ਦੁਕਾਨਦਾਰਾਂ ਤੇ ਸ੍ਰੀ ਅਨੰਦਪੁਰ ਸਾਹਿਬ ਜਾ ਰਹੇ ਨੌਜਵਾਨਾਂ ਵਿਚਾਲੇ ਹੋਈ ਜ਼ਬਰਦਸਤ ਲੜਾਈ (ਵੀਡੀਓ)
Tuesday, Mar 07, 2023 - 09:28 PM (IST)
ਸੈਲਾ ਖੁਰਦ (ਅਰੋੜਾ)-ਅੱਜ ਸ਼ਾਮ ਤਕਰੀਬਨ ਪੰਜ ਵਜੇ ਕਸਬਾ ਸੈਲਾ ਖੁਰਦ ਦੇ ਹਾਲਾਤ ਕਾਫੀ ਗੰਭੀਰ ਬਣ ਗਏ, ਜਦੋਂ ਜੀਪਾਂ ਤੇ ਹੋਰ ਗੱਡੀਆਂ ’ਚ ਬਾਹਰੋਂ ਆਏ ਨੌਜਵਾਨਾਂ ਨੇ ਬੱਸ ਸਟੈਂਡ ’ਤੇ ਕੱਪੜੇ ਦੀਆਂ ਦੁਕਾਨਾਂ ਕਰਦੇ ਭਰਾਵਾਂ ਨਾਲ ਤਕਰਾਰ ਤੋਂ ਬਾਅਦ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਉਨ੍ਹਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਅਤੇ ਇਹ ਮੇਨ ਬਾਜ਼ਾਰ ਤੋਂ ਸ਼ੁਰੂ ਹੋਈ ਲੜਾਈ ਲੋਕਲ ਪਿੰਡਾਂ ਦੇ ਬੱਸ ਸਟੈਂਡ ਤੱਕ ਪਹੁੰਚ ਗਈ।
ਘਟਨਾ ਸਥਾਨ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਦੋ ਖੁੱਲ੍ਹੀਆਂ ਜੀਪਾਂ ਅਤੇ ਇਕ ਟਾਟਾ ਸਫਾਰੀ ਵਾਹਨਾਂ ’ਚ ਆਏ ਬਾਹਰਲੇ ਨੌਜਵਾਨਾਂ ਨੇ ਬੱਸ ਸਟੈਂਡ ’ਤੇ ਅਸ਼ਵਨੀ ਕੁਮਾਰ ਉਰਫ ਮੋਨੂੰ ਜੈ ਸਿੰਘ ਵਾਸੀ ਖੁਸ਼ੀ ਪੱਦੀ, ਜਿਨ੍ਹਾਂ ਦੀਆਂ 4-5 ਕੱਪੜੇ ਦੀਆਂ ਖੁੱਲ੍ਹੀਆਂ ਦੁਕਾਨਾਂ ਹਨ। ਸਾਮਾਨ ਖਰੀਦਣ ਬਾਹਰੋਂ ਆਏ ਨੌਜਵਾਨ, ਜੋ ਕਿ ਸ੍ਰੀ ਅਨੰਦਪੁਰ ਸਾਹਿਬ ਨੂੰ ਜਾ ਰਹੇ ਸਨ ਤੇ ਉਨ੍ਹਾਂ ਦੀਆਂ ਗੱਡੀਆਂ ’ਤੇ ਝੰਡੇ ਵੀ ਲੱਗੇ ਹੋਏ ਸਨ, ਨੇ ਦੁਕਾਨਦਾਰਾਂ ਨਾਲ ਬਹਿਸ ਸ਼ੁਰੂ ਕਰ ਦਿੱਤੀ ਅਤੇ ਇਹ ਬਹਿਸ ਲੜਾਈ ’ਚ ਤਬਦੀਲ ਹੋ ਗਈ।
