ਸਮਰਾਲਾ ’ਚ ਕਿਸਾਨਾਂ ਵੱਲੋਂ ਵੱਡਾ ਪ੍ਰਦਰਸ਼ਨ ਜਾਰੀ, ਮੋਦੀ ਤੇ ਬਿੱਲ ਦੀਆਂ ਸਾੜੀਆਂ ਕਾਪੀਆਂ
Sunday, Sep 20, 2020 - 01:52 PM (IST)

ਲੁਧਿਆਣਾ/ਸਮਰਾਲਾ (ਗਰਗ, ਬੰਗੜ, ਨਰਿੰਦਰ) : ਕੇਂਦਰ ਸਰਕਾਰ ਵੱਲੋਂ ਤਿੰਨ ਨਵੇਂ ਖੇਤੀ ਆਰਡੀਨੈਂਸ ਲੋਕ ਸਭਾ 'ਚ ਪਾਸ ਕਰਵਾਏ ਜਾਣ ਉਪਰੰਤ ਦੇਸ਼ ਭਰ 'ਚ ਕਿਸਾਨਾਂ ਦਾ ਗੁੱਸਾ ਹੋਰ ਵੀ ਭੜਕ ਗਿਆ ਹੈ। ਇਹ ਬਿੱਲ ਅੱਜ ਚਰਚਾ ਲਈ ਰਾਜ ਸਭਾ 'ਚ ਪੇਸ਼ ਹੁੰਦੇ ਹੀ ਕਿਸਾਨਾਂ ਨੇ ਪੰਜਾਬ ਭਰ 'ਚ ਧਰਨੇ ਅਤੇ ਪ੍ਰਦਰਸ਼ਨ ਸ਼ੁਰੂ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਅਤੇ ਆਰਡੀਨੈਂਸ ਦੀਆਂ ਕਾਪੀਆਂ ਸਾੜਦੇ ਹੋਏ ਇਹ ਬਿੱਲ ਰੱਦ ਕਰਨ ਦੀ ਮੰਗ ਕੀਤੀ।
ਅੱਜ ਇੱਥੇ ਸੂਬਾ ਪੱਧਰੀ ਕਿਸਾਨਾਂ ਦੇ ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਕੌਮੀ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਨ੍ਹਾਂ ਖੇਤੀ ਆਰਡੀਨੈਂਸਾਂ ਨੂੰ ਵਾਪਸ ਲਏ ਜਾਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਆਪਣੇ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਦੇ ਹੋਏ 25 ਸੰਤਬਰ ਨੂੰ ਪੰਜਾਬ ਸਮੇਤ ਗੁਆਢੀ ਸੂਬਿਆਂ ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ 'ਚ ਵੀ ਮੁਕੰਮਲ ਬੰਦ ਦਾ ਸੱਦਾ ਦਿੰਦੇ ਹੋਏ ਉਸ ਦਿਨ ਰੇਲ ਗੱਡੀਆਂ ਤੇ ਸੜ੍ਹਕੀ ਆਵਾਜਾਈ ਤੋਂ ਇਲਾਵਾ ਹਰੇਕ ਚੀਜ਼ ਨੂੰ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ।
ਉਨ੍ਹਾਂ ਕੇਂਦਰ ਸਰਕਾਰ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਜੇਕਰ ਇਹ ਕਿਸਾਨ ਮਾਰੂ ਬਿੱਲ ਵਾਪਸ ਨਾ ਲਏ ਗਏ ਤਾਂ ਦੇਸ਼ ਭਰ 'ਚ ਫੈਲ ਰਹੀ ਇਸ ਕਿਸਾਨ ਅੰਦੋਲਨ ਦੀ ਅੱਗ ਨੂੰ ਕਾਬੂ ਕਰਨਾ ਸਰਕਾਰ ਲਈ ਮੁਸ਼ਕਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਹੁਣ ਵੀ ਸਮਾਂ ਹੈ, ਕਿ ਉਹ ਇਨ੍ਹਾਂ ਬਿੱਲਾਂ ਨੂੰ ਰਾਜ ਸਭਾ 'ਚ ਪਾਸ ਹੋਣ ਤੋਂ ਰੋਕ ਕੇ ਇਹ ਬਿੱਲ ਵਾਪਸ ਲੈ ਲਵੇ, ਤਾਂ ਕਿ ਦੇਸ਼ 'ਚ ਤੇਜ਼ੀ ਨਾਲ ਫੈਲ ਰਹੀ ਕਿਸਾਨ ਅੰਦੋਲਨ ਦੀ ਅੱਗ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ। ਸ. ਰਾਜੇਵਾਲ ਕਿਹਾ ਕਿ ਅੱਜ ਸਾਰੇ ਪੰਜਾਬ 'ਚ ਕਿਸਾਨ ਸੜ੍ਹਕਾਂ ’ਤੇ ਆ ਕੇ ਮੋਦੀ ਦੇ ਪੁਤਲੇ ਅਤੇ ਆਰਡੀਨੈਂਸ ਦੀਆਂ ਕਾਪੀਆਂ ਸਾੜਦੇ ਹੋਏ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਅਤੇ ਉੱਧਰ ਕਿਸਾਨਾਂ ਵੱਲੋਂ ਪੂਰਾ ਹਰਿਆਣਾ ਮੁਕੰਮਲ ਜਾਮ ਕਰਦੇ ਹੋਏ ਆਪਣਾ ਵਿਰੋਧ ਜਤਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਖੇਤੀ ਬਿੱਲਾਂ ਨੂੰ ਲੈ ਕੇ ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਤੇਲੰਗਾਨਾ ਅਤੇ ਆਂਧਰਾ 'ਚ ਕਿਸਾਨ ਸੜ੍ਹਕਾਂ ’ਤੇ ਉੱਤਰ ਆਏ ਹਨ ਅਤੇ ਛੇਤੀ ਹੀ ਕਿਸਾਨਾਂ ਦਾ ਇਹ ਅੰਦੋਲਨ ਪੂਰੇ ਦੇਸ਼ 'ਚ ਫੈਲ ਜਾਵੇਗਾ। ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਪੰਜਾਬ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ, ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਪਾਲਮਾਜਰਾ, ਮੰਡੀ ਬੋਰਡ ਪੰਜਾਬ ਦੇ ਸਾਬਕਾ ਡਾਇਰੈਕਟਰ ਆਲਮਦੀਪ ਸਿੰਘ ਮੱਲਮਾਜਰਾ ਅਤੇ ਭਾਰਤੀ ਕਿਸਾਨ ਯੂਨੀਅਨ (ਸਿੱਧੁਪੂਰ) ਏਕਤਾ ਦੇ ਜ਼ਿਲ੍ਹਾ ਪ੍ਰਧਾਨ ਬਲਬੀਰ ਸਿੰਘ ਖੀਰਨੀਆਂ ਨੇ ਇਸ ਮੌਕੇ ਕਿਹਾ ਕਿ ਮੋਦੀ ਸਰਕਾਰ ਦੇਸ਼ ਦੇ ਖੇਤੀ ਸੈਕਟਰ ਨੂੰ ਵੀ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਦੇ ਮਨਸੂਬੇ ਘੜ ਚੁੱਕੀ ਹੈ।
ਇਸ ਲਈ ਜੇਕਰ ਕਿਸਾਨਾਂ ਨੇ ਇਨ੍ਹਾਂ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਡੱਟ ਕੇ ਸੰਘਰਸ਼ ਨਾ ਲੜਿਆ ਤਾਂ ਕਿਸਾਨ ਆਪਣੇ ਹੀ ਖੇਤ 'ਚ ਮਜ਼ਦੂਰ ਬਣ ਕੇ ਰਹਿ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਲਾਗੂ ਕੀਤੇ ਜਾਣ ਵਾਲੇ ਆਰਡੀਨੈਂਸ ਮੰਡੀਕਰਨ ਸਿਸਟਮ ਨੂੰ ਤਬਾਹ ਕਰਕੇ ਕਿਸਾਨ ਦੀ ਪ੍ਰਾਈਵੇਟ ਮੰਡੀ 'ਚ ਅੰਨੀ ਲੁੱਟ ਦਾ ਰਾਹ ਖੋਲ੍ਹ ਦੇਣਗੇ। ਇਨ੍ਹਾਂ ਆਗੂਆਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਰਾਜ ਸਭਾ 'ਚ ਇਨ੍ਹਾਂ ਖੇਤੀ ਆਰਡੀਨੈਂਸਾਂ ਨੂੰ ਸਰਕਾਰ ਪਾਸ ਕਰਦੀ ਹੈ ਤਾਂ ਪੂਰੇ ਦੇਸ਼ 'ਚ ਕਿਸਾਨਾਂ ਦਾ ਇਹ ਅੰਦੋਲਨ ਸਖ਼ਤ ਰੂਪ ਅਖਤਿਆਰ ਕਰ ਜਾਵੇਗਾ, ਜਿਸ ਨੂੰ ਸੰਭਾਲ ਪਾਉਣਾ ਸਰਕਾਰ ਦੇ ਵੱਸ ਤੋਂ ਬਾਹਰ ਹੋਵੇਗਾ।
ਜਦੋਂ ਤੋਂ ਖੇਤੀ ਆਰਡੀਨੈਂਸ ਲਿਆਉਣ ਦੀ ਗੱਲ ਕੀਤੀ ਗਈ ਹੈ, ਕਿਸਾਨਾਂ ਵੱਲੋਂ ਲਗਾਤਾਰ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ, ਜਿੱਥੇ ਕੇਂਦਰ ਸਰਕਾਰ ਵੱਲੋਂ ਤਿੰਨ ਆਰਡੀਨੈਂਸ ਪਾਸ ਕਰ ਦਿੱਤੇ ਗਏ ਹਨ, ਉੱਥੇ ਹੀ ਕਿਸਾਨਾਂ ਨੇ ਆਪਣਾ ਵਿਰੋਧ ਪ੍ਰਦਰਸ਼ਨ ਤੇਜ਼ ਕਰ ਦਿੱਤਾ ਹੈ ਅਤੇ ਇਸ ਵਿਰੋਧ ਪ੍ਰਦਰਸ਼ਨ ਦੇ ਚੱਲਦਿਆਂ ਹੀ ਅੱਜ ਕਿਸਾਨਾਂ ਵੱਲੋਂ ਵੱਖ-ਵੱਖ ਜਗ੍ਹਾ ਤੇ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ। ਮੌਕੇ 'ਤੇ ਮੌਜੂਦ ਬਲਵਿੰਦਰ ਸਿੰਘ ਕੂੰਮਕਲਾਂ ਨੇ ਕਿਹਾ ਕੀ ਅਸੀਂ ਸਰਕਾਰ ਨੂੰ ਆਰਡੀਨੈਂਸ ਵਾਪਸ ਲੈਣ ਲਈ ਮਜ਼ਬੂਰ ਕਰ ਦੇਵਾਂਗੇ ਅਤੇ 25 ਤਾਰੀਖ਼ ਨੂੰ ਉਨ੍ਹਾਂ ਨੇ ਮੁਕੰਮਲ ਬੰਦ ਦੀ ਕਾਲ ਦਿੱਤੀ ਹੈ।