ਫਤਿਹ ਦੀ ਮੌਤ ਤੋਂ ਬਾਅਦ ਗੁੱਸੇ ''ਚ ਲੋਕ, ਸੁਨਾਮ ਪੂਰੀ ਤਰ੍ਹਾਂ ਬੰਦ
Tuesday, Jun 11, 2019 - 05:48 PM (IST)
ਸੰਗਰੂਰ/ਸੁਨਾਮ (ਮੰਗਲਾ) : ਪਿਛਲੇ 6 ਦਿਨਾਂ ਤੋਂ 150 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਾ ਫਤਿਹ ਆਖਿਰ ਜ਼ਿੰਦਗੀ ਦੀ ਲੜਾਈ ਹਾਰ ਗਿਆ। ਮੰਗਲਵਾਰ ਨੂੰ ਸਵੇਰੇ ਪੰਜ ਵਜੇ ਬੱਚੇ ਨੂੰ ਉਸੇ ਬੋਰਵੈੱਲ 'ਚੋਂ ਮ੍ਰਿਤਕ ਹਾਲਤ 'ਚ ਕੱਢਿਆ ਗਿਆ ਜਿਸ ਵਿਚ ਉਹ ਡਿੱਗਾ ਸੀ, ਸਿਰਫ ਖਾਨਾ ਪੂਰਤੀ ਲਈ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ। ਜਿਵੇਂ ਹੀ ਡਾਕਟਰਾਂ ਨੇ ਦੋ ਸਾਲਾ ਫਤਿਹਵੀਰ ਸਿੰਘ ਦੇ ਮ੍ਰਿਤਕ ਹੋਣ ਦੀ ਪੁਸ਼ਟੀ ਕੀਤੀ ਤਾਂ ਲੋਕਾਂ ਦਾ ਗੁੱਸਾ ਹੋਰ ਵੀ ਵੱਧ ਗਿਆ। ਸੁਨਾਮ ਸ਼ਹਿਰ ਵਿਚ ਲੋਕਾਂ ਨੇ ਸਰਕਾਰ ਖਿਲਾਫ ਗੁੱਸਾ ਜ਼ਾਹਰ ਕਰਦੇ ਹੋਏ ਦੁਕਾਨਾਂ ਅਤੇ ਹੋਰ ਅਦਾਰੇ ਬੰਦ ਕਰ ਦਿੱਤੇ ਅਤੇ ਸੜਕਾਂ 'ਤੇ ਉਤਰੇ ਲੋਕਾਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ।
ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਫਤਿਹਵੀਰ ਸਿੰਘ ਨੂੰ ਬਚਾਉਣ ਲਈ ਗੰਭੀਰਤਾ ਨਹੀਂ ਦਿੱਖਾਈ ਗਈ, ਜੇਕਰ ਪਹਿਲਾਂ ਹੀ ਸਰਕਾਰ ਗੰਭੀਰਤਾ ਦਿਖਾਉਂਦੀ ਅਤੇ ਰੈਸਕਿਊ ਆਪਰੇਸ਼ਨ ਫੌਜ ਦੇ ਹਵਾਲੇ ਕਰ ਦਿੱਤਾ ਜਾਂਦਾ ਤਾਂ ਸ਼ਾਇਦ ਅੱਜ ਬੱਚਾ ਜਿਊਂਦਾ ਹੁੰਦਾ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਾਣ ਬੁੱਝ ਕੇ ਰੈਸਕਿਊ ਆਪਰੇਸ਼ਨ ਵਿਚ ਦੇਰੀ ਕੀਤੀ ਗਈ ਹੈ ਜਿਸ ਕਾਰਨ ਫਤਿਹ ਦੀ ਮੌਤ ਹੋ ਗਈ।
ਦੂਜੇ ਪਾਸੇ ਫਤਿਹਵੀਰ ਸਿੰਘ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਨ ਵਾਲੇ ਪੀ. ਜੀ. ਆਈ. ਦੇ ਡਾਕਟਰਾਂ ਦਾ ਕਹਿਣਾ ਹੈ ਕਿ ਜਦੋਂ ਬੱਚੇ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਹ ਮ੍ਰਿਤਕ ਸੀ ਅਤੇ ਉਸ ਦਾ ਸਰੀਰ ਗਲ ਚੁੱਕਾ ਸੀ। ਹੁਣ ਇਸ ਗੱਲ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਲੱਗ ਸਕੇਗਾ ਕਿ ਫਤਿਹ ਦੀ ਮੌਤ ਕਦੋਂ ਅਤੇ ਕਿਸ ਵਜ੍ਹਾ ਕਾਰਨ ਹੋਈ।