ਲਹੂ ਭਿੱਜੇ ਸਿੱਖ ਇਤਿਹਾਸ ਦਾ ਪੰਨਾ - ਵੱਡਾ ਘੱਲੂਘਾਰਾ

Wednesday, Feb 09, 2022 - 04:19 PM (IST)

ਲਹੂ ਭਿੱਜੇ ਸਿੱਖ ਇਤਿਹਾਸ ਦਾ ਪੰਨਾ - ਵੱਡਾ ਘੱਲੂਘਾਰਾ

ਵੱਡਾ ਘੱਲੂਘਾਰਾ 1762, ਸ਼ਹੀਦੀ ਸਾਕਾ...
ਅਹਿਮਦ ਸ਼ਾਹ ਅਬਦਾਲੀ ਬਾਰੇ ਮਾਰਚ 1761 ਈ. ਨੂੰ ਲੁੱਟਿਆ ਹੋਇਆ ਮਾਲ ਲੈ ਕੇ ਕਾਬੁਲ-ਕੰਧਾਰ, ਅਫਗਾਨ ਵੱਲ ਨੂੰ ਜਾਣ ਦੀ ਜਦੋਂ ਸਿੱਖ ਸਰਦਾਰਾਂ ਨੂੰ ਸੂਹ ਲੱਗੀ ਤਾਂ ਉਹ ਆਪਣੇ ਜਥੇ ਅਫਗਾਨੀ ਫ਼ੌਜਾਂ ਦੇ ਨੇੜੇ ਇਕ ਰਾਤ ਪਹਿਲਾਂ ਲੈ ਆਏ ਅਤੇ ਦੂਜੀ ਰਾਤ ਅਫਗਾਨੀ ਫ਼ੌਜਾਂ 'ਤੇ ਹਮਲਾ ਬੋਲ ਦਿੱਤਾ। ਜਦੋਂ ਅਹਿਮਦ ਸ਼ਾਹ ਅਬਦਾਲੀ ਦੀਆਂ ਫ਼ੌਜਾਂ ਜਿਹਲਮ ਦਰਿਆ ਪਾਰ ਕਰਨ ਲੱਗੀਆਂ ਤਾਂ ਸਿੱਖ ਸਰਦਾਰਾਂ ਨੇ ਅਬਦਾਲੀ ਕੋਲੋਂ ਬੰਦੀ ਬਣਾਈਆਂ 2200 ਕੁੜੀਆਂ ਛੁਡਵਾ ਕੇ ਮਹਾਰਾਸ਼ਟਰ ਤੱਕ ਉਨ੍ਹਾਂ ਦੇ ਘਰੋ-ਘਰੀ ਪਹੁੰਚਾਈਆਂ ਤੇ ਨਾਲ ਹੀ ਲੁੱਟਿਆ ਹੋਇਆ ਮਾਲ ਵੀ ਜ਼ਬਤ ਕਰ ਲਿਆ।

 

