ਕਿਸਾਨ ਯੂਨੀਅਨ ਕੇਂਦਰ ਸਰਕਾਰ ਖ਼ਿਲਾਫ਼ ਪੁਤਲਾ ਫੂਕ ਪ੍ਰਦਰਸ਼ਨ ਜਾਰੀ

Saturday, Aug 29, 2020 - 05:36 PM (IST)

ਜਲਾਲਾਬਾਦ (ਸੇਤੀਆ, ਸੁਮਿਤ, ਟੀਨੂੰ) : ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਕੋਰੋਨਾ ਦੀ ਆੜ ਹੇਠ ਭਾਜਪਾ ਹਕੂਮਤ ਵਲੋਂ ਲਾਗੂ ਕੀਤੇ ਜਾ ਰਹੇ ਕਿਸਾਨ ਮਾਰੂ ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ 25 ਅਗਸਤ ਤੋਂ ਅਕਾਲੀ-ਭਾਜਪਾ ਦੇ ਮੰਤਰੀਆਂ, ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਪਿੰਡਾਂ 'ਚ ਵੜਨ ਤੋਂ ਰੋਕਣ ਲਈ ਸ਼ੁਰੂ ਕੀਤੀ ਨਾਕਾਬੰਦੀ ਅੱਜ ਪੰਜਵੇਂ ਤੇ ਅਖੀਰਲੇ ਦਿਨ 'ਚ ਸ਼ਾਮਿਲ ਹੋ ਗਈ । ਪਿੰਡਾਂ 'ਚ ਅੱਜ ਕਿਸੇ ਵੀ ਵੋਟ ਪਾਰਟੀਆਂ ਦੇ ਆਗੂਆਂ ਨੂੰ ਵੜਨ ਨਹੀਂ ਦਿੱਤਾ ਗਿਆ। ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਮੰਨੋਵਾਲਾ ਨੇ ਦੱਸਿਆ ਕਿ ਇਨ੍ਹਾਂ ਨਾਕਿਆਂ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਇਨ੍ਹਾਂ ਆਰਡੀਨੈਂਸਾਂ ਰਾਹੀਂ ਸਰਕਾਰ ਵੱਲੋਂ ਫ਼ਸਲਾਂ ਦੀ ਸਰਕਾਰੀ ਖਰੀਦ ਬੰਦ ਕਰ ਪ੍ਰਾਈਵੇਟ ਕੰਪਨੀਆਂ ਨੂੰ ਲੁੱਟ ਕਰਨ ਦੀ ਖੁੱਲ੍ਹ ਦੇਣ ਖ਼ਿਲਾਫ਼ ਸੰਘਰਸ਼ ਤਿੱਖਾ ਕਰਨ ਦਾ ਸੱਦਾ ਦਿੱਤਾ। 

