ਹੱਥਾਂ ''ਚ ਗੰਨ ਫੜ੍ਹ ਕੇ ਸੋਸ਼ਲ ਮੀਡੀਆ ''ਤੇ ਤਸਵੀਰਾਂ ਵਾਇਰਲ ਕਰਨ ਵਾਲੇ 3 ਨੌਜਵਾਨਾਂ ''ਤੇ ਮਾਮਲਾ ਦਰਜ
Wednesday, Nov 23, 2022 - 12:56 PM (IST)
ਗੁਰਦਾਸਪੁਰ (ਵਿਨੋਦ) : ਜ਼ਿਲ੍ਹਾ ਪੁਲਸ ਗੁਰਦਾਸਪੁਰ ਨੇ ਸ਼ੋਸਲ ਮੀਡੀਆ 'ਤੇ ਹੱਥਾਂ ’ਚ ਗੰਨ ਫੜ੍ਹ ਕੇ ਹਥਿਆਰਾਂ ਦੀ ਸ਼ਰੇਆਮ ਪ੍ਰਦਰਸ਼ਨੀ ਕਰਨ ਵਾਲੇ ਤਿੰਨ ਨੌਜਵਾਨਾਂ ਖ਼ਿਲਾਫ਼ ਧਾਰਾ-188,506 ਆਈ. ਪੀ. ਸੀ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਦੋਸ਼ੀ ਅਜੇ ਫ਼ਰਾਰ ਹਨ। ਇਸ ਸਬੰਧੀ 2 ਮਾਮਲੇ ਸਿਟੀ ਪੁਲਸ ਥਾਣੇ ’ਚ ਦਰਜ ਕੀਤੇ ਗਏ , ਜਦਕਿ ਇਕ ਤਿੱਬੜ ਪੁਲਸ ਵੱਲੋਂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਸਬ ਇੰਸਪੈਕਟਰ ਬਨਾਰਸੀ ਦਾਸ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਦੇ ਨਾਲ ਜਹਾਜ਼ ਚੌਂਕ ਮਾਜੂਦ ਸੀ ਕਿ ਸ਼ੋਸਲ ਮੀਡੀਆ ’ਤੇ ਕੁੱਝ ਫੋਟੋਆਂ ਵਾਇਰਲ ਹੋਈਆਂ।
ਇਨ੍ਹਾਂ ’ਚ ਇਕ ਮੋਨਾ ਨੌਜਵਾਨ ਆਪਣੇ ਹੱਥ ’ਚ ਗੰਨ ਫੜ੍ਹ ਕੇ ਹਥਿਆਰਾਂ ਦੀ ਸ਼ਰੇਆਮ ਪ੍ਰਦਰਸ਼ਨੀ ਕਰ ਰਿਹਾ ਸੀ। ਇਸ ਨਾਲ ਆਮ ਜਨਤਾ ਦੇ ਮਨ ’ਚ ਡਰ ਦਾ ਮਾਹੌਲ ਪੈਦਾ ਕਰ ਰਿਹਾ ਹੈ। ਇਸ ਦੀ ਪੜਤਾਲ ਕੀਤੀ ਗਈ ਤਾਂ ਉਕਤ ਨੌਜਵਾਨ ਅਮਨਦੀਪ ਪੁੱਤਰ ਹੰਸ ਰਾਜ ਵਾਸੀ ਮਕਾਨ ਨੰਬਰ 39 ਅੰਬੇਦਕਰ ਨਗਰ ਸਿਟੀ ਗੁਰਦਾਸਪੁਰ ਪਾਇਆ ਗਿਆ। ਜਿਸ ਨੇ ਅਜਿਹਾ ਕਰਕੇ ਡੀ. ਸੀ. ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕੀਤੀ। ਜਿਸ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਇਸ ਤਰਾਂ ਸਹਾਇਕ ਸਬ ਇੰਸਪੈਕਟਰ ਅਮਰੀਕ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਦੇ ਨਾਲ ਕਾਹਨੂੰਵਾਨ ਚੌਂਕ ਵਿਚ ਮੌਜੂਦ ਸੀ ਕਿ ਸ਼ੋਸਲ ਮੀਡੀਆ ’ਤੇ ਕੁੱਝ ਤਸਵੀਰਾਂ ’ਚ ਇਕ ਨੌਜਵਾਨ ਆਪਣੇ ਹੱਥ ’ਚ ਗੰਨ ਫੜ੍ਹ ਕੇ ਹਥਿਆਰਾਂ ਦੀ ਸ਼ਰੇਆਮ ਪ੍ਰਦਰਸ਼ਨੀ ਕਰ ਰਿਹਾ ਸੀ, ਜਿਸ ਦੀ ਜਦੋਂ ਪੜਤਾਲ ਕੀਤੀ ਤਾਂ ਉਕਤ ਨੌਜਵਾਨ ਬੰਸਾ ਪੁੱਤਰ ਸੁੱਖਾ ਮਸੀਹ ਵਾਸੀ ਧਾਰੀਵਾਲ ਖਿੱਚੀਆਂ ਪਾਇਆ ਗਿਆ।
ਜਿਸ ਦੇ ਖ਼ਿਲਾਫ਼ ਡੀ. ਸੀ. ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ। ਪੁਲਸ ਅਧਿਕਾਰੀਆਂ ਅਨੁਸਾਰ ਇਨ੍ਹਾਂ ਦੋਸ਼ੀਆਂ ਨੂੰ ਫੜ੍ਹਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤਰ੍ਹਾਂ ਤਿੱਬੜ ਪੁਲਸ ਸਟੇਸਨ ’ਚ ਤਾਇਨਾਤ ਸਹਾਇਕ ਸਬ ਇੰਸਪੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲ ਨਹਿਰ ਬੱਬੇਹਾਲੀ ਮੌਜੂਦ ਸੀ ਕਿ ਸ਼ੋਸਲ ਮੀਡੀਆਂ ’ਤੇ ਇਕ ਨੌਜਵਾਨ ਵੱਲੋਂ ਹੱਥ ’ਚ ਗੰਨ ਫੜ੍ਹ ਕੇ ਹਥਿਆਰਾਂ ਦੀ ਪ੍ਰਦਰਸ਼ਨੀ ਕਰਨ ਦੀ ਵੀਡਿਓ ਵਾਇਰਲ ਹੋ ਰਹੀ ਸੀ। ਜਿਸ ਦੀ ਜਦ ਪੜਤਾਲ ਕੀਤੀ ਗਈ ਤਾਂ ਉਕਤ ਵੀਡਿਓ ਦਾਨੀ ਮਸੀਹ ਪੁੱਤਰ ਕਸ਼ਮੀਰ ਮਸੀਹ ਵਾਸੀ ਤਿੱਬੜ ਦੀ ਪਾਈ ਗਈ। ਜਿਸ ਦੇ ਖ਼ਿਲਾਫ਼ ਡੀ. ਸੀ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਨ ਤੇ ਮਾਮਲਾ ਦਰਜ ਕੀਤਾ ਗਿਆ।