ਕਿਸਾਨਾਂ ਨੂੰ ਦਵਾਈਆਂ ਦੇ ਨਾਂ ''ਤੇ ਵੇਚੀ ਜਾ ਰਹੀ ਸੀ ਨਿਰੀ ਮਿੱਟੀ, ਖੇਤੀਬਾੜੀ ਨੂੰ ਲੱਗ ਰਿਹਾ ਹੈ ਵੱਡਾ ਰਗੜਾ

08/13/2017 3:49:11 PM

ਮੱਖੂ (ਵਾਹੀ)— ਪਿਛਲੇ ਦਿਨੀਂ 17 ਜੁਲਾਈ ਨੂੰ ਸੀ. ਆਈ. ਡੀ ਮੱਖੂ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਸੂਹ 'ਤੇ ਬੰਗਾਲੀ ਵਾਲਾ ਪੁਲ ਦੇ ਕੋਲ ਮੱਖੂ ਥਾਣਾ ਮੁਖੀ ਜਸਵਰਿੰਦਰ ਸਿੰਘ ਵੱਲੋਂ ਖੇਤੀਬਾੜੀ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਦਾ ਵੱਡੇ ਪੱਧਰ 'ਤੇ ਜਖ਼ੀਰਾ ਸਮੇਤ ਮੌਕੇ 'ਤੋਂ ਮੱਖਣ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਰਾਮਾ ਮੰਡੀ ਬਠਿੰਡਾ, ਕੁਲਵੰਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਜੋਤੀਸ਼ਾਹ ਥਾਣਾ ਸਦਰ ਪੱਟੀ, ਪਰਮਜੀਤ ਸਿੰਘ ਪੁੱਤਰ ਸੰਤੋਖ ਸਿੰਘ ਅਤੇ ਬਲਜੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਨੋਨੇ ਤਰਨਤਾਰਨ ਨੂੰ ਗਿਫ਼੍ਰਤਾਰ ਕਰਕੇ ਇਹਨਾਂ ਵਿਰੁੱਧ ਮੁਕੱਦਮਾ ਦਰਜ਼ ਕਰ ਲਿਆ ਗਿਆ ਸੀ। ਕੈਂਟਰ ਸਮੇਤ ਭਾਰੀ ਮਾਤਰਾ 'ਚ ਫੜੀਆਂ ਗਈਆਂ ਦਵਾਈਆਂ ਵਿਚੋਂ ਖੇਤੀਬਾੜੀ ਵਿਭਾਗ ਮੱਖੂ ਦੇ ਏ. ਡੀ. ਓ. ਡਾ. ਬਲਵਿੰਦਰ ਸਿੰਘ ਵੱਲੋਂ ਦਵਾਈਆਂ ਦੇ ਚਾਰ ਸੈਂਪਲ ਜਾਂਚ ਲਈ ਲੈਬੋਰਟਰੀ ਵਿਚ ਭੇਜੇ ਗਏ ਸਨ, ਜਿਹਨਾਂ ਵਿੱਚੋਂ ਤਿੰਨ ਸੈਂਪਲ ਵੱਖ-ਵੱਖ ਕੰਪਨੀਆਂ ਦੀ ਕਾਰਟਾਪ ਨਾਮ ਦੀ ਦਵਾਈ ਦੇ ਸਨ ਅਤੇ ਜਾਂਚ ਉਪਰੰਤ ਇਹ ਤਿੰਨੇ ਸੈਂਪਲ ਪੂਰੀ ਤਰ੍ਹਾਂ ਫੇਲ੍ਹ ਹੋ ਗਏ ਹਨ ਅਤੇ ਇਨ੍ਹਾਂ ਦਵਾਈਆਂ ਵਿਚ ਕਾਰਟਾਪ ਦੀ ਮਾਤਰਾ 4 ਫੀਸਦੀ ਦੀ ਜਗ੍ਹਾ 'ਤੇ 0.02 ਫੀਸਦੀ ਹੀ ਹੈ, ਜੋ ਸਾਬਤ ਕਰਦੀ ਹੈ ਕਿ ਇਹ ਦਵਾਈਆਂ ਨਹੀਂ, ਬਲਕਿ ਨਿਰੀ ਮਿੱਟੀ ਹੀ ਕਿਸਾਨਾਂ ਨੂੰ ਵੇਚੀ ਜਾ ਰਹੀ ਸੀ। ਖੇਤੀਬਾੜੀ ਵਿਭਾਗ ਵੱਲੋਂ ਚੌਥੇ ਸੈਂਪਲ ਥਾਇਓਫ਼ੀਨੇਟ ਮਿਥਾਈਲ 70 ਫੀਸਦੀ ਡਬਲਯੂ. ਪੀ. ਦੀ ਜਾਂਚ ਫਰੀਦਾਬਾਦ ਤੋਂ ਹੋਣੀ ਹੈ, ਜਿਸ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ ਅਤੇ ਸ਼ੰਕਾ ਜ਼ਾਹਰ ਕੀਤੀ ਜਾ ਰਹੀ ਹੈ ਇਹ ਦਵਾਈ ਵੀ ਨਕਲੀ ਹੀ ਨਿਕਲ ਸਕਦੀ ਹੈ।
ਇੱਥੇ ਇਹ ਜ਼ਿਕਰਯੋਗ ਹੈ ਕਿ ਨਕਲੀ ਦਵਾਈਆਂ ਦਾ ਇਹ ਗੋਰਖ ਧੰਦੇ ਨਾਲ ਜੁੜੇ ਹੋਏ ਲੋਕ ਲੱਖਾਂ, ਕਰੋੜਾਂ, ਰੁਪਏ ਕਮਾ ਰਹੇ ਹਨ, ਪਰੰਤੂ ਪਹਿਲਾਂ ਹੀ ਗਰੀਬੀ ਦੀ ਦਲ-ਦਲ ਵਿਚ ਧਸ ਚੁੱਕਾ ਕਿਸਾਨ ਸਮਝ ਦੀ ਘਾਟ ਕਾਰਨ ਅਤੇ ਸਸਤੀ ਦਵਾਈ ਦੇ ਲਾਲਚ ਵਿੱਚ ਇਹਨਾਂ ਨਕਲੀ ਦਵਾਈਆਂ ਵੇਚਣ ਵਾਲੇ ਕਿਸਾਨ ਵਿਰੋਧੀ ਅਨਸਰਾਂ ਹੱਥੋਂ ਲੁੱਟ ਦਾ ਸ਼ਿਕਾਰ ਹੋ ਰਹੇ ਹਨ, ਜਿਸ ਕਾਰਨ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਰਹੀਆਂ ਹਨ ਅਤੇ ਆਏ ਦਿਨ ਕਿਸਾਨੀ ਖੁਦਕਸ਼ੀਆਂ 'ਚ ਇਹਨਾਂ ਨਕਲੀ ਦਵਾਈ ਵਿਕਰੇਤਾਵਾਂ ਦਾ ਵੀ ਹੱਥ ਹੈ।

