'ਕਿਸਾਨਾਂ ਵੱਲੋਂ CM ਦੇ ਜੱਦੀ ਜ਼ਿਲ੍ਹੇ 'ਚ ਧਰਨਾ ਦੇਣ ਨੇ ਮੂੰਗੀ ਦੀ MSP ’ਤੇ ਖਰੀਦ ਦੇ ਦਾਅਵੇ ਕੀਤੇ ਬੇਨਕਾਬ'

Tuesday, Jun 14, 2022 - 02:23 AM (IST)

'ਕਿਸਾਨਾਂ ਵੱਲੋਂ CM ਦੇ ਜੱਦੀ ਜ਼ਿਲ੍ਹੇ 'ਚ ਧਰਨਾ ਦੇਣ ਨੇ ਮੂੰਗੀ ਦੀ MSP ’ਤੇ ਖਰੀਦ ਦੇ ਦਾਅਵੇ ਕੀਤੇ ਬੇਨਕਾਬ'

ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਿਸਾਨਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਜ਼ਿਲ੍ਹੇ ਸੰਗਰੂਰ 'ਚ ਧਰਨਾ ਦੇਣ ਨੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸੂਬੇ 'ਚ ਮੂੰਗੀ ਦੀ ਫਸਲ ਐੱਮ.ਐੱਸ.ਪੀ. ’ਤੇ ਖਰੀਦਣ ਦੇ ਦਾਅਵੇ ਬੇਨਕਾਬ ਕਰ ਦਿੱਤੇ ਹਨ। ਇਥੇ ਜਾਰੀ ਕੀਤੇ ਇਕ ਬਿਆਨ ਵਿੱਚ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜਿਹੜੇ ਕਿਸਾਨਾਂ ਨੇ ਮੁੱਖ ਮੰਤਰੀ ਦੇ ਭਰੋਸੇ ’ਤੇ ਮੂੰਗੀ ਦੀ ਫਸਲ ਦੀ ਕਾਸ਼ਤ ਕੀਤੀ ਸੀ, ਉਹ ਧੋਖੇ ਦਾ ਸ਼ਿਕਾਰ ਹੋਏ ਮਹਿਸੂਸ ਕਰ ਰਹੇ ਸਨ ਤੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੇ ਵਿਧਾਇਕਾਂ ਸਮੇਤ ਹੋਰ ਆਗੂਆਂ ਦੇ ਦਰਾਂ ਮੂਹਰੇ ਧਰਨੇ ਦੇਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਮੂੰਗੀ ਦੀ ਫਸਲ ਦੀ ਖਰੀਦ 7200 ਰੁਪਏ ਪ੍ਰਤੀ ਕੁਇੰਟਲ ਤੋਂ ਵੱਧ ਰੇਟ ’ਤੇ ਕੀਤੀ ਜਾਵੇਗੀ, ਜਦੋਂ ਕਿ ਕਿਸਾਨਾਂ ਨੂੰ ਆਪਣੀ ਜਿਣਸ 5000 ਰੁਪਏ ਪ੍ਰਤੀ ਕੁਇੰਟਲ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਖ਼ਬਰ ਇਹ ਵੀ : CM ਮਾਨ ਨੇ ਕਿਸਾਨਾਂ ਨੂੰ ਕੀਤੀ ਅਪੀਲ ਤਾਂ ਉਥੇ ਹੀ ਅਦਾਲਤ ਨੇ ਸਾਬਕਾ ਕਾਂਗਰਸੀ ਮੰਤਰੀ ਨੂੰ ਦਿੱਤਾ ਝਟਕਾ, ਪੜ੍ਹੋ Top 10