ਪੀੜਤ ਲੜਕਿਆਂ ਦੇ ਭਰਾ ਗੁਲਸ਼ਨ ਠਾਕੁਰ ਨੇ ਦੱਸਿਆ ਕੇ ਜੀਪਾਂ ਵਿਚ ਸਵਾਰ ਨੌਜਵਾਨਾਂ ਨੇ ਜੀਪਾਂ ’ਚੋਂ ਤੇਜ਼ਧਾਰ ਹਥਿਆਰ ਕੱਢ ਕੇ ਦੁਕਾਨਦਾਰਾਂ ਮੋਨੂੰ ਅਤੇ ਜੈਸੀ ਰਾਣਾ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਦੁਕਾਨਦਾਰਾਂ ਨੇ ਇਕੱਠੇ ਹੋ ਕੇ ਉਨ੍ਹਾਂ ਦਾ ਲੋਕਲ ਬੱਸ ਸਟੈਂਡ ਬੰਗਾ ਵਾਲੇ ਤਕ ਪਿੱਛਾ ਕੀਤਾ। ਹਮਲਾਵਰ ਉਥੇ ਆਪਣੀਆਂ ਦੋ ਖੁੱਲ੍ਹੀਆਂ ਜੀਪਾਂ ਪੀ. ਏ. ਓ. 2851 ਅਤੇ ਪੀ. ਬੀ. 0 3 ਏ. ਜ਼ੈੱਡ 7479 ਛੱਡ ਕੇ ਟਾਟਾ ਸਫਾਰੀ ਅਤੇ ਹੋਰ ਗੱਡੀਆਂ ’ਚ ਫਰਾਰ ਹੋ ਗਏ। ਮੇਨ ਬਾਜ਼ਾਰ ’ਚ ਕਾਫੀ ਲੰਬਾ ਸਮਾਂ ਲੜਾਈ ਚਲਦੀ ਰਹੀ ਤੇ ਸਹਿਮ ਦਾ ਮਾਹੌਲ ਬਣਿਆ ਰਿਹਾ ਪਰ ਸੈਲਾ ਖੁਰਦ ਪੁਲਸ 40 ਮਿੰਟ ਬਾਅਦ ਘਟਨਾ ਸਥਾਨ ’ਤੇ ਪਹੁੰਚੀ।
ਜੀਪ ਥੱਲੇ ਦੁਕਾਨਦਾਰ ਨੂੰ ਦੇ ਕੇ ਕੀਤੀ ਮਾਰਨ ਦੀ ਕੋਸ਼ਿਸ਼
ਘਟਨਾ ਸਥਾਨ ’ਤੇ ਇਕੱਤਰ ਹੋਏ ਲੋਕਾਂ ਨੇ ਦੱਸਿਆ ਕੇ ਜੀਪ ਸਵਾਰਾਂ ਨੇ ਦੁਕਾਨਦਾਰ ਨੂੰ ਜੀਪ ਥੱਲੇ ਦੇ ਕੇ ਮਾਰਨ ਦੀ ਕੋਸ਼ਿਸ਼ ਵੀ ਕੀਤੀ ਪਰ ਬੜੀ ਮੁਸ਼ਕਿਲ ਨਾਲ ਉਸ ਨੂੰ ਬਾਕੀ ਸਾਥੀ ਦੁਕਾਨਦਾਰਾਂ ਨੇ ਬਚਾਇਆ।
ਜੀਪ ਨੂੰ ਲੱਗੀ ਅੱਗ
ਜੋ ਲੜਕੇ ਆਪਣੀਆਂ ਦੋ ਜੀਪਾਂ ਛੱਡ ਕੇ ਫਰਾਰ ਹੋ ਗਏ ਸਨ, ਦੀ ਜੀਪ ਨੰਬਰ ਪੀ. ਏ. ਓ. 2851 ਨੂੰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਦੀ ਪੁਲਸ ਜਾਂਚ ਕਰ ਰਹੀ ਹੈ, ਅੱਗ ’ਤੇ ਕਾਬੂ ਪੇਪਰ ਮਿੱਲ ਦੇ ਫਾਇਰ ਬ੍ਰਿਗੇਡ ਨੇ ਪਾਇਆ।
