ਫਿਰੋਜ਼ਪੁਰ 'ਚ ਬਲਾਕ ਕਾਂਗਰਸ ਪ੍ਰਧਾਨ 'ਤੇ ਅੰਨ੍ਹੇਵਾਹ ਫਾਇਰਿੰਗ (ਤਸਵੀਰਾਂ)
Friday, Nov 09, 2018 - 03:02 PM (IST)

ਫਿਰੋਜ਼ਪੁਰ (ਮਲਹੋਤਰਾ) : ਕਾਂਗਰਸ ਪਾਰਟੀ ਦੇ ਬਲਾਕ ਫਿਰੋਜ਼ਪੁਰ ਦਿਹਾਤੀ ਪ੍ਰਧਾਨ ਤੇ ਬਲਾਕ ਸੰਮਤੀ ਮੈਂਬਰ ਦਲਜੀਤ ਸਿੰਘ ਦੁਲਚੀਕੇ 'ਤੇ ਨਕਾਬਪੋਸ਼ ਹਥਿਆਰਾਂ ਨਾਲ ਲੈਸ ਬਦਮਾਸ਼ਾਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ, ਜਿਸ ਨਾਲ ਉਨ੍ਹਾਂ ਦੀ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਹਮਲੇ 'ਚ ਦਲਜੀਤ ਸਿੰਘ ਵਾਲ-ਵਾਲ ਬਚ ਗਏ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਵੀਰਵਾਰ ਰਾਤ 9:30 ਵਜੇ ਦੀ ਹੈ, ਜਦ ਦਲਜੀਤ ਸਿੰਘ ਫਿਰੋਜ਼ਪੁਰ ਤੋਂ ਆਪਣੇ ਘਰ ਦੁਲਚੀਕੇ ਜਾ ਰਹੇ ਸਨ।
ਸਕਾਰਪਿਓ ਗੱਡੀ 'ਤੇ ਕੁਤਬੇਵਾਲਾ ਮੋੜ ਪਹੁੰਚਣ 'ਤੇ ਮੋਟਰਸਾਈਕਲਾਂ 'ਤੇ ਸਵਾਰ ਛੇ ਨੌਜਵਾਨ, ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ, ਨੇ ਮੋਟਰਸਾਈਕਲ ਗੱਡੀ ਦੇ ਅੱਗੇ ਲਗਾ ਕੇ ਦਲਜੀਤ ਸਿੰਘ ਨੂੰ ਰੁਕਣ ਦਾ ਇਸ਼ਾਰਾ ਕੀਤਾ। ਦਲਜੀਤ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਇਹ ਸਮਝਦਿਆਂ ਦੇਰ ਨਹੀਂ ਲੱਗੀ ਕਿ ਉਕਤ ਬਦਮਾਸ਼ ਉਨ੍ਹਾਂ 'ਤੇ ਹਮਲਾ ਕਰਨ ਆਏ ਹਨ।
ਦੇਖਦੇ ਹੀ ਦੇਖਦੇ ਮੋਟਰਸਾਈਕਲਾਂ 'ਤੇ ਪਿੱਛੇ ਬੈਠੇ ਨੌਜਵਾਨਾਂ ਨੇ, ਜਿਨਾਂ ਦੇ ਹੱਥਾਂ 'ਚ ਰਿਵਾਰਵਰ ਤੇ ਪਿਸਤੌਲਾਂ ਸਨ, ਨੇ ਅੰਨੇਵਾਹ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਦਲਜੀਤ ਸਿੰਘ ਨੇ ਮੌਕਾ ਦੇਖ ਕੇ ਗੱਡੀ ਭਜਾ ਲਈ, ਜਿਸ ਨਾਲ ਉਸ ਦੀ ਜਾਨ ਬਚ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।