ਕਿਸਾਨਾਂ ਦੀ ਧਮਕੀ, ''ਬੈਂਕਾਂ ਨੇ ਖਾਲੀ ਚੈੱਕ ਨਾ ਮੋੜੇ ਤਾਂ ਪੱਕਾ ਮੋਰਚਾ ਲਾਵਾਂਗੇ''

Saturday, Feb 23, 2019 - 04:49 PM (IST)

ਲੁਧਿਆਣਾ (ਸਲੂਜਾ) : ਪੰਜਾਬ ਦੀਆਂ 7 ਕਿਸਾਨ ਜੱਥੇਬੰਦੀਆਂ ਦੀ ਅਗਵਾਈ 'ਚ ਲੁਧਿਆਣਾ-ਫਿਰੋਜ਼ਪੁਰ ਰੋਡ 'ਤੇ ਚੱਕਾ ਜਾਮ ਕਰਕੇ ਲਾਏ ਗਏ ਧਰਨੇ ਨੂੰ ਕਿਸਾਨਾਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਵਾਪਸ ਲੈ ਲਿਆ। ਕਿਸਾਨ ਆਗੂਆਂ ਨੇ ਦੱਸਿਆ ਕਿ ਬੈਂਕਾਂ ਵਲੋਂ 5 ਏਕੜ ਤੋਂ 10 ਏਕੜ ਅਤੇ 10 ਲੱਖ ਰੁਪਏ ਕਰਜ਼ੇ ਵਾਲੇ ਕਿਸਾਨਾਂ ਦੇ ਚੈੱਕ ਵਾਪਸ ਕੀਤੇ ਜਾਣਗੇ ਅਤੇ ਕਿਸਾਨਾਂ ਨੂੰ ਪਰੇਸ਼ਾਨ ਨਹੀਂ ਕੀਤਾ ਜਾਵੇਗਾ। ਇਨ੍ਹਾਂ ਕਿਸਾਨ ਆਗੂਆਂ ਨੇ ਦੱਸਿਆ ਕਿ ਹਾਈਕੋਰਟ ਵਲੋਂ ਬੈਂਕਾ ਨੂੰ ਇਹ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ 5 ਮਾਰਚ ਤੱਕ ਅਦਾਲਤ ਨੂੰ ਇਹ ਦੱਸਿਆ ਜਾਵੇ ਕਿ ਕਿੰਨੇ ਚੈੱਕ ਵਾਪਸ ਕੀਤੇ ਗਏ ਹਨ ਅਤੇ ਦੂਜੇ ਬੈਂਕਾਂ ਨੂੰ ਵੀ ਲਿਖਤੀ ਤੌਰ 'ਤੇ ਸੂਚਿਤ ਕੀਤਾ ਜਾਵੇ ਕਿ ਉਹ ਕਿਸਾਨਾਂ ਦੇ ਖਾਲੀ ਚੈੱਕ ਅਤੇ ਪ੍ਰਨੋਟ ਵਾਪਸ ਕਰਨ ਅਤੇ ਕਿਸਾਨਾਂ ਦੇ ਖਿਲਾਫ ਦਰਜ ਕਰਾਏ ਗਏ ਪੁਲਸ ਕੇਸਾਂ ਨੂੰ ਵਾਪਸ ਲਿਆ ਜਾਵੇ।
ਇਨ੍ਹਾਂ ਕਿਸਾਨ ਆਗੂਆਂ ਨੇ ਇਸ ਦੇ ਨਾਲ ਹੀ ਧਮਕੀ ਦਿੱਤੀ ਹੈ ਕਿ ਜੇਕਰ 24 ਮਾਰਚ ਤੱਕ ਬੈਂਕ ਵਾਲਿਆਂ ਨੇ ਹਾਈਕੋਰਟ ਦੇ ਹੁਕਮਾਂ ਮੁਤਾਬਕ ਕਿਸਾਨਾਂ ਨੂੰ ਰਾਹਤ ਨਾ ਦਿੱਤੀ ਤਾਂ ਫਿਰ 25 ਮਾਰਚ ਤੋਂ ਪੰਜਾਬ ਭਰ ਤੋਂ ਕਿਸਾਨ ਪਟਿਆਲਾ ਵੱਲ ਕੂਚ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦਾ ਘਿਰਾਅ ਕਰਨਗੇ ਅਤੇ ਮਹਿਲ ਦੇ ਬਾਹਰ ਪੱਕਾ ਮੋਰਚਾ ਲਾਉਂਦੇ ਹੋਏ ਤਿੱਖੇ ਅੰਦੋਲਨ ਦਾ ਬਿਗੁਲ ਵਜਾਉਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਨਾਲ ਨਿਕਲਣ ਵਾਲੇ ਨਤੀਜਿਆਂ ਲਈ ਸਿੱਧੇ ਤੌਰ 'ਤੇ ਸਰਕਾਰ ਜ਼ਿੰਮੇਵਾਰ ਹੋਵੇਗੀ।


Babita

Content Editor

Related News