ਅਪ੍ਰੈਲ 1761 ਈ. ਨੂੰ ਅਬਦਾਲੀ ਲਾਹੌਰ ਪੁੱਜਾ, ਉਥੇ ਉਸ ਨੇ ਖੁਆਜ਼ਾ ਉਬੈਦ ਖਾਨ ਨੂੰ ਲਾਹੌਰ ਦਾ ਹਾਕਮ ਨਿਯੁਕਤ ਕਰ ਦਿੱਤਾ। ਸਤੰਬਰ 1761 ਈ. ਨੂੰ ਜੱਸਾ ਸਿੰਘ ਹੋਰ ਸਰਦਾਰਾਂ ਨੂੰ ਨਾਲ ਲੈ ਕੇ ਸ੍ਰ. ਚੜ੍ਹਤ ਸਿੰਘ ਦੀ ਮਦਦ ਲਈ ਗੁੱਜਰਾਂਵਾਲਾ (ਪਾਕਿਸਤਾਨ) ਪਹੁੰਚਿਆ ਕਿਉਂਕਿ ਹਾਕਮ ਖੁਆਜ਼ਾ ਉਬੈਦ ਖਾਨ ਨੇ ਸ੍ਰ. ਚੜ੍ਹਤ ਸਿੰਘ ਵਿਰੁੱਧ ਫ਼ੌਜ ਚੜ੍ਹਾਈ ਹੋਈ ਸੀ। ਸ੍ਰ. ਜੱਸਾ ਸਿੰਘ ਅਤੇ ਉਸ ਦੇ ਸਾਥੀਆਂ ਨੇ ਜਦੋਂ ਜਾ ਕੇ ਹੱਲਾ ਬੋਲਿਆ ਤਾਂ ਉਬੈਦ ਖਾਨ ਘਬਰਾਹਟ ਵਿੱਚ ਆਪਣਾ ਤੋਪਖਾਨਾ, ਘੋੜੇ, ਊਠ ਤੇ ਹੋਰ ਜੰਗੀ ਸਾਮਾਨ ਉਥੇ ਹੀ ਛੱਡ ਕੇ ਵਾਹੋਵਾਹੀ ਲਾਹੌਰ ਨੂੰ ਭੱਜ ਗਿਆ। ਸਿੱਖਾਂ ਨੇ ਉੁਬੈਦ ਖ਼ਾਨ ਦਾ ਪਿੱਛਾ ਲਾਹੌਰ ਤੱਕ ਕੀਤਾ। ਉਬੈਦ ਖਾਨ ਕਿਲ੍ਹੇ ਵਿੱਚ ਵੜ ਕੇ ਬੈਠ ਗਿਆ। ਸਿੰਘਾਂ ਨੇ ਲਾਹੌਰ ਸ਼ਹਿਰ 'ਤੇ ਕਬਜ਼ਾ ਕਰ ਲਿਆ ਅਤੇ ਇਹ ਸਿੱਖਾਂ ਦੀ ਪੰਜਾਬ ਰਾਜਧਾਨੀ 'ਤੇ ਪਹਿਲੀ ਰਾਜਸੀ ਫਤਹਿ ਸੀ। ਇਸ ਨਾਲ ਇਕ ਤਰ੍ਹਾਂ ਸਿੰਧ ਤੋਂ ਲੈ ਕੇ ਸਤਲੁਜ ਦਰਿਆ ਤੱਕ ਪੰਜਾਬ ਖ਼ਾਲਸੇ ਦੇ ਕਬਜ਼ੇ ਵਿੱਚ ਆ ਗਿਆ। ਜੱਸਾ ਸਿੰਘ ਆਹਲੂਵਾਲੀਆ ਨੂੰ 'ਸੁਲਤਾਨ-ਏ-ਕੌਮ' ਦੀ ਪਾਤਸ਼ਾਹੀ ਪਦਵੀ ਨਾਲ ਨਿਵਾਜ਼ਿਆ ਗਿਆ ਅਤੇ ਉਨ੍ਹਾਂ ਨੇ ਸ਼ੁਕਰਾਨੇ ਵਜੋਂ ਗੁਰੂ ਨਾਨਕ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦਾ ਸਿੱਕਾ ਜਾਰੀ ਕੀਤਾ, ਜਿਸ ਉੱਤੇ ਫ਼ਾਰਸੀ ਵਿੱਚ ਪੁਰ ਦਾ ਬੰਦ ਉਕਰਿਆ ਗਿਆ

''ਦੇਗ ਤੇਗ ਫ਼ਤਿਹ ਨੁਸਰਤ ਬੰਦ ਰੰਗ
ਯਾਫ਼ਤ ਆਜ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ''

