ਪਿੰਡ ਛਾਪੜੀ ਸਾਹਿਬ ਵਿਖੇ ਇਕੋ ਰਾਤ ਪੰਜ ਘਰਾਂ ''ਚ ਚੋਰੀ

08/25/2019 11:26:46 AM

ਫਤਿਆਬਾਦ (ਕੰਵਲ ਸੰਧੂ) : ਨਸ਼ਾ ਰੁਕਣ ਦੀ ਬਜਾਏ ਦਿਨੋ-ਦਿਨ ਵੱਧਦਾ ਜਾ ਰਿਹਾ ਹੈ, ਜਿਸ ਕਰਕੇ ਨਸ਼ੇ ਦੇ ਆਦੀ ਨੌਜਵਾਨ ਆਪਣੇ ਨਸ਼ੇ ਦੀ ਪੂਰਤੀ ਲਈ ਚੋਰੀਆਂ ਨੂੰ ਅੰਜਾਮ ਦਿੰਦੇ ਹਨ। ਇਸੇ ਤਰ੍ਹਾਂ ਇਥੋਂ ਨੇੜਲੇ ਪਿੰਡ ਛਾਪੜੀ ਸਾਹਿਬ ਵਿਖੇ ਇਕੋ ਰਾਤ ਪੰਜ ਘਰਾਂ ਵਿਚ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। 

ਜਾਣਕਾਰੀ ਮੁਤਾਬਕ ਚਰਨ ਸਿੰਘ ਪੁੱਤਰ ਅਮਰ ਸਿੰਘ ਦੇ ਘਰੋਂ ਇਕ ਸੋਨੇ ਦਾ ਹਾਰ, ਕੜਾ ਕਾਂਟੇ, ਚੈਨ ਤੇ ਚਾਰ ਮੁੰਦਰੀਆਂ ਤੇ ਸਕੱਤਰ ਸਿੰਘ ਪੁੱਤਰ ਸੰਤੋਖ ਸਿੰਘ ਦੇ ਘਰੋ ਆਰਟੀਫੀਸ਼ਲ ਗਹਿਣੇ, ਅਮਰਜੀਤ ਸਿੰਘ ਪੁੱਤਰ ਬਲਵੰਤ ਸਿੰਘ ਦੇ ਘਰੋ ਤਿੰਨ ਹਜ਼ਾਰ ਰੁਪਏ ਦੀ ਨਗਦੀ, ਸੁਖਦੇਵ ਸਿੰਘ ਪੁੱਤਰ ਦਲੀਪ ਸਿੰਘ ਤੇ ਬਲਜਿੰਦਰ ਸਿੰਘ ਪੁੱਤਰ ਦਲਜੀਤ ਸਿੰਘ ਦੇ ਘਰੋ ਫਰੋਲਾ ਫਾਰਾਲੀ ਕੀਤੀ ਪਰ ਕੁਝ ਲੈ ਕੇ ਨਹੀਂ ਗਏ ਦਾ ਪਤਾ ਲੱਗਾ ਹੈ। ਮੌਕੇ 'ਤੇ ਪੀੜਤ ਚਰਨ ਸਿੰਘ ਨੇ ਦੱਸਿਆ ਕਿ ਅਸੀਂ ਸਾਰਾ ਪਰਿਵਾਰ ਬਾਹਰ ਵਿਹੜੇ ਵਿਚ ਕੂਲਰ ਲਾ ਕੇ ਸੁੱਤੇ ਸੀ ਤੇ ਜਦੋਂ ਅਸੀ ਸਵੇਰੇ ਉੱਠਕੇ ਦੇਖਿਆ ਤਾਂ ਸਾਡੇ ਕਮਰਿਆਂ ਦੇ ਦਰਵਾਜ਼ੇ ਖੁੱਲੇ ਹੋਏ ਸਨ ਤੇ ਅਲਮਾਰੀਆਂ ਦੇ ਲੋਕ ਟੁੱਟੇ ਪਏ ਸਨ। ਅਸੀ ਇਸ ਸਬੰਧੀ ਪੁਲਸ ਚੌਂਕੀ ਫਤਿਆਬਾਦ ਦਰਖਾਸਤ ਦੇ ਦਿੱਤੀ ਹੈ। 

ਇਸ ਸਬੰਧੀ ਜਦੋਂ ਚੌਂਕੀ ਇੰਚਾਰਜ ਬਲਰਾਜ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਮੌਕੇ 'ਤੇ ਜਾ ਕੇ ਸਭ ਕੁਝ ਦੇਖਿਆ, ਪਰ ਉੱਥੋ ਕਿਸੇ ਵੀ ਜਗ੍ਹਾ ਕੋਈ ਵੀ ਕੈਮਰਾ ਨਾ ਲੱਗਾ ਹੋਣ ਕਾਰਨ ਮੁਸ਼ਕਿਲ ਆ ਰਹੀ ਹੈ, ਪਰ ਅਸੀਂ ਇਸ ਦੀ ਤਹਿ ਤੱਕ ਜਾ ਕੇ ਜਾਂਚ ਕਰਾਂਗੇ ਤੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।


Baljeet Kaur

Content Editor

Related News