ਵਿਆਹ ’ਤੇ ਗਏ ਸਰਪੰਚ ਦੇ ਘਰ ਨੂੰ ਲੱਗੀ ਅੱਗ, ਬਜ਼ੁਰਗ ਔਰਤ ਦੀ ਮੌਤ
Tuesday, Nov 26, 2019 - 05:01 PM (IST)
ਘੱਲ ਖੁਰਦ (ਦਲਜੀਤ) - ਜ਼ਿਲਾ ਫਿਰੋਜ਼ਪੁਰ ਦੇ ਪਿੰਡ ਭਾਂਗਰ ਵਿਖੇ ਇਕ ਘਰ ’ਚ ਅਚਾਨਕ ਅੱਗ ਲੱਗ ਜਾਣ ਕਾਰਨ ਬਜ਼ੁਰਗ ਔਰਤ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਪਿੰਡ ਭਾਂਗਰ ਦੇ ਸਰਪੰਚ ਬੋਹੜ ਸਿੰਘ ਅਤੇ ਉਨ੍ਹਾਂ ਦਾ ਸਮੁੱਚਾ ਪਰਿਵਾਰ ਅੱਜ ਇਕ ਵਿਆਹ ਸਮਾਗਮ ’ਚ ਸ਼ਾਮਲ ਹੋਣ ਲਈ ਗਿਆ ਸੀ। ਇਸ ਦੌਰਾਨ ਘਰ ਦੇ ਦੋ ਕਮਰਿਆਂ ’ਚ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਘਰ ਦਾ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ।
ਇਸੇ ਦੌਰਾਨ ਘਰ ’ਚ ਮੌਜੂਦ ਸਰਪੰਚ ਬੋਹੜ ਸਿੰਘ ਦੀ ਬਜ਼ੁਰਗ ਮਾਤਾ ਸੁਰਜੀਤ ਕੌਰ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਮੁਤਾਬਕ ਮਾਤਾ ਸੁਰਜੀਤ ਕੌਰ ਘਟਨਾ ਦੇ ਸਮੇਂ ਘਰ ’ਚ ਇਕੱਲੀ ਸੀ। ਘਰ ਦਾ ਕੀਮਤੀ ਸਮਾਨ ਸੜ ਜਾਣ ਦੇ ਸਦਮੇ ਕਾਰਨ ਉਸਦੀ ਮੌਤ ਹੋ ਗਈ। ਦੂਜੇ ਪਾਸੇ ਮੌਕੇ ’ਤੇ ਪੁੱਜੀ ਥਾਣਾ ਘੱਲ ਖੁਰਦ ਦੀ ਪੁਲਸ ਅਤੇ ਮੁਖੀ ਇੰਸਪੈਕਟਰ ਕ੍ਰਿਪਾਲ ਸਿੰਘ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਥਾਣਾ ਮੁਖੀ ਮੁਤਾਬਕ ਪਰਿਵਾਰਕ ਮੈਂਬਰਾਂ ਵਲੋਂ ਇਸ ਘਟਨਾਂ ਸਬੰਧੀ ਕਿਸੇ ਤਰ੍ਹਾਂ ਦੀ ਕਾਰਵਾਈ ਕਰਵਾਉਣ ਤੋਂ ਸਾਫ ਇਨਕਾਰ ਕੀਤਾ ਜਾ ਰਿਹਾ ਹੈ। ਪੁਲਸ ਨੇ ਦੱਸਿਆ ਕਿ ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ।