ਪੱਗ ਬੰਨ੍ਹ ਦਿੱਲੀ ਰਵਾਨਾ ਹੋਇਆ ਲੱਖਾ ਸਿਧਾਣਾ, ਨੌਜਵਾਨਾਂ ਨੂੰ ਹੱਥ ਜੋੜ ਕਰ ਰਿਹੈ ਇਹ ਅਪੀਲ (ਵੇਖੋ ਵੀਡੀਓ)

04/09/2021 5:00:58 PM

ਨਵੀਂ ਦਿੱਲੀ (ਬਿਊਰੋ) : 26 ਜਨਵਰੀ ਦੀ ਹਿੰਸਾ ਦੇ ਮਾਮਲੇ 'ਚ ਨਾਮਜ਼ਦ ਲਖਵੀਰ ਸਿੰਘ ਉਰਫ਼ ਲੱਖਾ ਸਿਧਾਣਾ ਦਸਤਾਰ ਸਜਾ ਕੇ ਮਸਤੂਆਣਾ ਸਾਹਿਬ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਮੋਰਚੇ ਨਾਲ ਜੁੜਨਾ ਚਾਹੀਦਾ ਹੈ ਕਿਉਂਕਿ ਸਾਡੀ ਰੋਟੀ ਦਾ ਸਵਾਲ ਹੈ। ਇਸ ਲਈ ਹਰ ਕਿਸੇ ਨੂੰ ਵੱਧ ਚੜ੍ਹ ਕੇ ਇਸ ਅੰਦੋਲਨ ਨਾਲ ਜੁੜਨਾ ਚਾਹੀਦਾ ਹੈ। ਇਸ ਦੌਰਾਨ ਲੱਖਾ ਸਿਧਾਣਾ ਨੇ ਕਿਹਾ 'ਮੈਂ ਸ਼ੁਰੂ ਤੋਂ ਕਿਸਾਨੀ ਅੰਦੋਲਨ ਨਾਲ ਖੜ੍ਹਾ ਹਾਂ ਅਤੇ ਖੜ੍ਹਾ ਰਹਾਂਗਾ। ਮੈਂ ਮਜ਼ਬੂਤ ਬਣ ਕੇ ਕਿਸਾਨੀ ਅੰਦੋਲਨ ਨੂੰ ਅੱਗੇ ਲੈ ਕੇ ਜਾਵਾਂਗਾ। ਇਸ ਦੌਰਾਨ ਲੱਖਾ ਸਿਧਾਣਾ ਨੇ ਕਿਹਾ ਕਿ ਦੀਪ ਸਿੱਧੂ ਬਾਈ ਵੀ ਸਾਡਾ ਆਪਣਾ ਭਰਾ ਹੈ। ਵੱਡੇ-ਵੱਡੇ ਸੰਘਰਸ਼ਾਂ 'ਚ ਬਹੁਤ ਕੁਝ ਹੋ ਜਾਂਦਾ ਹੈ, ਕੋਈ ਗੱਲ ਨਹੀਂ, ਅਸੀਂ ਅੱਜ ਵੀ ਮਜ਼ਬੂਤ ਅਤੇ ਕੱਲ੍ਹ ਵੀ ਮਜ਼ਬੂਤ ਰਹਾਂਗੇ।'  


ਦੱਸ ਦਈਏ ਕਿ ਇਸ ਦੌਰਾਨ ਲੱਖਾ ਸਿਧਾਣਾ ਨੇ ਕਿਹਾ ਕਿ ਵੱਡੇ-ਵੱਡੇ ਮੋਰਚੇ 'ਚ ਬਹੁਤ ਕੁਝ ਹੋ ਜਾਂਦਾ ਹੈ। ਇਸ ਲਈ ਸਾਨੂੰ ਪੁਰਾਣੀਆਂ ਛੋਟੀਆਂ-ਮੋਟੀਆਂ ਗੱਲਾਂ ਨੂੰ ਭੁੱਲ ਕੇ, ਗਿਲੇ ਸ਼ਿਕਵੇ ਦੂਰ ਕਰ ਕੇ ਮੋਰਚੇ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਤਾਂ ਕਿ ਸਾਡੇ ਪੰਜਾਬ ਦੀ ਜਿੱਤ ਹੋ ਸਕੇ, ਸਾਡੇ ਕਿਸਾਨਾਂ ਦੀ ਜਿੱਤ ਹੋ ਸਕੇ।

