ਗੱਤਾ ਫੈਕਟਰੀ ''ਚ ਭਿਆਨਕ ਅੱਗ
Friday, Nov 24, 2017 - 07:48 AM (IST)

ਨਾਭਾ (ਜੈਨ) - ਅੱਜ ਇਥੇ ਫੋਕਲ ਪੁਆਇੰਟ ਇੰਡਸਟ੍ਰੀਅਲ ਏਰੀਆ ਵਿਖੇ ਸਥਿਤ ਆਰ. ਕੇ. ਗ੍ਰਾਮ ਉਦਯੋਗ ਨਾਮੀ ਗੱਤਾ ਫੈਕਟਰੀ ਵਿਚ ਗੱਤਾ ਬਣਾਉਣ ਲਈ ਰੱਖੀਆਂ ਗਈਆਂ ਪਰਾਲੀ ਦੀਆਂ ਗੱਠਾਂ ਨੂੰ ਅੱਗ ਲੱਗ ਗਈ, ਜੋ ਮਿੰਟਾਂ ਵਿਚ ਹੀ ਭਿਆਨਕ ਰੂਪ ਧਾਰ ਗਈ। ਲਗਭਗ ਪੰਜ ਲੱਖ ਕੀਮਤ ਦੀਆਂ ਪਰਾਲੀ ਦੀਆਂ ਗੱਠਾਂ ਸੜ ਕੇ ਸੁਆਹ ਹੋ ਗਈਆਂ। ਫਾਇਰ ਬ੍ਰਿਗੇਡ ਵਿਭਾਗ ਤੇ ਪ੍ਰਸ਼ਾਸਨ ਦੀ ਨਾਲਾਇਕੀ ਉਦੋਂ ਦੇਖਣ ਨੂੰ ਮਿਲੀ ਜਦੋਂ ਦੋਵਾਂ ਗੱਡੀਆਂ ਦਾ ਪਾਣੀ ਕੁਝ ਹੀ ਮਿੰਟਾਂ ਵਿਚ ਖਤਮ ਹੋ ਗਿਆ।
ਪ੍ਰਸ਼ਾਸਨ ਕੋਲ ਅੱਗ ਦੀ ਘਟਨਾ ਨਾਲ ਨਜਿੱਠਣ ਲਈ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ। ਫੈਕਟਰੀ ਮਾਲਕ ਰਾਮ ਕ੍ਰਿਸ਼ਨ ਗੁਪਤਾ ਅਨੁਸਾਰ ਅੱਗ ਸਵੇਰੇ 9 ਵਜੇ ਅਚਾਨਕ ਲੱਗੀ ਅਤੇ ਕਾਰਨਾਂ ਦਾ ਕੁਝ ਪਤਾ ਨਹੀਂ ਲੱਗਾ। ਸਾਬਕਾ ਕੌਂਸਲ ਪ੍ਰਧਾਨ ਤੇ ਸੀਨੀਅਰ ਕੌਂਸਲਰ ਗੁਰਬਖਸ਼ੀਸ਼ ਸਿੰਘ ਭੱਟੀ ਤੇ ਫੋਕਲ ਪੁਆਇੰਟ ਐਸੋਸੀਏਸ਼ਨ ਦੇ ਪ੍ਰਧਾਨ ਪਵਨ ਬਾਂਸਲ ਨੇ ਸਾਥੀਆਂ ਸਮੇਤ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਉਣ ਲਈ ਯਤਨ ਕੀਤੇ। ਪ੍ਰਸ਼ਾਸਨ ਖਿਲਾਫ ਸਨਅਤਕਾਰਾਂ ਵਿਚ ਭਾਰੀ ਰੋਸ ਦੇਖਣ ਨੂੰ ਮਿਲਿਆ। ਥਾਣਾ ਸਦਰ ਪੁਲਸ ਦੇ ਅਧਿਕਾਰੀ ਵੀ ਫੋਰਸ ਸਮੇਤ ਮੌਕੇ 'ਤੇ ਪਹੁੰਚੇ। ਸਨਅਤਕਾਰਾਂ ਦਾ ਕਹਿਣਾ ਹੈ ਕਿ ਕੈਬਨਿਟ ਮੰਤਰੀ ਦੇ ਸ਼ਹਿਰ ਵਿਚ ਅੱਗ ਬੁਝਾਉਣ ਦਾ ਪ੍ਰਬੰਧ ਸੁਚੱਜੇ ਢੰਗ ਨਾਲ ਹੋਣਾ ਚਾਹੀਦਾ ਹੈ।