ਕੀ ਕਹਿਣਾ ਹੈ ਏ. ਡੀ. ਓ ਬਲਵਿੰਦਰ ਸਿੰਘ ਦਾ— ਪੰਜਾਬ ਵਿਚ ਗੈਰ-ਮਿਆਰੀ ਅਤੇ ਨਕਲੀ ਕੀੜੇਮਾਰ ਅਤੇ ਫ਼ਸਲਾਂ ਦੀ ਹੋਰ ਦਵਾਈਆਂ ਦੇ ਧੰਦੇ ਦੀ ਰੋਕਥਾਮ ਸਬੰਧੀ ਜਦੋਂ ਖੇਤੀਬਾੜੀ ਅਫ਼ਸਰ ਡਾ. ਬਲਵਿੰਦਰ ਸਿੰਘ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਖੇਤੀਬਾੜੀ ਮਹਿਕਮਾ ਆਪਣੀ ਤਰਫ਼ੋਂ ਸਮੇਂ-ਸਮੇਂ 'ਤੇ ਕੈਂਪ ਲਗਾ ਕੇ ਕਿਸਾਨਾਂ ਨੂੰ ਜਾਗਰੂਕ ਕਰ ਰਿਹਾ ਹੈ ਕਿ ਕਿਸਾਨ ਖੇਤੀਬਾੜੀ ਮਹਿਕਮੇ ਦੀ ਸਲਾਹ ਨਾਲ ਖੇਤੀਬਾੜੀ ਯੂਨਿਵਰਸਿਟੀ ਵੱਲੋਂ ਸੁਝਾਈਆਂ ਹੋਈਆਂ ਦਵਾਈਆਂ ਅਧਿਕਾਰਤ ਡੀਲਰਾਂ ਤੋਂ ਸਮੇਤ ਬਿੱਲ ਖਰੀਦਣ। 

