ਫਾਜ਼ਿਲਕਾ ''ਚ ਗੱਡੀਆਂ ਵੇਚਣ ਦੇ ਝਗੜੇ ਦੌਰਾਨ ਫਾਇਰਿੰਗ ਮਾਮਲੇ ''ਚ ਮੁਲਜ਼ਮ ਖ਼ਿਲਾਫ਼ FIR ਦਰਜ
Saturday, Nov 28, 2026 - 05:16 PM (IST)
ਫਾਜ਼ਿਲਕਾ (ਕ੍ਰਿਸ਼ਨ) : ਫਾਜ਼ਿਲਕਾ ਦੀ ਬਾਲਾ ਜੀ ਮਾਰਕੀਟ ਵਿਖੇ ਗੱਡੀਆਂ ਵੇਚਣ ਦੇ ਆਪਸੀ ਝਗੜੇ ਨੂੰ ਲੈ ਕੇ ਚੱਲੀ ਗੋਲੀ ਦੇ ਮਾਮਲੇ 'ਚ ਥਾਣਾ ਸਿਟੀ ਫਾਜ਼ਿਲਕਾ ਦੀ ਪੁਲਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਰਿਪੋਰਟ ਅਨੁਸਾਰ ਸ਼ਿਕਾਇਤਕਰਤਾ ਸੰਦੀਪ ਕੁਮਾਰ ਪੁੱਤਰ ਧਰਮ ਚੰਦ (ਵਾਸੀ ਪਿੰਡ ਸੈਦੋ ਕੇ ਉਤਾੜ ਉਰਫ ਚਾਂਦਮਾਰੀ) ਅਤੇ ਮੁਲਜ਼ਮ ਵਿਸ਼ਾਲ ਕੁਮਾਰ ਉਰਫ਼ ਵਿੱਕੀ ਬਜਾਜ ਪੁੱਤਰ ਜਗਦੀਸ਼ ਕੁਮਾਰ ਵਾਸੀ ਰਾਧਾ ਸੁਆਮੀ ਕਾਲੋਨੀ, ਫਾਜ਼ਿਲਕਾ ਦਰਮਿਆਨ ਗੱਡੀਆਂ ਵੇਚਣ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਇਸ ਮਾਮਲੇ ਦੇ ਨਿਪਟਾਰੇ ਲਈ 27 ਨਵੰਬਰ 2026 ਨੂੰ ਦੋਵੇਂ ਧਿਰਾਂ ਬਾਲਾ ਜੀ ਮਾਰਕੀਟ ਵਿਖੇ ਮੋਹਤਬਰ ਵਿਅਕਤੀਆਂ ਕੋਲ ਇਕੱਠੀਆਂ ਹੋਈਆਂ ਸਨ।
ਇਸ ਦੌਰਾਨ ਮੁਲਜ਼ਮ ਵਿੱਕੀ ਬਜਾਜ ਨੇ ਤੈਸ਼ 'ਚ ਆ ਕੇ ਸ਼ਿਕਾਇਤਕਰਤਾ ਸੰਦੀਪ ਕੁਮਾਰ 'ਤੇ ਫਾਇਰ ਕਰ ਦਿੱਤੇ। ਘਟਨਾ ਤੋਂ ਬਾਅਦ ਥਾਣਾ ਸਿਟੀ ਫਾਜ਼ਿਲਕਾ ਦੀ ਪੁਲਸ ਨੇ 27 ਨਵੰਬਰ 2026 ਨੂੰ ਮੁਲਜ਼ਮ ਵਿਸ਼ਾਲ ਕੁਮਾਰ ਉਰਫ਼ ਵਿੱਕੀ ਬਜਾਜ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ।
ਪੁਲਸ ਵੱਲੋਂ ਮੁਲਜ਼ਮ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 125 ਅਤੇ ਅਸਲਾ ਐਕਟ ਦੀਆਂ ਧਾਰਾਵਾਂ 25-27/54/59 ਤਹਿਤ ਕਾਰਵਾਈ ਕੀਤੀ ਗਈ ਹੈ। ਇਸ ਮਾਮਲੇ ਵਿੱਚ ਈ-ਸਾਕਸ਼ ਦੀ ਵਰਤੋਂ ਕੀਤੀ ਗਈ ਹੈ। ਪੁਲਸ ਰਿਪੋਰਟ ਮੁਤਾਬਕ ਮੁਲਜ਼ਮ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਹੈੱਡ ਕਾਂਸਟੇਬਲ ਬਿੰਦਰ ਕੁਮਾਰ ਵੱਲੋਂ ਕੀਤੀ ਜਾ ਰਹੀ ਹੈ।
