ਸ਼ਹੀਦ ਨਾਇਕ ਮਨਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

11/21/2019 10:36:55 AM

ਫਤਿਹਗੜ੍ਹ ਚੂੜੀਆਂ (ਸਾਰੰਗਲ, ਬਿਕਰਮਜੀਤ) : ਬੀਤੇ ਦਿਨ ਲੇਹ ਦੇ ਸਿਆਚਿਨ ਗਲੇਸ਼ੀਅਰ 'ਚ ਆਏ ਬਰਫੀਲੇ ਤੁਫ਼ਾਨ ਕਾਰਣ ਸਥਾਨਕ ਕਸਬੇ ਦਾ ਰਹਿਣ ਵਾਲਾ ਮਨਿੰਦਰ ਸਿੰਘ ਸ਼ਹੀਦ ਹੋ ਗਿਆ ਸੀ, ਜਿਸਦਾ ਅੰਤਿਮ ਸੰਸਕਾਰ ਅੱਜ ਦੇਰ ਸ਼ਾਮ ਫਤਿਹਗੜ੍ਹ ਚੂੜੀਆਂ ਵਿਖੇ ਸੈਨਿਕ ਸਨਮਾਨਾਂ ਨਾਲ ਕੀਤਾ ਗਿਆ। ਇਸ ਮੌਕੇ ਸ਼ਹੀਦ ਮਨਿੰਦਰ ਸਿੰਘ ਦੀ ਮ੍ਰਿਤਕ ਦੇਹ ਜਦੋਂ ਤਿਰੰਗੇ 'ਚ ਲਿਪਟੀ ਅਤੇ ਫੁੱਲਾਂ ਨਾਲ ਸਜਾਈ ਹੋਈ ਗੱਡੀ 'ਚ ਫਤਿਹਗੜ੍ਹ ਚੂੜੀਆਂ ਕਸਬੇ 'ਚ ਦਾਖਲ ਹੋਈ ਤਾਂ ਸੈਂਕੜੇ ਨਮ ਅੱਖਾਂ ਨੇ ਫੁੱਲਾਂ ਦੀ ਵਰਖਾ ਨਾਲ ਮਨਿੰਦਰ ਸਿੰਘ ਨੂੰ ਸਜਦਾ ਕੀਤਾ।
PunjabKesari
ਇਸ ਮੌਕੇ ਸੈਂਕੜੇ ਨਮ ਅੱਖਾਂ ਨੇ ਸ਼ਹੀਦ ਮਨਿੰਦਰ ਸਿੰਘ ਨੂੰ ਅੰਤਿਮ ਵਿਦਾਈ ਦਿੰਦਿਆਂ ਸ਼ਹੀਦ ਮਨਿੰਦਰ ਸਿੰਘ ਅਮਰ ਰਹੇ, ਜ਼ਿੰਦਾਬਾਦ ਦੇ ਨਾਅਰੇ ਲਾਏ। ਅੰਤਿਮ ਸੰਸਕਾਰ ਮੌਕੇ ਜ਼ਿਲਾ ਪ੍ਰਸ਼ਾਸਨ ਵਲੋਂ ਬਲਵਿੰਦਰ ਸਿੰਘ ਐੱਸ. ਡੀ. ਐੱਮ. ਬਟਾਲਾ, ਰਵੀਨੰਦਨ ਸਿੰਘ ਬਾਜਵਾ ਚੇਅਰਮੈਨ ਜ਼ਿਲਾ ਪ੍ਰੀਸ਼ਦ ਗੁਰਦਾਸਪੁਰ, ਕੁੰਵਰ ਰਵਿੰਦਰ ਵਿੱਕੀ ਜਨਰਲ ਸਕੱਤਰ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ, ਲਖਬੀਰ ਸਿੰਘ ਲੋਧੀਨੰਗਲ ਵਿਧਾਇਕ ਬਟਾਲਾ, ਰਵੀਕਰਨ ਸਿੰਘ ਕਾਹਲੋਂ ਹਲਕਾ ਇੰਚਾਰਜ ਫਤਿਹਗੜ੍ਹ ਚੂੜੀਆਂ, ਕਰਨਲ ਸਤਬੀਰ ਸਿੰਘ ਜ਼ਿਲਾ ਸੈਨਿਕ ਭਲਾਈ ਅਫ਼ਸਰ, ਗੁਰਮੀਤ ਸਿੰਘ ਪਲਹੇੜੀ ਨਿੱਜੀ ਸਹਾਇਕ ਮੈਂਬਰ ਪਾਰਲੀਮੈਂਟ ਸੰਨੀ ਦਿਓਲ, ਬਲਬੀਰ ਸਿੰਘ ਡੀ. ਐੱਸ. ਪੀ. ਫਤਿਹਗੜ੍ਹ ਚੂੜੀਆਂ ਆਦਿ ਨੇ ਸ਼ਹੀਦ ਮਨਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਲੈਫਟੀਨੈਂਟ ਕਰਨਲ ਮਨੋਜ ਸੋਮਾਨਾਥਨ ਅੰਮ੍ਰਿਤਸਰ ਕੈਂਟ ਤੋਂ ਪੁੱਜੀ 206 ਸੈਂਟਾਬੈਂਟਰੀ ਯੂਨਿਟ ਦੇ ਜਵਾਨਾਂ ਨੇ ਸ਼ਸਤਰ ਉਲਟੇ ਕਰ ਕੇ ਅਤੇ ਮਾਤਮੀ ਧੁੰਨ ਵਜਾ ਕੇ ਦੋ ਮਿੰਟ ਦਾ ਮੌਨ ਧਾਰਦਿਆਂ ਸ਼ਹੀਦ ਨੂੰ ਸਲਾਮੀ ਦਿੱਤੀ।
PunjabKesari
ਇਸ ਮੌਕੇ ਰਾਜਨੀਤਕ, ਧਾਰਮਕ, ਸਮਾਜਕ ਅਤੇ ਫੌਜ ਦੇ ਉੱਚ ਅਧਿਕਾਰੀਆਂ ਵੱਲੋਂ ਸ਼ਹੀਦ ਮਨਿੰਦਰ ਸਿੰਘ ਨੂੰ ਫੁੱਲਮਾਲਾਵਾਂ ਭੇਟ ਕਰ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਬਲਵਿੰਦਰ ਸਿੰਘ ਐੱਸ. ਡੀ. ਐੱਮ. ਨੇ ਕਿਹਾ ਕਿ ਸ਼ਹੀਦ ਪਰਿਵਾਰ ਦੀ ਜੋ ਸੰਭਵ ਮਦਦ ਹੋਵੇਗੀ, ਉਹ ਸਰਕਾਰ ਵਲੋਂ ਕੀਤੀ ਜਾਵੇਗੀ। ਇਸ ਮੌਕੇ ਰਵੀਨੰਦਨ ਸਿੰਘ ਬਾਜਵਾ ਚੇਅਰਮੈਨ ਨੇ ਕਿਹਾ ਕਿ ਜੋ ਸਰਕਾਰ ਦੀ ਪਾਲਿਸੀ ਹੋਵੇਗੀ, ਉਸਦੇ ਅਨੁਸਾਰ ਪਰਿਵਾਰ ਦੀ ਮਦਦ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਨਾਇਕ ਸ਼ਹੀਦ ਹੋਏ ਮਨਿੰਦਰ ਸਿੰਘ ਦਾ ਵਿਆਹ 6 ਸਾਲ ਪਹਿਲਾਂ ਅਕਵਿੰਦਰ ਕੌਰ ਨਾਲ ਹੋਇਆ ਸੀ ਅਤੇ ਮਨਿੰਦਰ ਸਿੰਘ ਦਾ ਇੱਕ ਛੋਟਾ 5 ਸਾਲ ਦਾ ਲੜਕਾ ਏਕਮਜੋਤ ਸਿੰਘ ਹੈ, ਜਿਸਨੇ ਆਪਣੇ ਪਿਤਾ ਦੀ ਚਿਤਾ ਨੂੰ ਮੁੱਖ ਅਗਨੀ ਦਿੱਤੀ।


Baljeet Kaur

Content Editor

Related News