ਮਾਣਕਢੇਰੀ ''ਚ ਫਾਇਰਿੰਗ ਕਰ ਕੇ ਦਹਿਸ਼ਤ ਫੈਲਾਉਣ ਦਾ ਮਾਮਲਾ ਪਰਦਾਫਾਸ਼

01/28/2020 4:21:13 PM

ਹੁਸ਼ਿਆਰਪੁਰ (ਅਮਰਿੰਦਰ) : ਥਾਣਾ ਬੁੱਲ੍ਹੋਵਾਲ ਦੇ ਪਿੰਡ ਮਾਣਕਢੇਰੀ ਵਿਚ 26 ਜੂਨ 2019 ਦੀ ਰਾਤ ਨੂੰ ਐੱਨ. ਆਰ. ਆਈ. ਸਾਹਿਬ ਸਿੰਘ ਦੇ ਘਰ ਦੇ ਬਾਹਰ ਦਹਿਸ਼ਤ ਫੈਲਾਉਣ ਦੀ ਨੀਅਤ ਨਾਲ ਫਾਇਰਿੰਗ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਦੋਸ਼ੀਆਂ ਨੂੰ ਮੀਡੀਆ ਸਾਹਮਣੇ ਪੇਸ਼ ਕਰ ਕੇ ਪੁਲਸ ਨੇ ਪੂਰੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਬੁੱਲ੍ਹੋਵਾਲ ਥਾਣੇ 'ਚ ਕੀਤੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਡੀ. ਐੱਸ. ਪੀ. (ਆਰ) ਸਤਿੰਦਰ ਕੁਮਾਰ ਚੱਢਾ ਅਤੇ ਐੱਸ. ਐੱਚ. ਓ. ਇੰਸਪੈਕਟਰ ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਹਿਬਾਜ਼ ਸਿੰਘ ਸਾਹੂ ਨਿਵਾਸੀ ਹੁਸ਼ਿਆਰਪੁਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਗੁਪਤ ਸੂਚਨਾ ਦੇ ਆਧਾਰ 'ਤੇ ਹਰਿਆਣਾ ਦੇ ਰਹਿਣ ਵਾਲੇ ਇਕ ਦੋਸ਼ੀ ਪਰਮਿੰਦਰ ਸਿੰਘ ਉਰਫ ਘੋੜੀ ਨੂੰ ਹੁਸੈਨਪੁਰ ਗੁਰੂ ਕਾ ਪਿੰਡ ਨੇੜਿਓਂ ਪਿਸਤੌਲ, 4 ਜ਼ਿੰਦਾ ਕਾਰਤੂਸਾਂ ਅਤੇ 2 ਮੈਗਜ਼ੀਨ ਸਮੇਤ ਗ੍ਰਿਫ਼ਤਾਰ ਕੀਤਾ ਸੀ।

ਪੁਲਸ ਰਿਮਾਂਡ ਦੌਰਾਨ ਪੁੱਛਗਿੱਛ 'ਚ ਸਾਹੂ ਨੇ ਮੰਨਿਆ ਕਿ 26 ਜੂਨ 2019 ਨੂੰ ਦਹਿਸ਼ਤ ਫੈਲਾਉਣ ਦੀ ਨੀਅਤ ਨਾਲ ਉਸ ਨੇ ਆਪਣੇ 2 ਹੋਰ ਸਾਥੀਆਂ ਨਾਲ ਮਿਲ ਕੇ ਫਾਇਰਿੰਗ ਕੀਤੀ ਸੀ। ਫਾਇਰਿੰਗ ਕਰਨ ਤੋਂ ਬਾਅਦ ਪਿਸਤੌਲ ਅਸੀਂ ਪਰਮਿੰਦਰ ਸਿੰਘ ਉਰਫ ਘੋੜੀ ਨੂੰ ਦੇ ਦਿੱਤੀ ਸੀ।
ਡੀ. ਐੱਸ. ਪੀ. ਚੱਢਾ ਨੇ ਦੱਸਿਆ ਕਿ ਸੋਮਵਾਰ ਨੂੰ ਦੋਵਾਂ ਦੋਸ਼ੀਆਂ ਸਾਹੂ ਅਤੇ ਪਰਮਿੰਦਰ ਸਿੰਘ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਦੋਵਾਂ ਨੂੰ ਨਿਆਇਕ ਹਿਰਾਸਤ ਵਿਚ ਜੇਲ ਭੇਜ ਦਿੱਤਾ ਗਿਆ।