ਜੀਪਾਂ ’ਚ ਸਵਾਰ ਜ਼ਖਮੀ ਨੌਜਵਾਨ ਪੁਲਸ ਕੋਲ ਹਨ : ਡੀ. ਐੱਸ. ਪੀ. ਖੱਖ
ਡੀ. ਐੱਸ. ਪੀ. ਗੜ੍ਹਸ਼ੰਕਰ ਦਲਜੀਤ ਸਿੰਘ ਖੱਖ ਨੇ ਦੱਸਿਆ ਕਿ ਜੀਪਾਂ ਵਿਚ ਸਵਾਰ ਨੌਜਵਾਨ ਸ੍ਰੀ ਅਨੰਦਪੁਰ ਸਾਹਿਬ ਮੱਥਾ ਟੇਕਣ ਜਾ ਰਹੇ ਸਨ, ਜੋ ਪੁਲਸ ਨੂੰ ਜ਼ਖਮੀ ਹਾਲਤ ਵਿਚ ਵੀ ਸਹਿਯੋਗ ਕਰ ਰਹੇ ਹਨ। ਇਹ ਤਿੰਨ ਗੱਡੀਆਂ ਵਿਚ ਕੁੱਲ 11 ਵਿਅਕਤੀ ਸਨ, ਦੋ ਜੀਪਾਂ ਵਿਚ 7 ਵਿਅਕਤੀ ਸਵਾਰ ਸਨ, ਸਾਰੇ ਸ੍ਰੀ ਅਨੰਦਪੁਰ ਸਾਹਿਬ ਜਾ ਰਹੇ ਸਨ। ਉਕਤ ਦੁਕਾਨ ਤੋਂ ਇਨ੍ਹਾਂ ਟੀ-ਸ਼ਰਟਾਂ ਲਾਈਆਂ ਸਨ, ਉਥੇ ਇਨ੍ਹਾਂ ਦਾ ਝਗੜਾ ਹੋ ਗਿਆ, ਬਹਿਸ ਲੜਾਈ ’ਚ ਤਬਦੀਲ ਹੋ ਗਈ।
ਇਸ ਲੜਾਈ ਵਿਚ ਜੀਪ ਸਵਾਰ ਨੌਜਵਾਨ ਸੁਖਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਪਿੰਡ ਬਸੀ ਕਾਸੋ ਥਾਣਾ ਹਰਿਆਣਾ (21 ਸਾਲ) ਦਾ ਸੱਜੇ ਹੱਥ ਦਾ ਅੰਗੂਠਾ ਨਾਲੋਂ ਹੀ ਤੇਜ਼ਧਾਰ ਹਥਿਆਰ ਨਾਲ ਲਾਹ ਦਿੱਤਾ। ਇਕ ਰੋਕੀ ਨੇੜੇ ਬੁੱਲ੍ਹੋਵਾਲ, ਜਿਸ ਦੇ ਕਾਫੀ ਸੱਟਾਂ ਲੱਗੀਆਂ ਹਨ ਤੇ ਇਹ ਮਿਲ ਹੀ ਨਹੀਂ ਰਿਹਾ ਅਤੇ ਇਕ ਬੱਚਾ 10 ਕੁ ਸਾਲ ਦਾ ਜੋਬਨ ਪਿੰਡ ਬਸੀ ਕਾਸੋ, ਜੋ ਇਨ੍ਹਾਂ ਤੋਂ ਵੱਖ ਹੋ ਗਿਆ,ਮਿਲ ਨਹੀਂ ਰਿਹਾ। ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਵੇਗਾ।