ਪਟਾਕੇ ਦੀ ਚਿੰਗਾਰੀ ਤੋਂ ਮਚੇ ਭਾਂਬੜ, 3 ਮੰਜ਼ਿਲਾ ਹੌਜ਼ਰੀ ਫੈਕਟਰੀ ਸੜ ਕੇ ਸੁਆਹ
Tuesday, Nov 10, 2026 - 08:51 PM (IST)
ਲੁਧਿਆਣਾ (ਰਾਜ): ਮਹਾਨਗਰ ਦੇ ਨਿਊ ਸੁਭਾਸ਼ ਨਗਰ ਇਲਾਕੇ ਵਿਚ ਸੋਮਵਾਰ ਦੇਰ ਰਾਤ ਉਸ ਸਮੇਂ ਹਫੜਾ-ਦਫੜੀ ਮੱਚ ਗਈ, ਜਦੋਂ ਇੱਥੇ ਇਕ ਤਿੰਨ ਮੰਜ਼ਿਲਾ ਹੋਜ਼ਰੀ ਫੈਕਟਰੀ ਵਿਚ ਭਿਆਨਕ ਅੱਗ ਭੜਕ ਉੱਠੀ। ਅੱਗ ਦੀਆਂ ਲਪਟਾਂ ਇੰਨੀਆਂ ਭਿਆਨਕ ਸਨ ਕਿ ਵੇਖਦਿਆਂ ਹੀ ਵੇਖਦਿਆਂ ਉਸ ਨੇ ਪੂਰੀ ਤਿੰਨ ਮੰਜ਼ਿਲਾ ਇਮਾਰਤ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਅਸਮਾਨ ਵਿਚ ਧੂੰਏਂ ਦਾ ਗੁਬਾਰ ਛਾ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਵਿਭਾਗ ਵਿਚ ਭਾਜੜਾਂ ਪੈ ਗਈਆਂ। ਇਕ ਤੋਂ ਬਾਅਦ ਇਕ ਲਗਭਗ 20 ਤੋਂ 22 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਬੁਲਾਈਆਂ ਗਈਆਂ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਲਗਭਗ 3 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾਇਆ।
ਸਥਾਨਕ ਨਿਵਾਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ, ਰਾਹੋਂ ਰੋਡ ਸਥਿਤ ਸ਼ਨੀ ਦੇਵ ਮੰਦਰ ਵਾਲੀ ਗਲੀ ਵਿਚ 'ਬੀ.ਬੀ.ਐੱਮ. (BBM) ਹੋਜ਼ਰੀ' ਦੀ ਤਿੰਨ ਮੰਜਿਲਾ ਇਮਾਰਤ ਸਥਿਤ ਹੈ। ਸੋਮਵਾਰ ਦੀ ਰਾਤ ਅਚਾਨਕ ਫੈਕਟਰੀ ਦੀ ਇਕ ਮੰਜ਼ਿਲ ਤੋਂ ਧੂੰਆਂ ਅਤੇ ਲਪਟਾਂ ਨਿਕਲਦੀਆਂ ਵੇਖੀਆਂ ਗਈਆਂ। ਮੌਕੇ ਦੇ ਗਵਾਹਾਂ ਦਾ ਕਹਿਣਾ ਹੈ ਕਿ ਇਹ ਭਿਆਨਕ ਅਗਨੀਕਾਂਡ ਕਿਸੇ ਅਣਜਾਣ ਪਟਾਕੇ ਦੀ ਚਿੰਗਾਰੀ ਡਿੱਗਣ ਕਾਰਨ ਹੋਇਆ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਬਾਹਰੋਂ ਆਇਆ ਕੋਈ ਬਲਦਾ ਹੋਇਆ ਪਟਾਕਾ ਸਿੱਧਾ ਫੈਕਟਰੀ ਦੇ ਅੰਦਰ ਜਾ ਡਿੱਗਿਆ।
