DC ਵਲੋਂ ਕੇਂਦਰੀ ਜੇਲ ਦਾ ਨਿਰੀਖਣ, ਜੇਲ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਲਾਈ ਕਲਾਸ

10/17/2019 10:06:29 AM

ਫ਼ਿਰੋਜ਼ਪੁਰ (ਕੁਮਾਰ, ਮਨਦੀਪ) - ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਵਲੋਂ ਮੰਗਲਵਾਰ ਬਾਅਦ ਦੁਪਹਿਰ ਕੇਂਦਰੀ ਜੇਲ ਦਾ ਅਚਨਚੇਤ ਨਿਰੀਖਣ ਕੀਤਾ ਗਿਆ, ਜਿਸ ਦੌਰਾਨ ਕਮੀਆਂ ਮਿਲਣ 'ਤੇ ਜੇਲ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਕਲਾਸ ਲਾਈ ਗਈ। ਜਾਣਕਾਰੀ ਅਨੁਸਾਰ ਡਿਪਟੀ ਕਮਿਸ਼ਨਰ ਬਿਨਾਂ ਕਿਸੇ ਸੂਚਨਾ 'ਤੇ ਸੁਰੱਖਿਆ ਕਾਫ਼ਲੇ ਦੇ ਅਚਾਨਕ ਜੇਲ ਪਹੁੰਚੇ ਅਤੇ ਅਚਨਚੇਤ ਨਿਰੀਖਣ ਸ਼ੁਰੂ ਕਰ ਦਿੱਤਾ। ਉਨ੍ਹਾਂ ਬੈਰਕਾਂ 'ਚ ਰਹਿ ਰਹੇ ਮਰੀਜ਼ਾਂ ਅਤੇ ਹਵਾਲਾਤੀਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਸਮੱਸਿਆ ਸੁਣੀ। 

ਚੈਕਿੰਗ ਦੌਰਾਨ ਕੁਝ ਮਰੀਜ਼ਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਜੇਲ ਵਿਚ ਸਕਿਨ ਪ੍ਰਾਬਲਮ ਦੀ ਸਮੱਸਿਆ ਬਹੁਤ ਹੀ ਜ਼ਿਆਦਾ ਹੈ। ਡਾਕਟਰਾਂ ਵਲੋਂ ਦਵਾਈਆਂ ਲਿਖ ਕੇ ਦਿੱਤੀਆਂ ਗਈਆਂ ਹਨ ਪਰ ਇਹ ਦਵਾਈਆਂ ਉਨ੍ਹਾਂ ਨੂੰ ਮੁਹੱਈਆ ਨਹੀਂ ਕਰਵਾਈਆਂ ਗਈਆਂ। ਇਸ 'ਤੇ ਡਿਪਟੀ ਕਮਿਸ਼ਨਰ ਨੇ ਜੇਲ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਨਰਾਜ਼ਗੀ ਜਤਾਉਂਦੇ ਹੋਏ ਤੁਰੰਤ ਇਲਾਜ ਮੁਹੱਈਆ ਕਰਵਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸਕਿਨ ਪ੍ਰਾਬਲਮ ਵਾਲੇ ਮਰੀਜ਼ਾਂ ਦਾ ਖ਼ਾਸ ਤੌਰ 'ਤੇ ਇਲਾਜ ਕਰਵਾਇਆ ਜਾਵੇ। ਜੇਲ ਦੀਆਂ ਸਾਰੀਆਂ ਬੈਰਕਾਂ ਵਿਚ ਪਈਆਂ ਅੰਗੀਠੀਆਂ ਅਤੇ ਉਨ੍ਹਾਂ ਵਿਚ ਪਈਆਂ ਲੋਹੇ ਦੀਆਂ ਰਾਡਾਂ ਦੇਖ ਕੇ ਡਿਪਟੀ ਕਮਿਸ਼ਨਰ ਨੇ ਕਾਫ਼ੀ ਹੈਰਾਨੀ ਜਤਾਈ। ਉਨ੍ਹਾਂ ਪੁੱਛਿਆ ਕਿ ਜਦੋਂ ਜੇਲ ਦੀ ਰਸੋਈ ਵਿਚ ਖਾਣਾ ਬਣਦਾ ਹੈ ਤਾਂ ਹਰੇਕ ਬੈਰਕ ਵਿਚ ਅੰਗੀਠੀ ਦਾ ਕੀ ਕੰਮ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅੰਗੀਠੀਆਂ ਵਿਚ ਪਈਆਂ ਲੋਹੇ ਦੀਆਂ ਰਾਡਾਂ ਦਾ ਗਲਤ ਇਸਤੇਮਾਲ ਕੀਤਾ ਜਾ ਸਕਦਾ ਹੈ, ਇਸ ਲਈ ਇਨ੍ਹਾਂ ਨੂੰ ਤੁਰੰਤ ਇਥੋਂ ਹਟਾਇਆ ਜਾਵੇ।

ਡਿਪਟੀ ਕਮਿਸ਼ਨਰ ਦਾ ਦੌਰਾ ਪੂਰੀ ਤਰ੍ਹਾਂ ਨਾਲ ਅਚਨਚੇਤ ਸੀ ਅਤੇ ਡੀ. ਸੀ. ਆਪਣੇ ਨਾਲ ਸੁਰੱਖਿਆ ਕਾਫ਼ਲੇ ਨੂੰ ਵੀ ਲੈ ਕੇ ਨਹੀਂ ਆਏ। ਉਨ੍ਹਾਂ ਕੁਝ ਜੇਲ ਅਧਿਕਾਰੀਆਂ ਦੇ ਗੈਰ-ਹਾਜ਼ਰ ਹੋਣ 'ਤੇ ਵੀ ਨਰਾਜ਼ਗੀ ਜਤਾਈ ਪਰ ਉਨ੍ਹਾਂ ਦੱਸਿਆ ਕਿ ਸਬੰਧਤ ਅਧਿਕਾਰੀਆਂ ਦੀ ਤਬੀਅਤ ਠੀਕ ਨਾ ਹੋਣ ਕਾਰਨ ਉਹ ਰੈਸਟ 'ਤੇ ਹਨ। ਉਨ੍ਹਾਂ ਨਿਰੀਖਣ ਵਿਚ ਸਾਹਮਣੇ ਆਈਆਂ ਸਾਰੀਆਂ ਕਮੀਆਂ ਨੂੰ ਜੇਲ ਦੀ ਵਿਜ਼ਟਰ ਬੁੱਕ ਵਿਚ ਦਰਜ ਕਰ ਦਿੱਤਾ ਹੈ ਅਤੇ ਅਧਿਕਾਰੀਆਂ ਨੂੰ ਅਗਲੇ ਅਚਨਚੇਤ ਨਿਰੀਖਣ ਤੋਂ ਪਹਿਲਾਂ ਗਲਤੀਆਂ ਸੁਧਾਰਨ ਲਈ ਕਿਹਾ ਹੈ।


rajwinder kaur

Content Editor

Related News