ਝੋਨੇ ਦੀ ਬਿਜਾਈ ਤੋਂ ਵਿਹਲੇ ਹੋਏ ਕਿਸਾਨਾਂ ਨੂੰ ਦਿੱਲੀ ਬਾਰਡਰਾਂ ’ਤੇ ਪੁੱਜਣ ਦਾ ਸੱਦਾ

Tuesday, Jul 13, 2021 - 05:47 PM (IST)

ਤਪਾ ਮੰਡੀ (ਮਾਰਕੰਡਾ) : ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੋਰਾ ਸਿੰਘ ਢਿੱਲਵਾਂ ਦੀ ਰਹਿਨੁਮਾਈ ਹੇਠ ਤਪਾ ਦੇ ਬੱਸ ਸਟੈਂਡ ਵਿਖੇ ਮੀਟਿੰਗ ਹੋਈ। ਜਿਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਝੋਨੇ ਦੀ ਬਿਜਾਈ ਕਰਕੇ ਕੰਮਾਂ ਨੂੰ ਨਿਬੇੜ ਕੇ ਵਿਹਲੇ ਹੋ ਗਏ ਹਨ, ਉਹ ਕਿਸਾਨ ਮੁੜ ਦਿੱਲੀ ਦੇ ਬਾਰਡਰਾਂ ’ਤੇ ਜਾ ਕੇ ਡਟਣਾ ਚਾਹੀਦਾ ਹੈ।ਢਿੱਲਵਾਂ ਨੇ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਸਿਰ ’ਤੇ ਆਈਆਂ ਵੇਖ ਕੇ ਕਿਸਾਨਾਂ ਨਾਲ ਝੂਠਾ ਹੇਜ ਜਤਾ ਰਹੀਆਂ ਹਨ ਜਿਸ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਵੱਲੋਂ ਬਿਜਲੀ ਦੇ 300 ਯੂਨਿਟ ਮੁਆਫ਼ ਕਰਨ ਦਾ ਐਲਾਨ ਮਹਿਜ਼ ਹਵਾ ’ਚ ਤਲਵਾਰਾਂ ਮਾਰਨਾ ਹੈ।

ਉਨ੍ਹਾਂ ਕਿਹਾ ਕਿ ਸੁਰਪੀਮ ਕੋਰਟ ’ਚ ਪਾਈ ਇਕ ਪਟੀਸ਼ਨ ਰਾਹੀਂ ਪੰਜਾਬ, ਹਰਿਆਣਾ ਅਤੇ ਯੂ.ਪੀ. ਦੇ ਥਰਮਲ ਪਲਾਂਟ ਬੰਦ ਕਰਾਉਣ ਦੀ ਕੀਤੀ ਮੰਗ ਤੋਂ ਕੇਜਰੀਵਾਲ ਦੀ ਮਨਸ਼ਾ ਜੱਗ ਜ਼ਾਹਿਰ ਹੋ ਗਈ ਹੈ। ਪਟੀਸ਼ਨ ’ਚ ਦੋਸ਼ ਲਾਇਆ ਸੀ ਕਿ ਦਿੱਲੀ ’ਚ ਥਰਮਲ ਪਲਾਂਟਾਂ ਦਾ ਪ੍ਰਦੂਸ਼ਣ ਆਉਂਦਾ ਹੈ। ਉਨ੍ਹਾਂ ਕਿਹਾ ਕਿ ਜੇ ਇਹ ਥਰਮਲ ਪਲਾਂਟ ਬੰਦ ਹੁੰਦੇ ਹਨ ਤਾਂ ਪੰਜਾਬ ਦੇ ਕਿਸਾਨਾਂ ਅਤੇ ਜਨਤਾ ਦਾ ਕੀ ਹਾਲ ਹੋਵੇਗਾ। ਪੰਜਾਬ ’ਚ ਬਿਜਲੀ ਦਾ ਮੁੱਦਾ ਬਣਾ ਕੇ ਆਮ ਆਦਮੀ ਪਾਰਟੀ ਲੋਕਾਂ ਨੂੰ ਬੁੱਧੂ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਐੱਸ.ਵਾਈ.ਐੱਲ. ਨਹਿਰ ਪ੍ਰਤੀ ਵੀ ਸੁਪਰੀਮ ਕੋਰਟ ’ਚ ਪੰਜਾਬ ਖ਼ਿਲਾਫ਼ ਹਲਫ਼ੀਆ ਬਿਆਨ ਦੇ ਚੁੱਕਾ ਹੈ। ਇਸ ਲਈ ‘ਆਪ’ ਪਾਰਟੀ ਦਾ ਪੰਜਾਬ ਨਾਲ ਕੋਈ ਲਾਗਾ ਤੇਗਾ ਨਹੀਂ।


Gurminder Singh

Content Editor

Related News