ਜੱਦੀ ਪਿੰਡ ਬਾਦਲ ਵਿਖੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਹੋਈ ਅੰਤਿਮ ਅਰਦਾਸ, ਅਮਿਤ ਸ਼ਾਹ ਸਣੇ ਪੁੱਜੇ ਕਈ ਸਿਆਸੀ ਆਗੂ

Thursday, May 04, 2023 - 01:05 PM (IST)

ਜੱਦੀ ਪਿੰਡ ਬਾਦਲ ਵਿਖੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਹੋਈ ਅੰਤਿਮ ਅਰਦਾਸ, ਅਮਿਤ ਸ਼ਾਹ ਸਣੇ ਪੁੱਜੇ ਕਈ ਸਿਆਸੀ ਆਗੂ

ਸ੍ਰੀ ਮੁਕਤਸਰ ਸਾਹਿਬ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ 25 ਅਪ੍ਰੈਲ ਨੂੰ ਦਿਹਾਂਤ ਹੋ ਗਿਆ ਸੀ। ਅੱਜ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਅੰਤਿਮ ਅਰਦਾਸ ਕੀਤੀ ਗਈ। ਇਸ ਮੌਕੇ ਬਾਦਲ ਪਰਿਵਾਰ ਸਮੇਤ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਰਹੀ। ਇਸ ਮੌਕੇ ਕੇਂਦਰੀ ਗ੍ਰਹਿ ਅਮਿਤ ਸ਼ਾਹ ਵੀ ਪੁੱਜੇ ਅਤੇ ਉਨ੍ਹਾਂ ਨੇ ਪਿੰਡ ਬਾਦਲ ਪਹੁੰਚਦਿਆਂ ਹੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦਿੱਤੀ। ਅੰਤਿਮ ਅਰਦਾਸ 'ਚ ਅਮਿਤ ਸ਼ਾਹ ਤੋਂ ਇਲਾਵਾ ਲੋਕ ਸਭਾ ਸਪੀਕਰ ਓਮ ਬਿਰਲਾ, ਡੇਰਾ ਬਿਆਸ ਮੁਖੀ ਗੁਰਿੰਦਰ ਢਿੱਲੋਂ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੋਟਾਲਾ, ਓਡੀਸ਼ਾ ਦੇ ਕੈਬਨਿਟ ਮੰਤਰੀ ਆਤਮ ਵੋਹਰਾ ਵੀ ਪਹੁੰਚੇ। ਇਸ ਤੋਂ ਇਲਾਵਾ ਸ਼ਰਨਜੀਤ ਸਿੰਘ ਢਿੱਲੋਂ, ਮਹੇਸ਼ਇੰਦਰ ਸਿੰਘ ਗਰੇਵਾਲ, ਗੁਰਬਚਨ ਸਿੰਘ ਬੱਬੇਹਾਲੀ, ਚਰਨਜੀਤ ਸਿੰਘ ਬਰਾੜ, ਹਰਚਰਨ ਬੈਂਸ, ਕੁਲਵੰਤ ਸਿੰਘ ਮੰਨਣ, ਡਾ. ਸੁਖਵਿੰਦਰ ਸਿੰਘ ਸੁੱਖੀ, ਜਥੇ. ਗਰਪ੍ਰਤਾਪ ਸਿੰਘ ਵਡਾਲਾ, ਹਰਿੰਦਰ ਸਿੰਘ ਢੀਂਡਸਾ, ਸੁਖਵਿੰਦਰ ਸਿੰਘ ਰਾਜਪਾਲ, ਯੂਥ ਅਕਾਲੀ ਦਲ ਦੇ ਆਗੂ ਸਾਹਿਲ ਗੋਇਲ, ਸਿਕੰਦਰ ਸਿੰਘ ਮਲੂਕਾ, ਤਜਿੰਦਰ ਸਿੰਘ ਮਿੱਡੂਖੇੜਾ, ਭਾਜਪਾ ਨੇਤਾ ਤਰੁਣ ਚੁਘ, ਤਜਿੰਦਰ ਨਿੱਝਰ, ਬਲਜੀਤ ਸਿੰਘ ਬਿੱਟੂ ਦਰੀਏਵਾਲ, ਗੁਰਸੇਵਕ ਸਿੰਘ ਗੁਰੂਵਾਲੀ ਵਾਲੇ, ਹਲਕਾ ਦੱਖਣੀ ਅੰਮ੍ਰਿਤਸਰ ਦੇ ਇੰਚਾਰਜ ਤਲਬੀਰ ਸਿੰਘ ਗਿੱਲ, ਹਲਕਾ ਪੂਰਬੀ ਅੰਮ੍ਰਿਤਸਰ ਦੇ ਇੰਚਾਰਜ ਗੁਰਪ੍ਰੀਤ ਸਿੰਘ ਰੰਧਾਵਾ, ਅਕਾਲੀ ਦਲ ਦੀ ਵਰਕਿੰਗ ਕਮੇਟੀ ਮੈਂਬਰ ਦਿਲਬਾਗ ਸਿੰਘ ਵਡਾਲੀ, ਗੁਰਪ੍ਰੀਤ ਸਿੰਘ ਵਡਾਲੀ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂ ਮੌਜੂਦ ਸਨ