  
ਜਦੋਂ ਇਸ ਸਭ ਕਾਸੇ ਦਾ ਪਤਾ ਅਹਿਮਦ ਸ਼ਾਹ ਅਬਦਾਲੀ ਨੂੰ ਲੱਗਾ ਤਾਂ ਉਹ ਬਲ-ਸੜ ਉਠਿਆ। ਇਸ ਬਲਦੀ 'ਤੇ ਲਾਹੌਰ ਦੇ ਮੌਲਵੀਆਂ ਨੇ ਤੇਲ ਪਾਇਆ। ਉਨ੍ਹਾਂ ਨੇ ਜਿਹੜਾ ਖ਼ਾਲਸੇ ਵੱਲੋਂ ਤਿਆਰ ਸਿੱਕਾ ਸੀ ਉਹ ਤਾਂ ਘੱਲਿਆ ਨਾ ਸਗੋਂ ਨਕਲੀ ਤਿਆਰ ਕਰਕੇ ਅਬਦਾਲੀ ਕੋਲ ਪੁੱਜਦਾ ਕਰ ਦਿੱਤਾ, ਜਿਸ 'ਤੇ ਉਕਰਿਆ ਸੀ
''ਮੁਲਕ ਅਹਿਮਦ
ਞਰਿਫਤ ਜੱਸਾ ਕਲਾਲ''
   ਅਹਿਮਦ ਸ਼ਾਹ ਲਈ ਇਹ ਜਰਨਾ ਨਾ-ਮੁਮਕਿਨ ਸੀ ਕਿ ਇਕ ਕਲਾਲ ਨੇ ਉਸ ਦੇ ਇਲਾਕੇ 'ਤੇ ਕਬਜ਼ਾ ਕਰ ਲਿਆ ਹੈ। ਉਹ ਭਾਰੀ ਸੈਨਾ ਲੈ ਕੇ ਮਰਹੱਟਿਆਂ ਵਾਂਗ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਲਈ ਤੁਰ ਪਿਆ ਅਫ਼ਗਾਨ ਤੋਂ। ਉਸ ਨੂੰ ਲਾਹੌਰ ਤੋਂ ਪਤਾ ਲੱਗਾ ਕਿ ਸਿੰਘ ਸਰਹੰਦ ਦੇ ਇਲਾਕੇ ਵਿੱਚ ਹਨ, ਅਬਦਾਲੀ ਨੇ ਸਰਹੰਦ ਫ਼ੌਜਦਾਰ ਜੈਨ ਖਾਨ ਨੂੰ ਆਪਣੀ ਸਾਰੀ ਫ਼ੌਜ ਲੈ ਕੇ ਸਿੰਘਾਂ ਦਾ ਅੱਗਾ ਰੋਕਣ ਦਾ ਹੁਕਮ ਦਿੱਤਾ। ਸਿੱਖ ਉਸ ਵੇਲੇ ਬੱਚਿਆਂ, ਬੁੱਢਿਆਂ, ਬੀਬੀਆਂ (ਲਗਭਗ 50 ਹਜ਼ਾਰ) ਸਮੇਤ ਵਹੀਰ ਦੀ ਸ਼ਕਲ ਵਿੱਚ ਕਿਸੇ ਸੁਰੱਖਿਅਤ ਥਾਂ ਵੱਲ ਸਫ਼ਰ ਕਰ ਰਹੇ ਸਨ ਤੇ ਹਨੇਰਾ ਪੈ ਜਾਣ ਕਰਕੇ ਇਨ੍ਹਾਂ ਨੇ ਪਿੰਡ ਕੁੱਪ-ਰੋਹੀੜਾ (ਮਲੇਰਕੋਟਲਾ) ਲੁਧਿਆਣਾ-ਧੂਰੀ ਰੇਲਵੇ ਲਾਈਨ, ਮੰਡੀ ਅਹਿਮਦਗੜ੍ਹ ਅਤੇ ਮਲੇਰਕੋਟਲਾ ਸਟੇਸ਼ਨ ਵਿਚਕਾਰ ਇਕ ਪੜਾਅ ਵਿੱਚ ਡੇਰੇ ਲਾਏ ਹੋਏ ਸਨ।

   ਸਿੱਖਾਂ ਦਾ ਅਨੁਮਾਨ ਸੀ ਕਿ ਅਬਦਾਲੀ ਉਨ੍ਹਾਂ ਤੱਕ 6-7 ਫਰਵਰੀ ਤੋਂ ਪਹਿਲਾ ਨਹੀਂ ਪਹੁੰਚ ਸਕੇਗਾ ਪਰ ਅਬਦਾਲੀ ਨੇ ਲਗਭਗ 150 ਮੀਲ ਦਾ ਸਫ਼ਰ ਘੰਟਿਆਂ ਵਿੱਚ ਮੁਕਾ ਕੇ ਸਿੱਖ ਸਰਦਾਰਾਂ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ। ਕੁਝ ਇਤਿਹਾਸਕਾਰਾਂ ਦਾ ਕਥਨ ਹੈ ਕਿ ਅਬਦਾਲੀ ਨੇ 36 ਘੰਟਿਆਂ 'ਚ ਸਫ਼ਰ ਮੁਕਾਇਆ। ਇਹ ਤਾਂ ਪੱਕਾ ਹੀ ਹੈ ਕਿ ਅਬਦਾਲੀ ਨੇ ਇਹ ਹਮਲਾ ਬੜੀ ਦਲੇਰੀ ਤੇ ਫੁਰਤੀ ਨਾਲ ਕੀਤਾ।
 
 ਸਿੰਘਾਂ ਨੇ ਅਨੇਕਾਂ ਜੰਗਾਂ ਵਿੱਚ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕੀਤੀ ਪਰ ਇਹ ਨਹੀਂ ਹੋਇਆ ਕਿ ਸਿੱਖੀ ਸਿਧਾਂਤਾਂ ਤੇ ਗੁਰਬਾਣੀ ਤੋਂ ਪਾਸੇ ਹੋਏ ਹੋਣ। ਗੁਰਬਾਣੀ ਵਿੱਚ ਦਰਜ ਮਿਲਦਾ ਹੈ

''ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ-ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥''         ਅੰਗ-1105

 
ਜਦੋਂ ਅਸੀਂ ਕਿਸੇ ਦੇ ਪਿਛੋਕੜ 'ਤੇ ਝਾਤੀ ਮਾਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਝੂਠ ਅਤੇ ਕਪਟ ਦੀ ਲੜਾਈ ਦਾ ਕੋਈ ਇਤਿਹਾਸ ਨਹੀਂ ਜੁੜਦਾ

 ''ਕੂੜ ਨਿਖੁਟੇ ਨਾਨਕਾ ਓਡਕਿ ਸਚਿ ਰਹੀ॥''         ਅੰਗ -953
  
ਅੰਤ ਵਿੱਚ ਇਹ ਵੀ ਮੰਨਣਾ ਬਣਦਾ ਹੈ ਕਿ ਜਿੱਤ ਸੱਚ ਦੀ ਹੀ ਹੋਈ ਹੈ ਕਿਉਂਕਿ ਬਾਣੀ ਵਿੱਚ ਵੀ ਦਰਜ ਮਿਲਦਾ ਹੈ

 “ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨਿ ਜੀਤ॥”

ਇਸ ਘੋਲ ਵਿੱਚ ਭੰਗੀ, ਨਕਈ, ਘਨੱਈਆ, ਆਹਲੂਵਾਲੀਆ, ਰਾਮਗੜ੍ਹੀਆ, ਸ਼ੁਕਰਚੱਕੀਆ, ਡੱਲੇਵਾਲੀਆ, ਸ਼ਹੀਦਾਂ ਦੀ ਮਿਸਲ, ਨਿਸ਼ਾਨਾ ਵਾਲੀ ਆਦਿਕ ਮਿਸਲਾਂ ਸ਼ਾਮਿਲ ਸਨ, ਜਿਨ੍ਹਾਂ ਦੀ ਅਗਵਾਈ ਜੱਸਾ ਸਿੰਘ ਆਹਲੂਵਾਲੀਆ ਸਰਦਾਰ ਕਰ ਰਿਹਾ ਸੀ। ਇਸ ਲੜਾਈ ਵਿੱਚ ਸਿੰਘਾਂ ਨੇ ਕਿਲ੍ਹੇ ਦਾ ਰੂਪ ਬਣਾ ਕੇ ਦੁਰਾਨੀਆਂ ਦਾ ਮੁਕਾਬਲਾ ਕੀਤਾ। ਸਿੰਘ ਹੌਲੇ-ਹੌਲੇ ਬਰਨਾਲੇ ਵੱਲ ਨੂੰ ਪਿੱਛੇ ਹਟਦੇ ਗਏ। ਉਸ ਵੇਲੇ ਸਿੰਘਾਂ ਦੇ ਜਥੇ ਕੁੱਪ-ਰੋਹੀੜਾ, ਰਾਹਿਪੁਰ, ਗੱਜਰਵਾਲ, ਕੰਗਣਵਾਲ, ਝਨੇਰ, ਧਨੇਰ, ਵਰਵਾਲੀ, ਜਰਮਾਣਾ, ਲੋਹਗੜ੍ਹ, ਕੁਠਾਲਾ, ਹਰਦਾਸਪੁਰ, ਕੁਤਬਾ, ਬਾਹਮਣੀਆਂ, ਗੰਗਹੋਰ, ਨਿਹਾਲੂਵਾਲ, ਪੰਡੋਰੀ, ਮਹਿਲ ਖੁਰਦ, ਮਹਿਲ ਕਲਾ, ਮੂੰਮ, ਹਠੂਰ, ਛੀਨੀਵਾਲ, ਸਹਿਜੜਾ, ਗਹਿਲ, ਭੱਦਲਵੱਡ, ਸੰਘੇੜਾ, ਠੀਕਰੀਵਾਲ, ਬਰਨਾਲਾ ਆਦਿ 30-32 ਪਿੰਡਾਂ 'ਚੋਂ ਗੁਜ਼ਰੇ। ਕੁਤਬਾ, ਗਹਿਲ ਅਤੇ ਹਠੂਰ ਪਿੰਡ ਦੀ ਢਾਬ 'ਤੇ ਪਾਣੀ ਪੀਤਾ ਅਤੇ ਲਗਭਗ 35 ਹਜ਼ਾਰ ਸਿੰਘਾਂ ਨੇ ਇਸੇ ਘੱਲੂਘਾਰੇ 'ਚ ਸ਼ਹੀਦੀਆਂ ਪਾਈਆਂ।