ਚੂੰਕਿ ਫੈਕਟਰੀ ਦੇ ਅੰਦਰ ਭਾਰੀ ਮਾਤਰਾ ਵਿੱਚ ਸਕੂਲ ਯੂਨੀਫਾਰਮ, ਧਾਗਾ ਅਤੇ ਕੱਪੜਾ ਰੱਖਿਆ ਹੋਇਆ ਸੀ, ਇਸ ਲਈ ਇਸ ਜਲਨਸ਼ੀਲ ਕੱਚੇ ਮਾਲ ਨੇ ਪਲ ਭਰ ਵਿੱਚ ਅੱਗ ਫੜ ਲਈ ਅਤੇ ਕੁਝ ਹੀ ਮਿੰਟਾਂ ਵਿੱਚ ਪੂਰੀ ਤਿੰਨ ਮੰਜਿਲਾ ਇਮਾਰਤ ਅੱਗ ਦੇ ਗੋਲੇ ਵਿੱਚ ਤਬਦੀਲ ਹੋ ਗਈ। ਫੈਕਟਰੀ ਘਣੀ ਆਬਾਦੀ ਅਤੇ ਰਿਹਾਇਸ਼ੀ ਇਲਾਕੇ ਵਿੱਚ ਸਥਿਤ ਹੋਣ ਕਰਕੇ ਆਸ-ਪਾਸ ਦੇ ਲੋਕਾਂ ਵਿੱਚ ਭਾਰੀ ਦਹਿਸ਼ਤ ਫੈਲ ਗਈ। ਅੱਗ ਦੀਆਂ ਭਿਆਨਕ ਲਪਟਾਂ ਅਤੇ ਤਪਸ਼ ਨੂੰ ਵੇਖ ਕੇ ਗੁਆਂਢੀਆਂ ਨੂੰ ਡਰ ਸਤਾਉਣ ਲੱਗਾ ਕਿ ਕਿਤੇ ਅੱਗ ਉਨ੍ਹਾਂ ਦੇ ਘਰਾਂ ਨੂੰ ਵੀ ਆਪਣੀ ਲਪੇਟ ਵਿੱਚ ਨਾ ਲੈ ਲਵੇ। ਲੋਕ ਬਦਹਵਾਸ ਹੋ ਕੇ ਆਪਣੇ-ਆਪਣੇ ਘਰਾਂ ਤੋਂ ਬਾਅਦ ਨਿਕਲ ਆਏ ਅਤੇ ਗਲੀ ਵਿੱਚ ਅਫ਼ਰਾ-ਤਫ਼ਰੀ ਮਚ ਗਈ।
ਸਥਾਨਕ ਲੋਕਾਂ ਨੇ ਤੁਰੰਤ ਬਾਲਟੀਆਂ ਨਾਲ ਪਾਣੀ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਲਪਟਾਂ ਬੇਕਾਬੂ ਹੁੰਦੀਆਂ ਵੇਖ ਕੇ ਫ਼ੌਰਨ ਫਾਇਰ ਬ੍ਰਿਗੇਡ ਵਿਭਾਗ ਅਤੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਵਿਭਾਗ ਦੀਆਂ ਟੀਮਾਂ ਤੁਰੰਤ ਹਰਕਤ ਵਿੱਚ ਆਈਆਂ। ਇਲਾਕਾ ਬੇਹੱਦ ਤੰਗ ਹੋਣ ਕਰਕੇ ਫਾਇਰ ਬ੍ਰਿਗੇਡ ਦੇ ਵਾਹਨਾਂ ਨੂੰ ਘਟਨਾ ਸਥਾਨ ਤੱਕ ਪਹੁੰਚਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅੱਗ ਦੀ ਗੰਭੀਰਤਾ ਨੂੰ ਵੇਖਦਿਆਂ ਸ਼ਹਿਰ ਦੇ ਵੱਖ-ਵੱਖ ਫਾਇਰ ਸਟੇਸ਼ਨਾਂ ਤੋਂ ਲਗਾਤਾਰ 20 ਤੋਂ 22 ਗੱਡੀਆਂ ਬੁਲਾਉਣੀਆਂ ਪਈਆਂ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਚਾਰੇ ਪਾਸਿਓਂ ਪਾਣੀ ਅਤੇ ਕੈਮੀਕਲ ਫੋਮ ਦੀਆਂ ਲਗਾਤਾਰ ਬੌਛਾਰਾਂ ਕੀਤੀਆਂ। ਲਗਭਗ 3 ਘੰਟੇ ਚੱਲੇ ਸੰਘਣੇ ਰੈਸਕਿਊ ਆਪ੍ਰੇਸ਼ਨ ਤੋਂ ਬਾਅਦ ਅੱਗ ਨੂੰ ਪੂਰੀ ਤਰ੍ਹਾਂ ਬੁਝਾਇਆ ਜਾ ਸਕਿਆ। ਫਾਇਰ ਬ੍ਰਿਗੇਡ ਕਰਮਚਾਰੀਆਂ ਦੀ ਮੁਸਤੈਦੀ ਨਾਲ ਅੱਗ ਆਸ-ਪਾਸ ਦੇ ਰਿਹਾਇਸ਼ੀ ਮਕਾਨਾਂ ਵਿੱਚ ਨਹੀਂ ਫੈਲ ਸਕੀ, ਜਿਸ ਨਾਲ ਇੱਕ ਵੱਡਾ ਜਾਨਲੇਵਾ ਹਾਦਸਾ ਟਲ ਗਿਆ।
