸਾਈਕਲ ਵੀ ਕਾਬੂ ਕਰ ਲਿਆ ਗਿਆ ਹੈ। ਇਸੇ ਦੌਰਾਨ ਘਟਨਾ ਦੀ ਸੂਚਨਾ ਮਿਲਦੇ ਸਾਰ ਡੀ.ਐੱਸ.ਪੀ. ਕਪੂਰਥਲਾ ਹਰਪ੍ਰੀਤ ਸਿੰਘ, ਐੱਸ.ਐੱਚ.ਓ. ਸਦਰ ਸੋਨਮਦੀਪ ਕੌਰ ਤੇ ਸਥਾਨਕ ਚੌਂਕੀ ਇੰਚਾਰਜ ਅਮਰਜੀਤ ਸਿੰਘ ਏ.ਐੱਸ.ਆਈ. ਸਮੇਤ ਪੁਲਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਲੁਟੇਰੇ ਨੂੰ ਹਿਰਾਸਤ 'ਚ ਲੈ ਲਿਆ ਹੈ ਤੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
ਪੁਲਸ ਵੱਲੋਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਦੇ ਨਾਲ ਫਰਾਰ ਲੁਟੇਰੇ ਤੱਕ ਪੁੱਜਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਜ਼ਖਮੀ ਨੌਜਵਾਨ ਰਾਜੂ ਨੂੰ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ, ਜਿਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ- Love Marriage ਕਰਵਾਉਣ ਵਾਲੇ ਜੋੜੇ ਨੇ ਮੰਗੀ ਸੁਰੱਖਿਆ, ਅਦਾਲਤ ਨੇ ਉਨ੍ਹਾਂ 'ਤੇ ਹੀ ਕਰ'ਤੀ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e