ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ''ਤੇ ਤੇਲ ਦੀਆਂ ਕੀਮਤਾਂ ਦੇ ਰੋਸ ਵਜੋਂ ਦਿੱਤਾ ਗਿਆ ਧਰਨਾ
Thursday, Jul 08, 2021 - 05:15 PM (IST)

ਦੋਰਾਹਾ (ਵਿਨਾਇਕ) : ਪੈਟਰੋਲ-ਡੀਜ਼ਲ ਦੀਆਂ ਦਿਨੋਂ-ਦਿਨ ਵੱਧਦੀਆਂ ਕੀਮਤਾਂ ਦੇ ਵਿਰੋਧ ਵਿੱਚ ਸਯੁੰਕਤ ਕਿਸਾਨ ਮੋਰਚੇ ਦੇ ਪ੍ਰੋਗਰਾਮ ਅਨੁਸਾਰ ਅੱਜ ਸੀ. ਟੀ. ਰੋਡ, ਦੋਰਾਹਾ ਵਿਖੇ ਵੀ ਰੋਸ ਵਿਖਾਵਾ ਕੀਤਾ ਗਿਆ। ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਕੀਤੇ ਜਾ ਰਹੇ ਕਿਸਾਨਾਂ ਦੇ ਰੋਸ ਪ੍ਰਦਰਸ਼ਨ ਵਿਚ ਕਿਸਾਨਾਂ ਦੇ ਹੱਕ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਸੈਂਕੜੇ ਵਰਕਰਾਂ ਅਤੇ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਇਕੱਤਰ ਹੋ ਕੇ ਟਰੈਕਟਰਾਂ, ਮੋਟਰਸਾਈਕਲਾਂ ਅਤੇ ਹੋਰ ਸਾਧਨਾਂ ਰਾਹੀਂ ਜੀ. ਟੀ. ਰੋਡ, ਦੋਰਾਹਾ ਵਿਖੇ ਧਰਨਾ ਦਿੱਤਾ।
ਇਸ ਦੇ ਨਾਲ ਹੀ ਰਸੋਈ ਗੈਸ ਦੇ ਸਿਲੰਡਰ ਲੈ ਕੇ ਕੇਂਦਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਸਾਨ ਜੱਥੇਬੰਦੀਆਂ ਦਾ ਭਾਰੀ ਇਕੱਠ ਮੌਜੂਦ ਰਿਹਾ, ਜਿਨ੍ਹਾਂ ਵੱਲੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਸਾਨ, ਮਜ਼ਦੂਰ ਅਤੇ ਹੋਰ ਮਿਹਨਤਕਸ਼ ਲੋਕ ਮੰਗ ਕਰ ਰਹੇ ਸਨ ਕਿ ਡੀਜ਼ਲ, ਪੈਟਰੋਲ ਤੇ ਰਸੋਈ ਗੈਸ ਦਾ ਕੰਟਰੋਲ ਸਰਕਾਰੀ ਹਥਾਂ ਵਿੱਚ ਲਿਆ ਜਾਵੇ। ਇਨ੍ਹਾਂ ਜ਼ਰੂਰੀ ਵਸਤਾਂ 'ਤੇ ਟੈਕਸ ਘੱਟ ਕੀਤਾ ਜਾਵੇ। ਧਰਨਾਕਾਰੀਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕਿਸਾਨਾਂ ਨੂੰ ਐਲਾਨੀ 8 ਘੰਟੇ ਬਿਜਲੀ ਸਪਲਾਈ ਦੇਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ।
ਉਨ੍ਹਾਂ ਮੰਗ ਕੀਤੀ ਕਿ ਸੋਕੇ ਵਾਲੇ ਹਾਲਾਤ ਵਿੱਚ ਸਰਕਾਰ ਘੱਟੋ-ਘੱਟ 12 ਘੰਟੇ ਨਿਰਵਿਘਨ ਸਪਲਾਈ ਦੇਵੇ ਅਤੇ ਬਿਜਲੀ ਸਪਲਾਈ ਵਿੱਚ ਵਿਘਨ ਪੈਣ 'ਤੇ ਉਸ ਦਾ ਮੁਆਵਜ਼ਾ ਦਿੱਤਾ ਜਾਵੇ। ਅੱਜ ਦੇ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਗੁਰਕੀਰਤ ਸਿੰਘ ਘੁਡਾਣੀ, ਤਰਨਜੀਤ ਸਿੰਘ ਕੂਹਲੀ, ਫੌਜੀ ਸਿਹੌੜਾ, ਬਲਦੇਵ ਸਿੰਘ ਜੀਰਖ, ਲਾਡੀ ਉਕਸੀ, ਪਰਮਵੀਰ ਘਲੋਟੀ, ਤਾਰੀ ਨਿਜ਼ਾਮਪੁਰ, ਹਾਕਮ ਸਿੰਘ ਜਰਗੜੀ, ਰਾਜਵਿੰਦਰ ਲਹਿਲ, ਵਿੱਕੀ ਜੀਰਖ, ਦਰਸ਼ਨ ਸਿੰਘ ਸ਼ਾਹਪੁਰ, ਬਲਵੰਤ ਸਿੰਘ ਘੁਡਾਣੀ ਅਆਦਿ ਨੇ ਵੀ ਸੰਬੋਧਨ ਕੀਤਾ। ਇਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਅਖ਼ੀਰ ਵਿਚ ਕਿਸਾਨਾਂ ਨੇ ਆਪਣੇ ਵ੍ਹੀਕਲਾ ਦੇ ਹਾਰਨ ਵਜਾ ਕੇ ਅਤੇ ਖਾ਼ਲੀ ਗੈਸ ਸਿਲੰਡਰ ਖੜਕਾ ਕੇ ਧਰਨੇ ਦੀ ਸਮਾਪਤੀ ਕੀਤੀ।