ਭਿਆਨਕ ਅੱਗ ਨਾਲ 400 ਏਕੜ ਤੋਂ ਵੱਧ ਨਾੜ ਸੜਿਆ
Sunday, May 05, 2019 - 03:51 PM (IST)

ਬਾਘਾ ਪੁਰਾਣਾ (ਰਾਕੇਸ਼) : ਨੇੜਲੇ ਪਿੰਡ ਲੰਗੇਆਨਾ ਦੇ ਖੇਤਾਂ ਵਿਚ ਕਣਕ ਦੇ ਟਾਂਗਰ ਨੂੰ ਅੱਗ ਲੱਗ ਗਈ। ਅੱਗ ਤੇਜ਼ੀ ਨਾਲ ਕਰੀਬ 8 ਕਿਲੋਮੀਟਰ ਦੇ ਦਾਇਰੇ ਨੂੰ ਪਾਰ ਕਰਦੀ ਹੋਈ ਬਾਘਾ ਪੁਰਾਣਾ ਦੇ ਨਾਲ ਲੱਗਦੇ ਪਿੰਡ ਗਿੱਲ ਦੀ ਜ਼ਮੀਨ ਵਿਚ ਤਬਾਹੀ ਮਚਾਉਂਦੀ ਹੋਈ, ਮੋਗਾ-ਕੋਟਕਪੂਰਾ ਮਾਰਗ 'ਤੇ ਸਥਿਤ ਖੇਤਾਂ 'ਚ ਜਾ ਵੜੀ। ਅੱਗ ਇੰਨੀ ਭਿਆਨਕ ਸੀ ਕਿ ਸਾਰੇ ਪਾਸੇ ਅਸਮਾਨ ਵਿਚ ਧੂੰਆਂ ਫੈਲ ਗਿਆ ਅਤੇ ਸੜਕੀ ਆਵਾਜਾਈ ਦੂਰ-ਦੂਰ ਤੱਕ ਕੁਝ ਸਮੇਂ ਲਈ ਠੱਪ ਹੋ ਗਈ ਜਿਸ 'ਤੇ ਦੋ ਘੰਟੇ ਤਕ ਵੀ ਕਾਬੂ ਨਹੀਂ ਪਾਇਆ ਜਾ ਸਕਿਆ। ਅੱਗ ਬਝਾਉਣ ਲਈ ਕੋਟਕਪੂਰਾ ਅਤੇ ਮੋਗਾ ਤੋਂ ਸਿਰਫ ਤਿੰਨ ਫਾਇਰ ਦੀਆਂ ਗੱਡੀਆਂ ਹੀ ਪਹੁੰਚ ਸਕੀਆਂ। ਜਿਵੇਂ ਹੀ ਅੱਗ ਦੀ ਲਪੇਟ ਵਿਚ ਮਕਾਨ ਆਏ ਤਾਂ ਲੋਕਾਂ ਨੇ ਬੜੀ ਹਿੰਮਤ ਨਾਲ ਮਕਾਨਾਂ ਅਤੇ ਪਸ਼ੂ ਡੰਗਰਾ ਨੂੰ ਬਚਾ ਲਿਆ।
ਪੱਤਾ ਲੱਗਾ ਹੈ ਕਿ ਅੱਗ ਨਾਲ 400 ਤੋਂ 500 ਏਕੜ ਨਾੜ ਸੜ ਕੇ ਸੁਆਹ ਹੋ ਗਿਆ। ਮੌਕੇ 'ਤੇ ਰੈਵਨਿਊ ਵਿਭਾਗ ਦੇ ਅਧਿਕਾਰੀ ਪਹੁੰਚ ਚੁੱਕੇ ਸਨ ਅਤੇ ਜਾਇਜ਼ਾ ਲਿਆ ਜਾ ਰਿਹਾ ਸੀ। ਉਧਰ ਥਾਣਾ ਮੁਖੀ ਮੁਖਤਿਆਰ ਸਿੰਘ ਪੁਲਸ ਪਾਰਟੀ ਨਾਲ ਅੱਗ ਬੁਝਾਉਣ ਲਈ ਕੀਤੇ ਜਾ ਰਹੇ ਹੋਰ ਪ੍ਰਬੰਧਾਂ ਵਿਚ ਜੁਟੇ ਹੋਏ ਸਨ ਤਾਂ ਕਿ ਅੱਗ ਨੂੰ ਕੰਟਰੋਲ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਅਜੇ ਲੋਕ ਖੇਤਾਂ ਵਿਚ ਅੱਗ ਬੁਝਾਉਣ ਲਈ ਜੁਟੇ ਹੋਏ ਹਨ ਪਰ ਤੇਜ਼ ਹਵਾ ਕਰਕੇ ਅੱਗ ਅੱਗੇ ਨੂੰ ਵਧਦੀ ਜਾ ਰਹੀ ਹੈ।