ਮੋਗਾ: ਕਬਾੜ ਦੇ ਗੋਦਾਮ 'ਚ ਮਚੇ ਅੱਗ ਦੇ ਭਾਂਬੜ, ਇਲਾਕੇ 'ਚ ਮਚੀ ਹਫੜਾ-ਦਫੜੀ
Wednesday, Nov 11, 2026 - 11:16 PM (IST)
ਮੋਗਾ (ਕਸ਼ਿਸ਼) - ਸ਼ਹਿਰ ਦੇ ਪੌਸ਼ ਇਲਾਕੇ ਧਰਮ ਸਿੰਘ ਨਗਰ ਵਿੱਚ ਅੱਜ ਦੇਰ ਸ਼ਾਮ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਮੁਹੱਲੇ ਦੇ ਅੰਦਰ ਸਥਿਤ ਕਬਾੜ ਦੇ ਇੱਕ ਗੋਦਾਮ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਗੋਦਾਮ ਵਿੱਚ ਪਿਆ ਲੱਖਾਂ ਰੁਪਏ ਦਾ ਕਬਾੜ ਸੜ ਕੇ ਸੁਆਹ ਹੋ ਗਿਆ। ਕਬਾੜ ਵਿੱਚ ਪਲਾਸਟਿਕ ਅਤੇ ਹੋਰ ਜਲਣਸ਼ੀਲ ਸਮੱਗਰੀ ਹੋਣ ਕਾਰਨ ਅੱਗ ਲੱਗਦਿਆਂ ਹੀ ਧੂੰਏਂ ਦੇ ਸੰਘਣੇ ਗੁਬਾਰ ਅਸਮਾਨ ਵਿੱਚ ਉੱਠਣ ਲੱਗੇ। ਇਸ ਕਾਰਨ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਵਿੱਚ ਹਫੜਾ-ਦਫੜੀ ਮਚ ਗਈ।
ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਮੁਹੱਲਾ ਵਾਸੀਆਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ। ਅੱਗ ਦੀ ਭਿਆਨਕਤਾ ਅਤੇ ਕਬਾੜ ਵਿੱਚ ਮੌਜੂਦ ਪਲਾਸਟਿਕ ਕਾਰਨ ਅੱਗ ’ਤੇ ਕਾਬੂ ਪਾਉਣ ਵਿੱਚ ਕਾਫ਼ੀ ਮੁਸ਼ੱਕਤ ਕਰਨੀ ਪਈ। ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੇ ਲਗਾਤਾਰ ਪਾਣੀ ਦੀਆਂ ਬੁਛਾੜਾਂ ਮਾਰ ਕੇ ਅੱਗ ਨੂੰ ਠੰਢਾ ਕੀਤਾ ਅਤੇ ਆਖਰਕਾਰ ਇਸ ’ਤੇ ਕਾਬੂ ਪਾ ਲਿਆ।
ਫਾਇਰ ਬ੍ਰਿਗੇਡ ਅਧਿਕਾਰੀ ਅਰਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀ ਟੀਮ ਬਿਨਾਂ ਦੇਰੀ ਕੀਤੇ ਮੌਕੇ ’ਤੇ ਪਹੁੰਚ ਗਈ ਸੀ। ਗੋਦਾਮ ਵਿੱਚ ਕਬਾੜ ਦੇ ਨਾਲ ਪਲਾਸਟਿਕ ਅਤੇ ਹੋਰ ਜਲਣਸ਼ੀਲ ਸਮੱਗਰੀ ਪਈ ਹੋਣ ਕਾਰਨ ਅੱਗ ਲੱਗਣ ਤੋਂ ਬਾਅਦ ਬਹੁਤ ਜ਼ਿਆਦਾ ਧੂੰਆਂ ਉੱਠ ਰਿਹਾ ਸੀ। ਅੱਗ ਨੂੰ ਬੁਝਾਉਣ ਦੇ ਨਾਲ-ਨਾਲ ਇਸ ਨੂੰ ਆਲੇ-ਦੁਆਲੇ ਫੈਲਣ ਤੋਂ ਰੋਕਣਾ ਵੀ ਜ਼ਰੂਰੀ ਸੀ, ਕਿਉਂਕਿ ਗੋਦਾਮ ਦੇ ਨੇੜੇ ਰਿਹਾਇਸ਼ੀ ਮਕਾਨ ਅਤੇ ਗੱਡੀਆਂ ਖੜ੍ਹੀਆਂ ਸਨ। ਇਸ ਲਈ ਛੋਟੀਆਂ ਅਤੇ ਵਾਧੂ ਫਾਇਰ ਬ੍ਰਿਗੇਡ ਗੱਡੀਆਂ ਦੀ ਮਦਦ ਵੀ ਲਈ ਗਈ। ਕੁਝ ਗੱਡੀਆਂ ਵੱਲੋਂ ਲਗਾਤਾਰ ਪਾਣੀ ਪਾਇਆ ਗਿਆ, ਜਦਕਿ ਹੋਰ ਗੱਡੀਆਂ ਪਾਣੀ ਭਰਨ ਲਈ ਭੇਜੀਆਂ ਗਈਆਂ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੀ ਟੀਮ ਸਮੇਂ ਸਿਰ ਪਹੁੰਚਣ ਕਾਰਨ ਆਲੇ-ਦੁਆਲੇ ਹੋਰ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਫਿਲਹਾਲ ਅੱਗ ਕਾਰਨ ਹੋਏ ਕੁੱਲ ਨੁਕਸਾਨ ਦਾ ਸਹੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਿਆ।
ਰਿਹਾਇਸ਼ੀ ਇਲਾਕੇ ਵਿੱਚ ਕਬਾੜ ਦੇ ਗੋਦਾਮ ਨੂੰ ਲੈ ਕੇ ਉੱਠੇ ਸਵਾਲ
ਇਸ ਘਟਨਾ ਤੋਂ ਬਾਅਦ ਰਿਹਾਇਸ਼ੀ ਇਲਾਕੇ ਦੇ ਅੰਦਰ ਕਬਾੜ ਦੇ ਗੋਦਾਮਾਂ ਅਤੇ ਕੂੜੇ ਦੇ ਢੇਰਾਂ ਨੂੰ ਰੱਖਣ ਦੇ ਪ੍ਰਬੰਧਾਂ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਫਾਇਰ ਬ੍ਰਿਗੇਡ ਅਧਿਕਾਰੀ ਅਨੁਸਾਰ, ਅਜਿਹੇ ਸਥਾਨਾਂ ’ਤੇ ਅੱਗ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ ਅਤੇ ਇਸ ਸਬੰਧੀ ਪਹਿਲਾਂ ਵੀ ਸਬੰਧਤ ਲੋਕਾਂ ਨੂੰ ਸੁਚੇਤ ਕੀਤਾ ਗਿਆ ਸੀ। ਹੁਣ ਇਸ ਮਾਮਲੇ ਨੂੰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਦੀ ਗੱਲ ਕਹੀ ਗਈ ਹੈ, ਤਾਂ ਜੋ ਰਿਹਾਇਸ਼ੀ ਇਲਾਕੇ ਵਿੱਚ ਅਜਿਹੇ ਕਬਾੜ ਦੇ ਢੇਰਾਂ ਕਾਰਨ ਭਵਿੱਖ ਵਿੱਚ ਕੋਈ ਵੱਡਾ ਹਾਦਸਾ ਨਾ ਵਾਪਰੇ।