PunjabKesari

ਇਹ ਵੀ ਪੜ੍ਹੋ- ਪਟਿਆਲਾ 'ਚ ਵੱਡੀ ਵਾਰਦਾਤ, ਦਿਨ-ਦਿਹਾੜੇ PRTC ਠੇਕੇਦਾਰ ਦਾ ਗੋਲ਼ੀਆਂ ਮਾਰ ਕੇ ਕਤਲ

ਦੱਸਣਯੋਗ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਸਾਲ 1947 'ਚ ਸਿਆਸਤ ਸ਼ੁਰੂ ਕੀਤੀ ਸੀ। ਉਨ੍ਹਾ ਨੇ ਸਰਪੰਚ ਦੀਆਂ ਚੋਣਾਂ ਲੜੀਆਂ ਅਤੇ ਜਿੱਤ ਹਾਸਲ ਕੀਤੀ। 1957 'ਚ ਉਨ੍ਹਾਂ ਨੇ ਪਹਿਲੀ ਵਿਧਾਨ ਸਭਾ ਚੋਣ ਲੜੀ। 1969 'ਚ ਉਨ੍ਹਾਂ ਨੇ ਦੁਬਾਰਾ ਜਿੱਤ ਹਾਸਲ ਕੀਤੀ। 1969-70 ਤੱਕ ਉਹ ਪੰਚਾਇਤ ਰਾਜ, ਪਸ਼ੂ-ਪਾਲਣ, ਡੇਅਰੀ ਆਦਿ ਮੰਤਰਾਲਿਆਂ ਦੇ ਮੰਤਰੀ ਰਹੇ। ਇਸ ਤੋਂ ਇਲਾਵਾ ਉਹ 1970-71 'ਚ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਬਣੇ। ਜ਼ਿਕਰਯੋਗ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦਾ ਦਿਹਾਂਤ 25 ਅਪ੍ਰੈਲ 2023 ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਹੋਇਆ ਸੀ। 

PunjabKesari

ਬਾਦਲ ਸਾਹਿਬ ਚਾਹੁੰਦੇ ਸਨ ਕਿ ਬੰਦੀ ਸਿੰਘ ਰਿਹਾਅ ਕੀਤੇ ਜਾਣ : ਧਾਮੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬਾਦਲ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਇਹ ਸਰਦਾਰ ਬਾਦਲ ਦੀ ਇੱਛਾ ਸੀ ਕਿ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੇ ਆਪਣੀ ਲੰਬੀ ਉਮਰ ਕੈਦ ਕੱਟ ਲਈ ਹੈ। ਉਨ੍ਹਾਂ ਇਸ ਸੰਬੰਧ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਕ ਮੰਗ ਪੱਤਰ ਵੀ ਸੌਂਪਿਆ, ਜਿਸ ਵਿਚ ਭਾਈ ਬਲਵੰਤ ਸਿੰਘ ਰਾਜੋਆਣਾ ਸਮੇਤ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਗਈ ਤੇ ਦੱਸਿਆ ਗਿਆ ਕਿ ਕੇਂਦਰ ਸਰਕਾਰ ਨੇ 2019 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ’ਤੇ ਅਜਿਹਾ ਸਿਧਾਂਤਕ ਫੈਸਲਾ ਵੀ ਲਿਆ ਸੀ।