ਦੱਸਣਯੋਗ ਹੈ ਕਿ ਗਗਨ ਕੋਕਰੀ ਨੇ ਆਪਣੇ ਪਿੰਡੋਂ ਇਕ ਜੱਥਾ ਰਵਾਨਾ ਕੀਤਾ ਹੈ, ਜੋ ਲੱਖਾ ਸਿਧਾਣਾ ਤੇ ਕਿਸਾਨ ਜਥੇਬੰਦੀਆਂ ਦੇ ਸਮਰਥਨ ਲਈ 1 ਲੱਖ ਰੁਪਏ ਦੀ ਲੰਗਰ ਸੇਵਾ ਲੈ ਕੇ ਜਾ ਰਿਹਾ ਹੈ। ਗਗਨ ਕੋਕਰੀ ਨੇ ਸੋਸ਼ਲ ਮੀਡੀਆ 'ਤੇ ਪੋਸਟ 'ਚ ਲਿਖਿਆ, 'ਅੱਜ ਲੱਖੇ ਵੀਰ ਤੇ ਕਿਸਾਨ ਜਥੇਬੰਦੀਆਂ ਦੀ ਸੁਪੋਰਟ ਲਈ ਆਪਣੇ ਪਿੰਡ ਕੋਕਰੀ ਕਲਾਂ ਦੀ ਸੰਗਤ ਦਾ ਜੱਥਾ ਲੰਗਰ ਸੇਵਾ ਲਈ ਰਵਾਨਾ ਹੋਇਆ। ਮੈਂ ਅੱਜ 1 ਲੱਖ ਰੁਪਏ ਦੀ ਲੰਗਰ ਸੇਵਾ ਦਾ ਐਲਾਨ ਕਰਦਾ ਹਾਂ ਤੇ ਜੇਕਰ ਅੱਗੇ ਹੋਰ ਵੀ ਲੋੜ ਪਈ ਤਾਂ ਉਹ ਵੀ ਪੂਰੀ ਕੀਤੀ ਜਾਵੇਗੀ। ਖ਼ਾਸ ਧੰਨਵਾਦ ਰਵੀ ਚਾਹਲ ਤੇ ਸਮੂਹ ਵਿੰਨੀਪੈੱਗ ਵਾਲੇ ਦੋਸਤਾਂ ਦਾ। ਸਮੂਹ ਪੰਚਾਇਤ ਤੇ ਸਾਰੇ ਪਿੰਡ ਵਾਲਿਆਂ ਦੀ ਸੁਪੋਰਟ ਨਾਲ 'ਲੰਗਰ ਸੇਵਾ ਕੋਕਰੀ' 26 ਨਵੰਬਰ, 2020 ਤੋਂ ਬਹੁਤ ਸ਼ਾਨਦਾਰ ਕੰਮ ਕਰ ਰਹੀ ਹੈ।'

ਦੱਸ ਦਈਏ ਕਿ ਗਗਨ ਕੋਕਰੀ ਕਿਸਾਨ ਅੰਦੋਲਨ ਨਾਲ ਜੁੜੀਆਂ ਤਸਵੀਰਾਂ ਤੇ ਵੀਡੀਓਜ਼ ਆਪਣੇ ਪ੍ਰਸ਼ੰਸਕਾਂ ਨਾਲ ਸਮੇਂ-ਸਮੇਂ 'ਤੇ ਸਾਂਝੀਆਂ ਕਰਦੇ ਰਹਿੰਦੇ ਹਨ ਤਾਂ ਜੋ ਉਹ ਵੀ ਕਿਸਾਨ ਅੰਦੋਲਨ ਨਾਲ ਵੱਧ ਤੋਂ ਵੱਧ ਜੁੜਨ ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ 'ਚ ਆਪਣਾ ਬਣਦਾ ਯੋਗਦਾਨ ਪਾਉਣ।


 


sunita

Content Editor

Related News