ਪੰਜਾਬ ਹੋਮ ਗਾਰਡਜ਼ ਦੇ ਜਵਾਨ ਨੂੰ ਜ਼ਖਮੀ ਕਰਕੇ ਹਵਾਲਾਤੀ ਹੋਇਆ ਫਰਾਰ, SHO ਤੇ ASI ਮੁਅੱਤਲ

Saturday, Aug 03, 2019 - 12:59 PM (IST)

ਪੰਜਾਬ ਹੋਮ ਗਾਰਡਜ਼ ਦੇ ਜਵਾਨ ਨੂੰ ਜ਼ਖਮੀ ਕਰਕੇ ਹਵਾਲਾਤੀ ਹੋਇਆ ਫਰਾਰ, SHO ਤੇ ASI ਮੁਅੱਤਲ

ਫਾਜ਼ਿਲਕਾ(ਨਾਗਪਾਲ, ਲੀਲਾਧਰ) : ਬੱਚੇ ਚੁੱਕਣ ਦੇ ਮਾਮਲੇ 'ਚ ਦੋ ਦਿਨ ਪਹਿਲਾਂ ਦਰਜ ਐੱਫ. ਆਈ. ਆਰ. 'ਚ ਨਾਮਜ਼ਦ ਫਾਜ਼ਿਲਕਾ ਉਪਮੰਡਲ ਦੇ ਪਿੰਡ ਸੰਤ ਖੀਵਾਪੁਰ ਵਾਸੀ ਚਰਨਜੀਤ ਸਿੰਘ ਸ਼ੁੱਕਰਵਾਰ ਸਵੇਰੇ ਥਾਣਾ ਸਦਰ ਫਾਜ਼ਿਲਕਾ 'ਚ ਡਿਊਟੀ 'ਤੇ ਤਾਇਨਾਤ ਪੰਜਾਬ ਹੋਮ ਗਾਰਡਜ਼ ਦੇ ਜਵਾਨ ਨੂੰ ਜ਼ਖਮੀ ਕਰ ਕੇ ਸਦਰ ਪੁਲਸ ਸਟੇਸ਼ਨ ਤੋਂ ਭੱਜ ਗਿਆ। ਥਾਣਾ ਸਦਰ ਦੀ ਪੁਲਸ ਨੇ ਐੱਸ. ਐੱਚ. ਓ. ਅਤੇ ਏ. ਐੱਸ. ਆਈ. ਨੂੰ ਮੁਅੱਤਲ ਕਰ ਦਿੱਤਾ ਹੈ ਜਦਕਿ ਮੁਲਜ਼ਮ ਚੰਨੀ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

ਵਰਨਣਯੋਗ ਹੈ ਕਿ ਉਪਮੰਡਲ ਦੇ ਪਿੰਡ ਝੋਕ ਡਿਪੂਲਾਨਾ ਵਾਸੀ ਵਿੱਕੀ ਨੇ ਕੇਸ ਦਰਜ ਕਰਵਾਇਆ ਸੀ ਕਿ ਦੋ ਦਿਨ ਪਹਿਲਾਂ 6 ਵਿਅਕਤੀਆਂ ਨੇ ਜ਼ਬਰਦਸਤੀ ਉਸ ਅਤੇ ਉਸ ਦੀ ਮੰਗੇਤਰ ਨਾਲ ਕੁੱਟ-ਮਾਰ ਕੀਤੀ ਅਤੇ ਉਸ ਤੋਂ ਜ਼ਬਰਦਸਤੀ ਕਬੂਲ ਕਰਵਾਇਆ ਕਿ ਉਹ ਬੱਚੇ ਚੁੱਕਦੇ ਹਨ। ਐੱਫ. ਆਈ. ਆਰ. 'ਚ ਵਿੱਕੀ ਨੇ ਦੱਸਿਆ ਕਿ ਚਰਨਜੀਤ ਸਿੰਘ ਨੇ ਰਿਵਾਲਵਰ ਦਾ ਡਰ ਦਿਖਾ ਕੇ ਉਸ ਤੋਂ ਇਹ ਗੱਲ ਕਹਾਈ ਕਿ ਉਹ ਬੱਚਾ ਚੋਰ ਹੈ ਅਤੇ ਬੱਚੇ ਚੁੱਕਣ ਲਈ ਆਏ ਸਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਮਗਰੋਂ ਪੁਲਸ ਨੇ ਚਰਨਜੀਤ ਸਿੰਘ ਅਤੇ 5 ਹੋਰਾਂ ਖਿਲਾਫ਼ ਸਦਰ ਪੁਲਸ ਫਾਜ਼ਿਲਕਾ 'ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਸੀ।

ਇਸ ਮਾਮਲੇ 'ਚ ਚਰਨਜੀਤ ਸਿੰਘ ਨੂੰ ਪੁਲਸ ਨੇ ਵੀਰਵਾਰ ਦੁਪਹਿਰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਉਸ ਨੂੰ ਥਾਣਾ ਸਦਰ 'ਚ ਸਥਿਤ ਸੀ. ਆਈ. ਏ. ਸਟਾਫ 'ਚ ਸਲਾਖਾਂ ਪਿੱਛੇ ਰੱÎਖਿਆ ਸੀ। ਸ਼ੁੱਕਰਵਾਰ ਨੂੰ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਜਾਣਾ ਸੀ। ਸੂਤਰਾਂ ਨੇ ਦੱਸਿਆ ਕਿ ਹੋਮ ਗਾਰਡ ਸਿਪਾਹੀ ਰਛਪਾਲ ਸਿੰਘ ਜੋ ਕਿ ਡਿਊਟੀ 'ਤੇ ਤਾਇਨਾਤ ਸੀ, ਨੇ ਸਵੇਰੇ ਲਾਕਅਪ ਦਾ ਦਰਵਾਜ਼ਾ ਖੋਲ੍ਹਿਆ ਅਤੇ ਚਰਨਜੀਤ ਸਿੰਘ ਨੂੰ ਲੈਟਰੀਨ ਲਈ ਲੈ ਗਿਆ। ਮੌਕਾ ਪਾ ਕੇ ਚਰਨਜੀਤ ਸਿੰਘ ਮੇਨ ਗੇਟ 'ਤੇ ਤਾਇਨਾਤ ਹੋਮ ਗਾਰਡ ਦੇ ਜਵਾਨ ਕੁਲਵਿੰਦਰ ਰਾਜ ਨੂੰ ਜ਼ਖਮੀ ਕਰ ਕੇ ਭੱਜ ਗਿਆ।

ਫਾਜ਼ਿਲਕਾ ਦੇ ਡੀ. ਐੱਸ. ਪੀ. ਜਗਦੀਸ਼ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਵੱਖ-ਵੱਖ ਟੀਮਾਂ ਬਣਾ ਕੇ ਚਰਨਜੀਤ ਸਿੰਘ ਨੂੰ ਲੱਭਣ ਲਈ ਭੇਜ ਦਿੱਤੀਆਂ ਹਨ ਅਤੇ ਉਸ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। ਸ਼ੁੱਕਰਵਾਰ ਨੂੰ ਉੱਚ ਅਧਿਕਾਰੀਆਂ ਨੇ ਥਾਣੇ ਦੇ ਐੱਸ. ਐੱਚ. ਓ. ਭੁਪਿੰਦਰ ਸਿੰਘ ਅਤੇ ਏ. ਐੱਸ. ਆਈ. ਸੁਰਿੰਦਰ ਕੁਮਾਰ ਡਿਊਟੀ ਅਫ਼ਸਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।


author

cherry

Content Editor

Related News