‘ਜੈ ਜਵਾਨ ਜੈ ਕਿਸਾਨ’ ਦੇ ਨਾਅਰੇ ਨਾਲ ਰਣਜੀਤ ਤੇ ਰੇਸ਼ਮ ਨਿੱਤਰੇ ਕਿਸਾਨਾਂ ਦੇ ਹੱਕ ‘ਚ, ਸਰਕਾਰਾਂ ਨੂੰ ਪਾਈਆਂ ਲਾਹਨਤ
Wednesday, Sep 16, 2020 - 11:28 AM (IST)
ਜਲੰਧਰ (ਬਿਊਰੋ) : ਸਰਕਾਰ ਵੱਲੋਂ ਖੇਤੀ ਸੈਕਟਰ ਨਾਲ ਜੁੜੇ ਤਿੰਨ ਬਿੱਲ ਪੇਸ਼ ਕਰਨ ਮਗਰੋਂ ਪੰਜਾਬ ਦੇ ਕਿਸਾਨਾਂ ਨੇ ਆਰ-ਪਾਰ ਦੀ ਲੜਾਈ ਵਿੱਢ ਦਿੱਤੀ ਹੈ। ਪੰਜਾਬ ਭਰ ਵਿਚ ਕਿਸਾਨ ਜਥੇਬੰਦੀਆਂ ਵੱਡੇ ਐਕਸ਼ਨ ਕਰ ਰਹੀਆਂ ਹਨ। ਦਸ ਕਿਸਾਨ ਜਥੇਬੰਦੀਆਂ ਨੇ ਸੂਬੇ ਵਿਚ ਵੱਖ-ਵੱਖ ਥਾਂਵਾਂ ’ਤੇ ਸੜਕਾਂ ਜਾਮ ਕਰ ਦਿੱਤੀਆਂ। ਉਧਰ, ਕਿਸਾਨਾਂ ਅਤੇ ਮਜ਼ਦੂਰਾਂ ਦਾ ਜੇਲ੍ਹ ਭਰੋ ਅੰਦੋਲਨ ਹਾਲੇ ਵੀ ਜਾਰੀ ਹੈ ਪਰ ਸਰਕਾਰ ਕਿਸਾਨਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ। ਜੇਲ੍ਹ ਭਰੋ ਅੰਦੋਲਨ ਵਿਚ ਵੱਡੀ ਗਿਣਤੀ ਬੀਬੀਆਂ ਤੇ ਕਿਸਾਨ-ਮਜ਼ਦੂਰ ਪਹੁੰਚ ਰਹੇ ਹਨ। ਕਿਸਾਨਾਂ ਦੇ ਇਸ ਸੰਘਰਸ਼ ਨੂੰ ਦੇਖਦੇ ਹੋਏ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ ਨੇ ਵੀ ਆਪਣੇ-ਆਪਣੇ ਤਰੀਕੇ ਨਾਲ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰ ਰਹੇ ਹਨ। ਕੁਝ ਕਲਾਕਾਰਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਕਿਸਾਨਾਂ ਦੀਆਂ ਵੀਡੀਓ ਸਾਂਝੀਆਂ ਕਰਕੇ ਉਹਨਾਂ ਦੇ ਦਰਦ ਨੂੰ ਬਿਆਨ ਕੀਤਾ ਹੈ।
ਪੰਜਾਬੀ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਜੈ ਜਵਾਨ ਜੈ ਕਿਸਾਨ ਜਿੰਦਾਬਾਦ ਪੰਜਾਬ , ਪੰਜਾਬੀ ਮਾਂ ਬੋਲੀ।’ ਇਸ ਤੋਂ ਪਹਿਲਾਂ ਵੀ ਰਣਜੀਤ ਬਾਵਾ ਕਿਸਾਨਾਂ ਦੇ ਹੱਕ ਵਿਚ ਕਈ ਪੋਸਟਾਂ ਸਾਂਝੀਆਂ ਕਰ ਚੁੱਕੇ ਹਨ। ਪਿਛਲੀ ਪੋਸਟ ਵਿਚ ਉਹਨਾਂ ਨੇ ਸਰਕਾਰ ਵੱਲੋਂ ਲਿਆਂਦੇ ਕਿਸਾਨ ਵਿਰੋਧੀ ਬਿੱਲ ਦਾ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਕਿ ਮੈਂ ਵੀ ਕਿਸਾਨ ਦਾ ਪੁੱਤ ਹਾਂ, ਸੋ ਇਹ ਦਰਦ ਸਾਡਾ ਆਪਣਾ ਦਰਦ ਹੈ, ਕਿਸਾਨ ਖੁਸ਼ ਨਾ ਰਿਹਾ ਤਾਂ ਸਾਰੀ ਦੁਨੀਆਂ ਦਾ ਢਿੱਡ ਭਰਨਾ ਔਖਾ ਹੋ ਜਾਵੇਗਾ। ਪਹਿਲਾਂ ਹੀ ਬਹੁਤ ਕਿਸਾਨ ਖ਼ੁਦਖ਼ੁਸੀਆਂ ਕਰ ਚੁੱਕੇ ਹਨ, ਕੁਝ ਕਰਜੇ ਹੇਠਾ ਦਬੇ ਹੋਏ ਹਨ। ਉਨ੍ਹਾਂ ਨਾਲ ਹੀ ਸਟੇਟ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਸੈਂਟਰ ਸਰਕਾਰ ਦੇ ਫੈਂਸਲੇ ਦਾ ਵਿਰੋਧ ਕਰੇ ਤੇ ਕਿਸਾਨਾਂ ਦੇ ਦੁੱਖ ਨੂੰ ਸਮਝ ਕੇ ਉਨ੍ਹਾਂ ਦੇ ਹੱਕ ਦੀ ਗੱਲ ਕੀਤੀ ਜਾਵੇ। ਉਨ੍ਹਾਂ ਨਾਲ ਹੀ ਮੀਡੀਆ ਨੂੰ ਵੀ ਅਪੀਲ ਕਰਦੇ ਕਿਹਾ ਕਿ ਉਹ ਵੀ ਕਿਸਾਨਾਂ ਦੇ ਹੱਕ ਦੀ ਗੱਲ ਕਰਦੇ ਹੋਏ ਇਸ 'ਤੇ ਜੋਰ ਪਾਉਣ ਤਾਂ ਕਿ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲ ਸਕੇ।'
❤️👍🏻🙏🏻 kathe ho k saaath dena paina aapa saareyan nu... kisaan mazdoor ekta zindabaad ❤️
A post shared by Ammy Virk ( ਐਮੀ ਵਿਰਕ ) (@ammyvirk) on Sep 13, 2020 at 2:26pm PDT
ਉਥੇ ਹੀ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਕਿਸਾਨਾਂ ਉੱਤੇ ਕੀਤੀ ਧੱਕੇਸ਼ਾਹੀ ਵਾਲਾ ਵੀਡੀਓ ਸਾਂਝੇ ਕਰਦੇ ਹੋਏ ਲਿਖਿਆ ਹੈ, ‘ਲਾਹਣਤ ਹੈ ਸਰਕਾਰਾਂ ‘ਤੇ ਕੀ ਇਹ ਨੇ ਚੰਗੇ ਦਿਨ ? ਕਿਸਾਨ ਯੂਨੀਅਨ ਜ਼ਿੰਦਾਬਾਦ..ਜੈ ਜਵਾਨ ਜੈ ਕਿਸਾਨ..Support farmers।’ ਪ੍ਰਸ਼ੰਸਕ ਵੀ ਕੁਮੈਂਟ ਕਰਕੇ ਕਿਸਾਨ ਨੂੰ ਸੁਪੋਰਟ ਕਰਦੇ ਹੋਏ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਰੇਸ਼ਮ ਸਿੰਘ ਅਨਮੋਲ ਖ਼ੁਦ ਇੱਕ ਕਿਸਾਨ ਹਨ, ਉਹ ਅਕਸਰ ਹੀ ਖ਼ੇਤੀ ਕਰਦਿਆਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਸਾਂਝੀਆਂ ਕਰਦੇ ਰਹਿੰਦੇ ਹਨ।