ਅਕਾਲੀ ਆਗੂਆਂ ਨੇ ਕਿਹਾ ਕਿ ਕਿਸਾਨ ਇਸ ਗੱਲੋਂ ਹੈਰਾਨ ਹਨ ਕਿ ਉਨ੍ਹਾਂ ਨੇ ਨਵੇਂ ਚੁਣੇ ਮੁੱਖ ਮੰਤਰੀ ਦੇ ਖੋਖਲੇ ਵਾਅਦਿਆਂ ’ਤੇ ਭਰੋਸਾ ਕੀਤਾ ਤੇ ਆਪਣੀ ਜਿਣਸ ਐੱਮ.ਐੱਸ.ਪੀ. ਅਨੁਸਾਰ ਮੰਡੀ ਵਿੱਚ ਲਿਆਂਦੀ। ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ 'ਆਪ' ਸਰਕਾਰ ਵੱਲੋਂ ਮੂੰਗੀ ਦੀ ਐੱਮ.ਐੱਸ.ਪੀ. ਅਨੁਸਾਰ ਖਰੀਦ ਕਰਨ ਲਈ ਕੀਤੇ ਦਾਅਵਿਆਂ ਤੇ ਜਾਰੀ ਕੀਤੇ ਇਸ਼ਤਿਹਾਰ ਅਤੇ ਬਿਆਨ ਖੋਖਲੇ ਸਨ ਤੇ ਮੂੰਗੀ ਦੀ ਫਸਲ ਦੀ ਐੱਮ.ਐੱਸ.ਪੀ. ਅਨੁਸਾਰ ਖਰੀਦ ਆਨੇ-ਬਹਾਨੇ ਟਾਲੀ ਜਾ ਰਹੀ ਹੈ। ਮਲੂਕਾ ਤੇ ਡਾ. ਚੀਮਾ ਨੇ ਕਿਹਾ ਕਿ ਬਜਾਏ ਕਿਸਾਨਾਂ ਨੂੰ ਗੁੰਮਰਾਹ ਕਰਨ ਦੇ 'ਆਪ' ਸਰਕਾਰ ਨੂੰ ਕਿਸਾਨਾਂ ਦੀ ਜਿਣਸ ਦੀ ਖਰੀਦ ਲਈ ਯੰਤਰ ਵਿਧੀ ਉਲੀਕਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਅਜਿਹਾ ਤਰੀਕਾ ਨਹੀਂ ਦਿਸਦਾ ਤੇ ਸੂਬਾ ਸਰਕਾਰ ਵੱਲੋਂ ਖਰੀਦ ਪ੍ਰਕਿਰਿਆ ’ਤੇ ਕੋਈ ਕੰਟਰੋਲ ਨਹੀਂ ਦਿਸਦਾ, ਉਦੋਂ ਕਿਸਾਨ ਮਹਿਸੂਸ ਕਰ ਰਹੇ ਹਨ ਕਿ ਮੰਡੀਆਂ 'ਚ  ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਨੈਸ਼ਨਲ ਹੈਰਾਲਡ ਕੇਸ: ਸਿਆਸੀ ਡਰਾਮੇ ਵਿਚਾਲੇ ED ਨੇ ਰਾਹੁਲ ਗਾਂਧੀ ਨੂੰ ਅੱਜ ਮੁੜ ਪੁੱਛਗਿੱਛ ਲਈ ਬੁਲਾਇਆ

ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਤੁਰੰਤ ਮਾਮਲੇ 'ਚ ਦਖਲ ਦੇਣ ਤੇ ਮੂੰਗੀ ਦੀ ਫਸਲ ਦੀ ਐੱਮ.ਐੱਸ.ਪੀ. ਅਨੁਸਾਰ ਖਰੀਦ ਯਕੀਨੀ ਬਣਾਉਣ। ਅਕਾਲੀ ਆਗੂਆਂ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਕਿਸਾਨਾਂ ਅਤੇ ਹੋਰ ਲੋਕਾਂ ਨਾਲ ਵੱਡੇ-ਵੱਡੇ ਦਾਅਵੇ ਕਰਨ ਦੀ ਥਾਂ ਕੋਈ ਵੀ ਐਲਾਨ ਕਰਨ ਤੋਂ ਪਹਿਲਾਂ ਪੂਰੀ ਤਿਆਰੀ ਕਰਿਆ ਕਰਨ ਕਿਉਂਕਿ ਅੱਜ ਤੱਕ ਉਨ੍ਹਾਂ ਦੇ ਕੀਤੇ ਐਲਾਨ ਝੂਠੇ ਹੀ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਕੀਤੇ ਐਲਾਨਾਂ ਨੂੰ ਜ਼ਮੀਨੀ ਪੱਧਰ ’ਤੇ ਅਮਲੀ ਜਾਮਾ ਪਹਿਨਾਉਣ ਵਾਸਤੇ ਕੁਝ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਦੇ ਮਾਮਲੇ 'ਚ ਫਸੇ ਸਾਧੂ ਸਿੰਘ ਧਰਮਸੋਤ ਨੂੰ ਅਦਾਲਤ ਤੋਂ ਝਟਕਾ, ਵਧਿਆ ਰਿਮਾਂਡ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News