ਘਰ 'ਚ ਠਾਹ-ਠਾਹ ਚੱਲੀਆਂ ਗੋਲੀਆਂ, ਗਲੀ 'ਚ ਦੌੜਿਆ ਖੂਨ ਨਾਲ ਲਥਪੱਥ ਬੰਦਾ

10/18/2019 11:08:31 AM

ਮੋਹਾਲੀ (ਕੁਲਦੀਪ ਸਿੰਘ) : ਪਿੰਡ ਕੁੰਭੜਾ ਦੇ ਮੁਹੱਲਾ ਘੁਮਿਆਰਾਂ 'ਚ ਸ਼ੁੱਕਰਵਾਰ ਨੂੰ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ 2 ਨੌਜਵਾਨ ਅਚਾਨਕ ਇਕ ਘਰ 'ਚ ਵੜੇ ਅਤੇ ਘਰ ਦੇ ਮੁਖੀ 'ਤੇ ਠਾਹ-ਠਾਹ ਗੋਲੀਆਂ ਚਲਾ ਮੌਕੇ ਤੋਂ ਫਰਾਰ ਹੋ ਗਏ। ਗੋਲੀਆਂ ਵੱਜਦੇ ਸਾਰ ਹੀ ਘਰ ਦਾ ਮੁਖੀ ਬੀਰ ਸਿੰਘ ਖੂਨ ਨਾਲ ਲਿੱਬੜਿਆ ਹੋਇਆ ਗਲੀ 'ਚ ਦੌੜਿਆ ਅਤੇ ਬਚਾਓ-ਬਚਾਓ ਦਾ ਰੌਲਾ ਪਾਉਣ ਲੱਗਾ, ਫਿਰ ਮੌਕੇ 'ਤੇ ਡਿਗ ਪਿਆ। ਬਾਅਦ 'ਚ ਉਸ ਨੂੰ ਪਰਿਵਾਰਕ ਮੈਂਬਰਾਂ ਵਲੋਂ ਹਸਪਤਾਲ 'ਚ ਦਾਖਲ ਕਰਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ।
ਜਾਣੋ ਕੀ ਹੈ ਪੂਰਾ ਮਾਮਲਾ
ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਕੁੰਭੜਾ ਵਾਸੀ ਬੀਰ ਸਿੰਘ ਮਿੱਟੀ ਦੇ ਭਾਂਡੇ ਬਣਾਉਣ ਦਾ ਕੰਮ ਕਰਦਾ ਹੈ ਅਤੇ ਉਹ ਕੁੰਭੜਾ ਲਾਈਟਾਂ ਦੇ ਨਜ਼ਦੀਕ ਸੜਕ ਕਿਨਾਰੇ ਭਾਂਡੇ ਅਤੇ ਮਿੱਟੀ ਦੇ ਹੋਰ ਮੂਰਤੀਆਂ ਗਮਲੇ ਆਦਿ ਵੇਚਦਾ ਹੈ। ਲਗਭਗ ਤਿੰਨ ਸਾਲ ਪਹਿਲਾਂ ਕੁੰਭੜਾ ਲਾਈਟਾਂ ਦੇ ਨਜ਼ਦੀਕ ਉਸ ਦੀ ਭਾਂਡਿਆਂ ਦੀ ਦੁਕਾਨ 'ਤੇ ਇੱਕ ਨੌਜਵਾਨ ਦਾ ਕੁਝ ਨੌਜਵਾਨਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਅਤੇ ਬੀਰ ਸਿੰਘ ਉਸ ਕਤਲ ਕੇਸ 'ਚ ਚਸ਼ਮਦੀਦ ਗਵਾਹ ਸੀ।
ਗਵਾਹੀ ਦੇਣ ਤੋਂ ਰੋਕਦੇ ਸੀ ਕਾਤਲ
ਕੇਸ ਦੀ ਸੁਣਵਾਈ ਤੋਂ ਪਹਿਲਾਂ ਕਾਤਲ ਨੌਜਵਾਨ ਬੀਰ ਸਿੰਘ ਨੂੰ ਵਾਰ-ਵਾਰ ਕੇਸ 'ਚ ਗਵਾਹੀ ਦੇਣ ਤੋਂ ਰੋਕਦੇ ਰਹਿੰਦੇ ਸਨ ਅਤੇ ਕਈ ਵਾਰ ਪੈਸਿਆਂ ਦਾ ਲਾਲਚ ਵੀ ਦੇ ਚੁੱਕੇ ਸਨ ਪਰ ਬੀਰ ਸਿੰਘ ਆਪਣੀ ਸੱਚਾਈ 'ਤੇ ਅਟੱਲ ਰਹਿ ਰਿਹਾ ਸੀ ਅਤੇ ਉਸ ਨੇ ਨੌਜਵਾਨਾਂ ਨੂੰ ਗਵਾਹੀ ਲਈ ਰੁਕਣ ਤੋਂ ਜਵਾਬ ਦਿੱਤਾ ਸੀ। ਅੱਜ ਸ਼ੁੱਕਰਵਾਰ ਨੂੰ ਸਵੇਰੇ 6 ਵਜੇ ਕਰੀਬ ਦੋ ਨੌਜਵਾਨ ਉਸ ਦੇ ਘਰ ਆਏ, ਜਿਨ੍ਹਾਂ ਨੇ ਘਰ ਚਾਹ ਵੀ ਪੀਤੀ ਅਤੇ ਉਸ ਨੂੰ ਬਕਾਇਦਾ ਅਹਿਸਾਸ ਕਰਵਾਇਆ ਕਿ ਤੂੰ ਗਵਾਹੀ ਦੇਣ ਤੋਂ ਟਲ਼ ਨਹੀਂ ਰਿਹਾ। ਇੰਨਾ ਕਹਿੰਦਿਆਂ ਹੀ ਹਮਲਾਵਰ ਨੌਜਵਾਨਾਂ ਨੇ ਪਿਸਤੌਲ ਕੱਢ ਕੇ ਉਸ ਦੇ ਤਿੰਨ ਗੋਲੀਆਂ ਮਾਰੀਆਂ ਅਤੇ ਫਰਾਰ ਹੋ ਗਏ।


Babita

Content Editor

Related News