ਕੀ ਕਹਿਣਾ ਹੈ ਥਾਣਾ ਮੁਖੀ ਜਸਵਰਿੰਦਰ ਸਿੰਘ ਦਾ— ਨਕਲੀ ਦਵਾਈਆਂ ਦਾ ਕਾਰੋਬਾਰ ਕਰਨ ਵਾਲੇ ਇਸ ਗਿਰੋਹ ਸਬੰਧੀ ਪੁਲਸ ਕਾਰਵਾਈ ਸਬੰਧੀ ਪੁੱਛਣ 'ਤੇ ਥਾਣਾ ਮੁਖੀ ਜਸਵਰਿੰਦਰ ਸਿੰਘ ਨੇ ਕਿਹਾ ਕਿ ਫੜੇ ਗਏ ਚਾਰੇ ਦੋਸ਼ੀ ਜੇਲ੍ਹ ਵਿਚ ਹਨ ਅਤੇ ਦਵਾਈਆਂ ਦੇ ਸੈਂਪਲ ਫੇਲ੍ਹ ਹੋਣ ਦੀ ਰਿਪੋਰਟ ਵੀ ਅਦਾਲਤ ਵਿਚ ਲਗਾਈ ਜਾਵੇਗੀ। ਪੱਤਰਕਾਰਾਂ ਵੱਲੋਂ ਇਸ ਧੰਦੇ ਨਾਲ ਜੁੜੇ ਹੋਏ ਮੁੱਖ ਸਰਗਣਾ ਦਾ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੋਣ ਸਬੰਧੀ ਪੁੱਛਣ 'ਤੇ ਥਾਣਾ ਮੁਖੀ ਨੇ ਦੱਸਿਆ ਕਿ ਇਸ ਗਿਰੋਹ ਨਾਲ ਜੁੜੇ ਹੋਰ ਵਿਅਕਤੀਆਂ ਦੀ ਵੀ ਸੂਹ ਲਾਈ ਜਾ ਰਹੀ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। 

ਨਕਲੀ ਖੇਤੀਬਾੜੀ ਦਵਾਈਆਂ ਵੇਚਣ ਵਾਲਿਆਂ ਖਿਲਾਫ ਹੋਵੇ ਸਖ਼ਤ ਕਾਰਵਾਈ : ਕਿਸਾਨ ਜਥੇਬੰਦੀਆਂ- ਭਾਰੀ ਮਾਤਰਾ ਵਿਚ ਫ਼ੜੀਆਂ ਗਈਆਂ ਦਵਾਈਆਂ ਦੇ ਸੈਂਪਲ ਫ਼ੇਲ੍ਹ ਹੋ ਜਾਣ ਉਪਰੰਤ ਵੱਖ-ਵੱਖ ਕਿਸਾਨ ਯੂਨੀਅਨ ਵਿਚ ਵੀ ਇਸ ਗੋਰਖ ਧੰਦੇ ਨਾਲ ਜੁੜੇ ਹੋਏ ਲੋਕਾਂ ਤੋਂ ਇਲਾਵਾ ਪ੍ਰਸ਼ਾਸ਼ਨ ਖਿਲਾਫ਼ ਵੀ ਨਰਾਜ਼ਗੀ ਵੇਖਣ ਨੂੰ ਮਿਲ ਰਹੀ ਹੈ। ਵੱਖ-ਵੱਖ ਕਿਸਾਨ ਆਗੂਆਂ ਗੁਰਦੇਵ ਸਿੰਘ ਵਾਰਸਵਾਲਾ, ਲਖਵਿੰਦਰ ਸਿੰਘ ਪੀਰਮੁਹੰਮਦ, ਪਰਗਟ ਸਿੰਘ ਤਲਵੰਡੀ ਨਿਪਾਲਾਂ, ਸੁਖਵਿੰਦਰ ਸਿੰਘ ਮੱਲ੍ਹੀ ਪੀਰਮੁਹੰਮਦ, ਜਰਨੈਲ ਸਿੰਘ ਕੁੱਸੂਵਾਲਾ ਆਦਿ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਕਲੀ ਖੇਤੀਬਾੜੀ ਦਵਾਈਆਂ ਦੇ ਧੰਦੇ ਨਾਲ ਜੁੜੇ ਹੋਏ ਲੋਕਾਂ ਖਿਲਾਫ਼ ਸਖਤ ਤੋਂ ਸਖ਼ਤ ਕਾਰਵਾਈ ਕਰਦਿਆਂ ਇਹ ਧੰਦਾ ਬੰਦ ਕਰਵਾਇਆ ਜਾਵੇ ਤਾਂ ਜੋ ਕਿਸਾਨ ਇਹਨਾਂ ਦੀ ਲੁੱਟ ਤੋਂ ਬਚ ਸਕਣ।


Related News