ਧੀਆਂ ਵਰਗੀ ਨੂੰਹ ਦੇ ਹੱਥ ਬੰਨ੍ਹ ਸ਼ਰਾਬੀ ਸਹੁਰੇ ਨੇ ਪਾਰ ਕੀਤੀਆਂ ਹੱਦਾਂ, ਤਾਰ-ਤਾਰ ਕਰ ਛੱਡੇ ਰਿਸ਼ਤੇ
Sunday, Sep 25, 2022 - 12:07 PM (IST)

ਸਾਹਨੇਵਾਲ (ਜ. ਬ.) : ਹਵਸ ’ਚ ਅੰਨ੍ਹੇ ਹੋਏ ਇਕ ਸ਼ਰਾਬੀ ਸਹੁਰੇ ਨੇ ਰਿਸ਼ਤਿਆਂ ਨੂੰ ਦਾਗਦਾਰ ਕਰਦੇ ਹੋਏ ਆਪਣੀ ਹੀ ਨੂੰਹ ਨੂੰ ਬੰਦੀ ਬਣਾ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਇਸ ਸਬੰਧੀ ਥਾਣਾ ਸਾਹਨੇਵਾਲ ਦੀ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤਾ ਨੇ ਦੱਸਿਆ ਕਿ ਉਸਦਾ ਵਿਆਹ ਸਾਲ 2018 ’ਚ ਮੁਲਜ਼ਮ ਦੇ ਪੁੱਤਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਇਕ ਬੱਚੀ ਨੇ ਜਨਮ ਲਿਆ। ਪੀੜਤਾ ਦਾ ਪਤੀ ਹਰਿਆਣਾ ਸਥਿਤ ਇਕ ਫੈਕਟਰੀ ’ਚ ਕੰਮ ਕਰਦਾ ਹੈ, ਜੋ ਪਿਛਲੇ ਕਰੀਬ ਇਕ ਸਾਲ ਤੋਂ ਹਰਿਆਣਾ ’ਚ ਰਹਿ ਕੇ ਹੀ ਨੌਕਰੀ ਕਰ ਰਿਹਾ ਹੈ।
ਇਸ ਦੌਰਾਨ ਉਸ ਦਾ ਕਲਯੁਗੀ ਸਹੁਰਾ ਪੀੜਤਾ ਉੱਪਰ ਮਾੜੀ ਨਜ਼ਰ ਰੱਖਣ ਲੱਗਾ। ਬੀਤੀ 5 ਸਤੰਬਰ ਨੂੰ ਉਹ ਘਰ ’ਚ ਆਪਣੀ ਬੱਚੀ ਨਾਲ ਇਕੱਲੀ ਸੀ ਅਤੇ ਸੱਸ ਕਿਸੇ ਰਿਸ਼ਤੇਦਾਰੀ ’ਚ ਗਈ ਹੋਈ ਸੀ। ਇਸ ਦੌਰਾਨ ਉਸਦਾ ਸਹੁਰਾ ਫੈਕਟਰੀ ਤੋਂ ਜਲਦੀ ਛੁੱਟੀ ਕਰਕੇ ਆ ਗਿਆ, ਜਿਸਨੇ ਸ਼ਰਾਬ ਪੀਤੀ ਹੋਈ ਸੀ। ਪੀੜਤਾ ਨੇ ਦੱਸਿਆ ਕਿ ਰਾਤ ਦਾ ਖਾਣਾ ਖਾਣ ਤੋਂ ਬਾਅਦ ਉਹ ਬੱਚੀ ਨੂੰ ਲੈ ਕੇ ਆਪਣੇ ਕਮਰੇ ’ਚ ਚਲੀ ਗਈ। ਰਾਤ ਕਰੀਬ 10 ਤੋਂ 11 ਵਜੇ ਦੇ ਵਿਚਕਾਰ ਉਸਦਾ ਸਹੁਰਾ ਸ਼ਰਾਬ ਦੇ ਨਸ਼ੇ ’ਚ ਜ਼ਬਰਦਸਤੀ ਉਸਦੇ ਕਮਰੇ ’ਚ ਦਾਖ਼ਲ ਹੋਇਆ। ਸਹੁਰੇ ਨੇ ਉਸ ਦੇ ਹੱਥ ਬੰਨ੍ਹ ਦਿੱਤੇ ਅਤੇ ਮੂੰਹ ਵੀ ਹੱਥਾਂ ਨਾਲ ਬੰਦ ਕਰ ਦਿੱਤਾ।
ਇਸ ਤੋਂ ਬਾਅਦ ਉਸ ਨੇ ਆਪਣੀ ਧੀਆਂ ਵਰਗੀ ਨੂੰਹ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਮੁਲਜ਼ਮ ਨੇ ਧਮਕੀ ਦਿੱਤੀ ਕਿ ਜੇਕਰ ਉਹ ਇਸ ਬਾਰੇ ਕਿਸੇ ਨੂੰ ਦੱਸੇਗੀ ਤਾਂ ਉਹ ਉਸ ਦੀ ਧੀ ਨੂੰ ਮਾਰ ਦੇਵੇਗਾ। ਥਾਣਾ ਸਾਹਨੇਵਾਲ ਦੀ ਪੁਲਸ ਨੇ ਪੀੜਤਾ ਦੇ ਬਿਆਨ ਦਰਜ ਕਰਨ ਦੇ ਬਾਅਦ ਮੁਲਜ਼ਮ ਸਹੁਰੇ ਗੁਰਮੀਤ ਸਿੰਘ ਪੁੱਤਰ ਬਲਦੇਵ ਸਿੰਘ ਖ਼ਿਲਾਫ਼ ਕੇਸ ਦਰਜ ਕਰ ਉਸਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