ਬਾਦਲ ਸਾਹਿਬ ਨੇ ਕਿਸਾਨਾਂ ਤੇ ਗਰੀਬਾਂ ਲਈ ਕੰਮ ਕੀਤਾ : ਭੂੰਦੜ

ਸੀਨੀਅਰ ਅਕਾਲੀ ਆਗੂਆਂ ਨੇ ਸਰਦਾਰ ਬਾਦਲ ਦੇ ਮਿਸ਼ਨ ਅਤੇ ਉਨ੍ਹਾਂ ਵੱਲੋਂ ਭਵਿੱਖ ਲਈ ਤੈਅ ਟੀਚਿਆਂ ਤੇ ਆਦਰਸ਼ਾਂ ਨੂੰ ਪੂਰਾ ਕਰਨ ਵਾਸਤੇ ਏਕਤਾ ਦਾ ਸੱਦਾ ਦਿੱਤਾ। ਬਲਵਿੰਦਰ ਸਿੰਘ ਭੂੰਦੜ ਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮਰਹੂਮ ਆਗੂ ਅਜੋਕੇ ਪੰਜਾਬ ਦੇ ਸੰਸਥਾਪਕ ਸਨ ਤੇ ਉਨ੍ਹਾਂ ਕਿਸਾਨਾਂ ਤੇ ਕਮਜ਼ੋਰ ਵਰਗਾਂ ਵਾਸਤੇ ਹਮੇਸ਼ਾ ਵੱਧ-ਚੜ੍ਹ ਕੇ ਕੰਮ ਕੀਤਾ।

PunjabKesari

ਬਾਦਲ ਸਾਹਿਬ ਨੇ ਧੀ ਦੇ ਵਿਆਹ ਲਈ ਵੀ ਪੈਰੋਲ ਨਹੀਂ ਲਈ : ਅਰਸ਼ੀ

ਪੰਜਾਬ ਦੇ ਸੀ. ਪੀ. ਆਈ. ਆਗੂ ਹਰਦੇਵ ਅਰਸ਼ੀ ਨੇ ਮਰਹੂਮ ਆਗੂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਨੂੰ ਇਕ ਨਿਮਾਣਾ ਵਰਕਰ ਦੱਸਿਆ, ਜਿਸ ਨੇ ਹਮੇਸ਼ਾ ਲੋਕਾਂ ਨੂੰ ਸਭ ਤੋਂ ਉਪਰ ਰੱਖਿਆ ਤੇ ਆਪਣੀ ਧੀ ਦੇ ਵਿਆਹ ਵਾਸਤੇ ਵੀ ਪੈਰੋਲ ਲੈਣ ਤੋਂ ਨਾਂਹ ਕਰ ਦਿੱਤੀ। ਸੀ. ਪੀ. ਆਈ. ਐੱਮ. ਦੇ ਸੁਖਵਿੰਦਰ ਸਿੰਘ ਨੇ ਵੀ ਸਾਬਕਾ ਮੁੱਖ ਮੰਤਰੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

ਇਹ ਵੀ ਪੜ੍ਹੋ-  CM ਭਗਵੰਤ ਮਾਨ ਦਾ ਭਾਜਪਾ 'ਤੇ ਤਿੱਖਾ ਹਮਲਾ, ਟਵੀਟ ਕਰ ਖੜ੍ਹੇ ਕੀਤੇ ਸਵਾਲ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News