ਪੰਜਾਬ ਦਾ ਬੇੜਾ ਗਰਕ ਕਰਨ ''ਚ ਸੂਬੇ ਦੇ ਵਿੱਤ ਮੰਤਰੀ ਦਾ ਅਹਿਮ ਰੋਲ
Saturday, Dec 09, 2017 - 02:04 AM (IST)
ਪਟਿਆਲਾ (ਜੋਸਨ) - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਆਖਿਆ ਕਿ ਪੰਜਾਬ ਦਾ ਬੇੜਾ ਗਰਕ ਕਰਨ 'ਚ ਕਾਂਗਰਸ ਸਰਕਾਰ ਦੇ ਨਾਲ-ਨਾਲ ਸੂਬੇ ਦੇ ਕਾਂਗਰਸੀ ਵਿੱਤ ਮੰਤਰੀ ਦਾ ਵੀ ਅਹਿਮ ਰੋਲ ਹੈ। ਉਹ ਅੱਜ ਸਨੌਰ ਵਿਖੇ ਇਕ ਸਮਾਗਮ ਤੋਂ ਬਾਅਦ ਇਸ ਸਬੰਧੀ ਗੱਲਬਾਤ ਕਰ ਰਹੇ ਸਨ। ਇਸ ਸਮਾਗਮ 'ਚ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਗੁਰਦੁਆਰਾ ਸਿੰਘ ਸਭਾ ਸਨੌਰ ਦੇ ਪ੍ਰਧਾਨ ਕ੍ਰਿਸ਼ਨ ਸਿੰਘ ਸਨੌਰ, ਵਾਈਸ ਚੇਅਰਮੈਨ ਹਰਫੂਲ ਸਿੰਘ ਬੋਸਰ ਕਲਾਂ, ਜਗਜੀਤ ਸਿੰਘ ਕੋਹਲੀ, ਹਰਮਿੰਦਰ ਸਿੰਘ ਜੋਗੀਪੁਰ, ਜਸਵੀਰ ਸਿੰਘ ਬਘੌਰਾ, ਬਲਦੇਵ ਸਿੰਘ ਖੁੱਡਾ, ਹਰਵਿੰਦਰ ਸਿੰਘ ਗੰਗਰੋਲੀ ਅਤੇ ਹੋਰ ਵੀ ਨੇਤਾ ਹਾਜ਼ਰ ਸਨ।
ਚੰਦੂਮਾਜਰਾ ਨੇ ਆਖਿਆ ਕਿ ਸੂਬਾ ਸਰਕਾਰ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ। ਵਿੱਤ ਮੰਤਰੀ ਨੂੰ ਇੰਨੀ ਸਮਝ ਨਹੀਂ ਕਿ ਗੁਆਂਢੀ ਸੂਬੇ ਹਰਿਆਣਾ, ਰਾਜਸਥਾਨ ਤੇ ਹਿਮਾਚਲ ਵਿਚ ਡੀਜ਼ਲ ਪੈਟਰੋਲ ਦੇ ਭਾਅ ਸਸਤੇ ਹਨ, ਜਿਸ ਕਾਰਨ ਪੰਜਾਬ ਦੇ ਲੋਕ ਹਰਿਆਣਾ ਹਿਮਾਚਲ ਵਿਚ ਹੀ ਡੀਜ਼ਲ ਪੈਟਰੋਲ ਲੈਣ ਲਈ ਭਜਦੇ ਹਨ। ਇਥੋਂ ਤੱਕ ਕਿ ਹਰਿਆਣਾ ਦੀ ਸਰਹੱਦ ਦੇ ਨਾਲ ਲਗਦਾ ਕਿਸਾਨ ਤਾਂ ਸਾਰਾ ਡੀਜ਼ਲ ਹੀ ਹਰਿਆਣਾ ਤੋਂ ਲੈ ਰਿਹਾ ਹੈ। ਇਸ ਨਾਲ ਪੰਜਾਬ ਨੂੰ ਵੱਡਾ ਵਿੱਤੀ ਨੁਕਸਾਨ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਿਥੇ ਹਰਿਆਣਾ ਤੇ ਹਿਮਾਚਲ ਵਿਚ ਡੀਜ਼ਲ ਪੈਟਰੋਲ ਦੇ ਭਾਅ ਸਸਤੇ ਹਨ, ਉਥੇ ਹਰਿਆਣੇ ਵਿਚ ਗੰਨੇ ਦਾ ਭਾਅ ਵੀ ਪੰਜਾਬ ਨਾਲੋਂ ਵੱਧ ਹੈ। ਚੰਦੂਮਾਜਰਾ ਨੇ ਆਖਿਆ ਕਿ ਕਿਸਾਨਾਂ ਦਾ ਭਵਿੱਖ ਅੱਜ ਧੁੰਦਲਾ ਹੁੰਦਾ ਜਾ ਰਿਹਾ ਹੈ। ਕਿਸਾਨ ਨੂੰ ਕੋਈ ਵੀ ਰਾਹਤ ਨਹੀਂ ਦਿੱਤੀ ਜਾ ਰਹੀ ਹੈ। ਇਸ ਕਾਰਨ ਪੰਜਾਬ ਦਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਸਾਰੇ ਮੁੱਦਿਆਂ ਨੂੰ ਲੈ ਕੇ ਸੂਬਾ ਪੱਧਰੀ ਸੰਘਰਸ਼ ਸ਼ੁਰੂ ਕਰੇਗਾ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਇਨਸਾਫ ਦੁਆਇਆ ਜਾ ਸਕੇ।