ਉਨ੍ਹਾਂ ਦੱਸਿਆ ਕਿ ਸੰਘਰਸ਼ ਦੀਆਂ ਮੁੱਖ ਮੰਗਾਂ 'ਚ ਤਿੰਨੋਂ ਖੇਤੀ ਆਰਡੀਨੈਂਸ ਰੱਦ ਕਰੋ, ਬਿਜਲੀ ਸ਼ੋਧ ਬਿੱਲ 2020 ਵਾਪਿਸ ਲਉ ਸਮੇਤ ਜ਼ਮੀਨਾਂ ਅਕਵਾਇਰ ਕਾਨੂੰਨ 'ਚ ਕਿਸਾਨ ਵਿਰੋਧੀ ਤਜਵੀਜ਼ਾਂ ਦਾ ਖਰੜਾ ਵਾਪਿਸ ਲਏ ਜਾਨ, ਡੀਜ਼ਲ- ਪਟਰੋਲ ਕਾਰੋਬਾਰ ਦਾ ਸਰਕਾਰੀਕਰਨ ਕਰਕੇ ਭਾਰੀ ਟੈਕਸ ਵਾਪਿਸ ਲਏ ਜਾਣ। ਕਿਸਾਨਾਂ ਨੂੰ 50% ਸਬਸਿਡੀ ਅਤੇ ਖੇਤੀ ਲਈ ਡੀਜ਼ਲ ਮੁਹੱਈਆ ਕਰਵਾਇਆ ਜਾਵੇ। ਕੋਰੋਨਾ ਦੀ ਆੜ ਹੇਠ ਪੰਜਾਬ ਸਰਕਾਰ ਵਲੋਂ ਜਨਤਕ ਇਕੱਠਾਂ ਅਤੇ ਬੁਧੀਜੀਵੀਆਂ ਦੇ ਲਿਖਣ ਬੋਲਣ 'ਤੇ ਲਾਈ ਪਾਬੰਦੀ ਖਤਮ ਕੀਤੀ ਜਾਵੇ ਅਤੇ ਮੋਨਟੇਕ ਸਿੰਘ ਆਹਲੂਵਾਲੀਆ ਕਮੇਟੀ ਭੰਗ ਕੀਤੀ ਜਾਵੇ ਅਤੇ ਇਸ ਵਲੋਂ ਕੀਤੀਆਂ ਸਿਫਾਰਸ਼ਾਂ ਰੱਦ ਕੀਤੀਆਂ ਜਾਣ। ਧਰਨੇ 'ਚ ਸ਼ਾਮਲ ਸਤਪਾਲ ਸਿੰਘ ਭੋਡੀਪੁਰ, ਸ਼ੇਰ ਸਿੰਘ ਚੱਕ ਸੈਦੋਕੇ, ਸਹਿਜੀਤ ਸਿੰਘ ਰੱਤਾ ਥੇੜ, ਪਰਮਜੀਤ ਸਿੰਘ ਡਾਂਗਾ, ਕਾਬਲ ਸਿੰਘ ਡਾਂਗਾ, ਜੋਗਾ ਸਿੰਘ ਭੋਡੀਪੁਰ, ਮੁਨਸ਼ਾ ਸਿੰਘ ਡਾਂਗਾ, ਸਤਨਾਮ ਸਿੰਘ ਫਲੀਆ ਵਾਲਾ, ਸੁਖਚੈਨ ਸੋਢੀ,ਸੂਰਜ , ਗੁਰਮੀਤ ਸਿੰਘ ਤੋਤਿਆ ਵਾਲਾ ਮੌਜੂਦ ਸਨ।

ਕਿਸਾਨ ਯੂਨੀਅਨ ਨੇ ਮੁੱਖ ਮੰਤਰੀ ਦੇ ਫ਼ੈਸਲੇ ਦਾ ਕੀਤਾ ਸਵਾਗਤ
ਉਧਰ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਉਸ ਫ਼ੈਸਲੇ ਦਾ ਸਵਾਗਤ ਕੀਤਾ ਜਿਸ 'ਚ ਕੇਂਦਰ ਸਰਕਾਰ ਵਲੋਂ ਜਾਰੀ ਖੇਤੀ ਬਾੜੀ ਆਰਡੀਨੈਂਸ ਤੇ ਸੰਭਾਵੀ ਬਿਜਲੀ ਬਿੱਲ ਦੀ ਤਜਵੀਜ਼ ਨੂੰ ਵਿਧਾਨ ਸਭਾ ਸੈਸ਼ਨ 'ਚ ਰੱਦ ਕਰ ਦਿੱਤਾ ਹੈ। ਕਿਉਂਕਿ ਤਿਨੇ ਆਰਡੀਨੈਂਸ ਕੇਂਦਰ ਵਲੋਂ ਕਿਸਾਨਾਂ ਤੇ ਥੋਪੇ ਗਏ ਸਨ ਜਿਸਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਧਾਨ ਸਭਾ ਸੈਸ਼ਨ 'ਚ ਕਿਸਾਨਾਂ ਦੇ ਹਿਤੈਸ਼ੀ ਹੋਣ ਦਾ ਸਬੂਤ ਦੇ ਕੇ ਰੱਦ ਕਰ ਦਿੱਤਾ। ਸਮੁੱਚੀ ਕਿਸਾਨ ਯੂਨੀਅਨਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦੀ ਹੈ।


Gurminder Singh

Content Editor

Related News