ਜੇਲ 'ਚ ਰਚੀ ਗਈ ਸੀ ਫਾਇਰਿੰਗ ਦੀ ਸਾਜ਼ਿਸ਼
ਡੀ. ਐੱਸ. ਪੀ. (ਆਰ) ਸਤਿੰਦਰ ਕੁਮਾਰ ਚੱਢਾ ਅਤੇ ਐੈੱਸ. ਐੱਚ. ਓ. ਇੰਸਪੈਕਟਰ ਦਿਲਬਾਗ ਸਿੰਘ ਨੇ ਦੱਸਿਆ ਕਿ ਪੁੱਛਗਿੱਛ 'ਚ ਪਤਾ ਲੱਗਾ ਹੈ ਕਿ ਨਿਊਜ਼ੀਲੈਂਡ ਵਿਚ ਕਬੱਡੀ ਕਲੱਬ ਦੇ ਮਾਮਲੇ 'ਚ ਵਿਵਾਦ ਹੋਇਆ ਸੀ। ਵਿਰੋਧੀ ਧੜੇ ਦੇ ਲੋਕਾਂ ਨੇ ਦੂਜੇ ਧੜੇ ਨੂੰ ਡਰਾਉਣ ਲਈ ਹੁਸ਼ਿਆਰਪੁਰ ਦੇ ਪਿੰਡ ਮਾਣਕਢੇਰੀ ਵਿਚ ਫਾਇਰਿੰਗ ਕਰ ਕੇ ਦਹਿਸ਼ਤ ਫੈਲਾਉਣ ਦੀ ਯੋਜਨਾ ਬਣਾਈ ਸੀ। ਪੁਲਸ ਨੇ 26 ਜੂਨ ਨੂੰ ਮਾਣਕਢੇਰੀ ਵਿਚ ਫਾਇਰਿੰਗ ਮਾਮਲੇ ਵਿਚ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਉਨ੍ਹਾਂ ਅਨੁਸਾਰ ਪੁੱਛਗਿੱਛ 'ਚ ਸਾਹੂ ਨੇ ਦੱਸਿਆ ਕਿ ਨਿਊਜ਼ੀਲੈਂਡ ਵਿਚ ਰਹਿਣ ਵਾਲੇ ਦੋਸ਼ੀਆਂ ਨੇ ਪੰਜਾਬ ਦੀ ਜੇਲ ਵਿਚ ਬੰਦ ਗੈਂਗਸਟਰਾਂ ਜ਼ਰੀਏ ਮਾਣਕਢੇਰੀ ਵਿਚ ਫਾਇਰਿੰਗ ਕਰਨ ਦੀ ਯੋਜਨਾ ਬਣਾਈ ਸੀ।

ਕੁੱਲ 8 ਦੋਸ਼ੀਆਂ ਖਿਲਾਫ਼ ਦਰਜ ਕੀਤਾ ਜਾਵੇਗਾ ਮਾਮਲਾ
ਡੀ. ਐੱਸ. ਪੀ. (ਆਰ) ਸਤਿੰਦਰ ਕੁਮਾਰ ਚੱਢਾ ਅਤੇ ਐੱਸ. ਐੱਚ. ਓ. ਇੰਸਪੈਕਟਰ ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲਸ ਨੇ ਅਣਪਛਾਤੇ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕੀਤਾ ਸੀ ਪਰ ਪੁੱਛਗਿੱਛ ਵਿਚ ਹੋਏ ਖੁਲਾਸੇ ਤੋਂ ਬਾਅਦ ਹੁਣ ਪੁਲਸ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ। ਹੁਣ ਤੱਕ ਇਸ ਮਾਮਲੇ 'ਚ ਕੁੱਲ 8 ਦੋਸ਼ੀਆਂ ਦੀ ਪਛਾਣ ਹੋਈ ਹੈ, ਜਿਨ੍ਹਾਂ ਖਿਲਾਫ਼ ਪੁਲਸ ਧਾਰਾ 307, 120-ਬੀ, 148, 149 ਦੇ ਨਾਲ-ਨਾਲ ਆਰਮਜ਼ ਐਕਟ ਅਧੀਨ ਕੇਸ ਦਰਜ ਕਰਨ ਜਾ ਰਹੀ ਹੈ।
 


Anuradha

Content Editor

Related News