ਵਿਸਾਖਾ ਸਿੰਘ ਦੀ ਕਿਤਾਬ “ਮਾਲਵਾ ਇਤਿਹਾਸ” ਵਿੱਚ ਦਰਜ ਮਿਲਦਾ ਹੈ ਕਿ ਪਿੰਡ ਕੁਠਾਲਾ ਵਿੱਚ ਗੁਰਦੁਆਰਾ ਜਾਗਾਂ ਵਾਲਾ ਬਣਿਆ ਹੈ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਕ ਜਥਾ ਇਥੋਂ ਗੁਜ਼ਰਿਆ ਸੀ। ਘੱਲੂਘਾਰੇ ਵੇਲੇ ਹੱਥ ਲਿਖਤ ਬੀੜ ਸ੍ਰੀ ਗੁਰੂ ਗ੍ਰੰਥ ਸਾਹਿਬ ਇਸ ਪਿੰਡ ਵਿਚ ਬਿਰਾਜਮਾਨ ਕੀਤੀ ਗਈ। ਇਸੇ ਪਿੰਡ ਘੱਲੂਘਾਰੇ ਵੇਲੇ 19 ਸ਼ਹੀਦ ਸਿੰਘਾਂ ਦਾ ਸਸਕਾਰ ਵੀ ਕੀਤਾ ਗਿਆ ਅਤੇ ਉਨ੍ਹਾਂ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਅੰਗੀਠਾ ਸਾਹਿਬ ਉਸਾਰਿਆ ਗਿਆ ਹੈ। ਅੱਜ ਵੀ ਇਸ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ “ਹੱਥ ਲਿਖਤ ਬੀੜ” ਸੁਸ਼ੋਭਿਤ ਹੈ। ਸਥਾਨਕ ਵਾਸੀਆਂ ਦਾ ਮੰਨਣਾ ਹੈ ਕਿ ਇਹ ‘ਹੱਥ ਲਿਖਤ ਬੀੜ’ ਬਾਬਾ ਸੁਧਾ ਸਿੰਘ ਕੁਠਾਲਾ ਧਾਰਮਿਕ ਸਥਾਨ ਜਾਗਾਂ ਵਾਲਾ ਵਿਖੇ ਸੁਸ਼ੋਭਿਤ ਕਰਕੇ ਆਪਣੇ ਪਿੰਡ ਵੱਲ ਚਾਲੇ ਪਾ ਗਏ ਸਨ।

ਇਸ ਵੱਡੇ ਘੱਲੂਘਾਰੇ ਦੇ ਠੀਕ ਅੱਠ ਮਹੀਨਿਆਂ ਪਿੱਛੋਂ ਸਿੱਖ ਵੱਡੀ ਸ਼ਕਤੀ ਬਣ ਕੇ ਉੱਭਰੇ, ਜਿਸ ਵਿੱਚ ਅਹਿਮਦ ਸ਼ਾਹ ਅਬਦਾਲੀ 17 ਅਕਤੂਬਰ 1762 ਈ. ਨੂੰ ਪਿੱਪਲੀ ਸਾਹਿਬ (ਅੰਮ੍ਰਿਤਸਰ ਸਾਹਿਬ) ਦੀ ਲੜਾਈ ਵਿੱਚ ਬੁਰੀ ਤਰ੍ਹਾਂ ਹਾਰ ਗਿਆ ਸੀ।
-ਅਲੀ ਰਾਜਪੁਰਾ 
94176-79302

ਨੋਟ: ਕਈ ਇਤਿਹਾਸਕਾਰਾਂ ਅਨੁਸਾਰ ਵੱਡਾ ਘੱਲੂਘਾਰਾ 5 ਫਰਵਰੀ 1762 ਨੂੰ ਵਾਪਰਿਆ ਸੀ ਤੇ ਕਈ ਵਿਦਵਾਨ ਇਸ ਨੂੰ ਅੱਜ ਦੇ ਦਿਨ ਵਾਪਰਿਆ ਮੰਨਦੇ ਹਨ। ਸ਼੍ਰੋਮਣੀ ਕਮੇਟੀ ਕੈਲੰਡਰ ਅਨੁਸਾਰ ਵੀ ਵੱਡਾ ਘੱਲੂਘਾਰਾ ਦਿਵਸ ਅੱਜ ਹੈ।


author

Harnek Seechewal

Content Editor

Related News