ਚਾਲਕ ਨੇ ਸਾਬਕਾ ਸਰਪੰਚ ਸਮੇਤ 2 'ਤੇ ਚੜ੍ਹਾਈ ਗੱਡੀ, ਕੀਤੀ ਹਵਾਈ ਫਾਇੰਰਿੰਗ

Thursday, Apr 30, 2020 - 02:20 PM (IST)

ਚਾਲਕ ਨੇ ਸਾਬਕਾ ਸਰਪੰਚ ਸਮੇਤ 2 'ਤੇ ਚੜ੍ਹਾਈ ਗੱਡੀ, ਕੀਤੀ ਹਵਾਈ ਫਾਇੰਰਿੰਗ

ਮੋਗਾ (ਆਜ਼ਾਦ): ਮੋਗਾ ਦੇ ਨੇੜਲੇ ਪਿੰਡ ਤਾਰੇਵਾਲਾ 'ਚ ਪੰਚਾਇਤੀ ਚੋਣਾਂ ਦੀ ਚੱਲਦੀ ਆ ਰਹੀ ਰੰਜਿਸ਼ ਨੂੰ ਲੈ ਕੇ ਮਨੀਲਾ ਰਹਿੰਦੇ ਇਕ ਵਿਅਕਤੀ ਵੱਲੋਂ ਪਿੰਡ ਦੇ ਸਾਬਕਾ ਸਰਪੰਚ ਜਸਦੀਪ ਸਿੰਘ ਉਰਫ ਭੋਲਾ ਅਤੇ ਅਮੋਲਕਪ੍ਰੀਤ ਸਿੰਘ 'ਤੇ ਗੱਡੀ ਚੜਾ ਕੇ ਉਨ੍ਹਾਂ ਨੂੰ ਬੂਰੀ ਤਰ੍ਹਾਂ ਨਾਲ ਜ਼ਖਮੀ ਕੀਤੇ ਜਾਣ ਦੇ ਇਲਾਵਾ ਆਪਣੇ ਘਰ 'ਚ ਜਾ ਕੇ ਹਵਾਈ ਫਾਇਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਦੋਵਾਂ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ। ਡਾਕਟਰਾਂ ਨੇ ਅਮੋਲਕਪ੍ਰੀਤ ਸਿੰਘ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਡੀ.ਐੱਮ.ਸੀ.ਲੁਧਿਆਣਾ ਰੈਫਰ ਕਰ ਦਿੱਤਾ, ਉਥੇ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਸ ਸਬੰਧ 'ਚ ਥਾਣਾ ਸਿਟੀ ਮੋਗਾ ਵਲੋਂ ਸਾਬਕਾ ਸਰਪੰਚ ਭੋਲਾ ਦੀ ਸ਼ਿਕਾਇਤ 'ਤੇ ਚਮਕੌਰ ਸਿੰਘ ਪੁੱਤਰ ਹਰਨੇਕ ਸਿੰਘ ਨਿਵਾਸੀ ਪਿੰਡ ਤਾਰੇਵਾਲਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਸਾਬਕਾ ਸਰਪੰਚ ਜਸਦੀਪ ਸਿੰਘ ਉਰਫ ਭੋਲਾ ਨੇ ਕਿਹਾ ਕਿ ਉਹ ਸੜਕ 'ਤੇ ਚੱਕਰ ਮਾਰਨ ਲਈ ਗਿਆ ਸੀ, ਤਾਂ ਦੋਸ਼ੀ ਆਪਣੀ ਗੱਡੀ 'ਤੇ ਆਇਆ, ਜਿਸ ਨੇ ਕਥਿਤ ਤੌਰ 'ਤੇ ਸ਼ਰਾਬ ਪੀ ਰੱਖੀ ਸੀ ਤੇ ਉਸਨੇ ਉਕਤ ਗੱਡੀ ਲਾਪ੍ਰਵਾਹੀ ਨਾਲ ਚਲਾਉਂਦੇ ਹੋਏ ਪਹਿਲਾਂ ਅਮੋਲਕਪ੍ਰੀਤ ਸਿੰਘ 'ਤੇ ਚੜ੍ਹਾ ਦਿੱਤੀ, ਜਿਸ ਕਾਰਨ ਉਸ ਨੂੰ ਬੂਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ। ਇਸ ਦੇ ਬਾਅਦ ਉਸਨੇ ਗੱਡੀ ਨੂੰ ਮੇਰੇ 'ਤੇ ਚੜਾ ਦਿੱਤਾ, ਜਦ ਅਸੀਂ ਰੋਲਾ ਪਾਇਆ ਤਾਂ ਦੋਸ਼ੀ ਜੋ ਮਨੀਲਾ ਤੋਂ ਆਇਆ ਹੋਇਆ ਹੈ। ਗੱਡੀ ਭਜਾ ਕੇ ਆਪਣੇ ਘਰ 'ਚ ਲੈ ਗਿਆ ਅਤੇ ਉਸਨੇ ਸਾਨੂੰ ਧਮਕਾਉਣ ਲਈ ਆਪਣੀ ਰਾਈਫਲ ਨਾਲ ਹਵਾਈ ਫਾਇਰ ਕਰਨੇ ਸ਼ੁਰੂ ਕਰ ਦਿੱਤੇ।

ਸਾਬਕਾ ਸਰਪੰਚ ਨੇ ਕਿਹਾ ਕਿ ਮੈਨੂੰ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ ਅਤੇ ਅਮੋਲਕਪ੍ਰੀਤ ਸਿੰਘ ਡੀ. ਐੱਮ. ਸੀ. ਲੁਧਿਆਣਾ 'ਚ ਇਲਾਜ ਅਧੀਨ ਹੈ। ਸਾਬਕਾ ਸਰਪੰਚ ਨੇ ਦੋਸ਼ ਲਾਇਆ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਸਾਡਾ ਪੁਰਾਣਾ ਝਗੜਾ ਚੱਲਦਾ ਆ ਰਿਹਾ ਹੈ। ਇਸ ਰੰਜਿਸ਼ ਕਾਰਨ ਉਸਨੇ ਮੇਰੇ 'ਤੇ ਗੱਡੀ ਚੜਾ ਕੇ ਜਾਨ ਤੋਂ ਮਾਰਨ ਦਾ ਯਤਨ ਕੀਤਾ, ਪਰ ਮੈਂ ਬਚ ਗਿਆ। ਉਸਨੇ ਜ਼ਿਲਾ ਪੁਲਸ ਮੁਖੀ ਤੋਂ ਗੁਹਾਰ ਲਾਈ ਕਿ ਉਕਤ ਮਾਮਲੇ ਦੀ ਜਾਂਚ ਕਰਵਾਈ ਜਾਵੇ। ਸਹਾਇਕ ਥਾਣੇਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਉਸ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਜੁਡੀਸ਼ੀਅਲ ਹਿਰਾਸਤ 'ਚ ਭੇਜਣ ਦਾ ਆਦੇਸ਼ ਦਿੱਤਾ।


author

Shyna

Content Editor

Related News