ਦੱਸਣਯੋਗ ਹੈ ਕਿ ਪੰਜਾਬ ਦੇ ਕਿਸਾਨ ਖੇਤੀ ਆਰਡੀਨੈਂਸ ਖ਼ਿਲਾਫ਼ ਸੜਕਾਂ ‘ਤੇ ਡਟੇ ਹੋਏ ਹਨ। ਕਿਸਾਨ ਬਿੱਲ ਵਾਪਸ ਲਏ ਜਾਣੇ ਲਈ ਧਰਨੇ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਦੇ ਹੱਕ ਵਿਚ ਕਈ ਕਲਾਕਾਰਾਂ ਸੋਸ਼ਲ ਮੀਡੀਆ ਦੇ ਜਰੀਏ ਆਵਾਜ਼ ਬੁਲੰਦ ਕੀਤੀ ਸੀ, ਜਿਹਨਾਂ ਵਿਚ ਦਿਲਜੀਤ ਦੋਸਾਂਝ, ਗੁਰਨਾਮ ਭੁੱਲਰ, ਐਮੀ ਵਿਰਕ ਤੇ ਬੱਬੂ ਮਾਨ ਵਰਗੇ ਕਲਾਕਾਰ ਸ਼ਾਮਲ ਹਨ।
ਦਿਲਜੀਤ ਦੋਸਾਂਝ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ, 'ਭਾਵੇਂ ਅਸੀਂ ਗਾਇਕ ਜਾਂ ਫ਼ਿਲਮਾਂ ਦਾ ਕਿੱਤਾ ਚੁਣਿਆ ਹੈ ਪਰ ਅਸੀਂ ਹੈ ਤਾਂ ਕਿਸਾਨ ਪਰਿਵਾਰ 'ਚੋ ਹੀ ਹਾਂ। ਦੇਸ਼ ਦਾ ਅੰਨ ਦਾਤਾ ਸੜਕਾਂ 'ਤੇ ਰੁੱਲ ਰਿਹਾ, ਜਦੋਂ ਅਸੀਂ ਸੁੱਤੇ ਹੁੰਦੇ ਹਾਂ ਉਦੋਂ ਕਿਸਾਨ ਰਾਤ ਨੂੰ ਸੱਪਾਂ ਦੀਆਂ ਸਿਰੀਆਂ 'ਤੇ ਪੈਰ ਧਰ ਸਾਡੇ ਲਈ ਅੰਨ੍ਹ ਪੈਦਾ ਕਰਦਾ ਹੈ। ਅੰਨ ਦਾਤਾ ਨਾਲ ਧੱਕਾ ਨਾ ਕਰੋ ਜੀ। ਕਿਸਾਨਾਂ ਨੂੰ ਬਣਦਾ ਹੱਕ ਹਰ ਹਾਲਤ 'ਚ ਮਿਲਣਾ ਚਾਹੀਦਾ, ਹਰ ਚੀਜ਼ ਦਾ ਰੇਟ ਅਸਮਾਨ 'ਤੇ ਪਹੁੰਚਿਆ ਤਾਂ ਫ਼ਸਲਾਂ ਦਾ ਰੇਟ ਵੀ ਵਧਣਾ ਚਾਹੀਦਾ। ਆਓ ਅਸੀਂ ਸਾਰੇ ਦੇਸ਼ ਦੇ ਅੰਨ ਦਾਤਾ ਦੇ ਹੱਕ 'ਚ ਖੜ੍ਹੇ ਹੋਈਏ।'
ਉਥੇ ਹੀ ਗੁਰਨਾਮ ਭੁੱਲਰ ਨੇ ਲਿਖਿਆ, 'ਸਾਡਾ ਜ਼ੋਰ ਵੇ ਫ਼ਸਲਾਂ ਕਰਕੇ ਆ, ਸਾਡੀ ਟੌਹਰ ਵੀ ਫ਼ਸਲਾਂ ਕਰਕੇ ਆ। ਕਿਸਾਨ ਬਚਾਓ, ਪੰਜਾਬ ਬਚਾਓ। ਕਿਸਾਨ ਜ਼ਿੰਦਾਬਾਦ, ਪੰਜਾਬ ਜ਼ਿੰਦਾਬਾਦ।'
ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਲਿਖਿਆ, 'ਇਕੱਠੇ ਹੋ ਕੇ ਸਾਥ ਦੇਣਾ ਪੈਣਾ ਆਪਾਂ ਸਾਰਿਆਂ ਨੂੰ...ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।'
ਬੱਬੂ ਮਾਨ ਨੇ ਮੀਡੀਆ ਅਤੇ ਸਰਕਾਰਾਂ ਨੂੰ ਲਪੇਟੇ 'ਚ ਲੈਂਦਿਆਂ ਲਿਖਿਆ ਸੀ, 'ਦਿੱਲੀ ਅਤੇ ਭਾਰਤ ਦਾ ਪੂਰਾ ਮੀਡੀਆ ਬਾਲੀਵੁੱਡ ਦੀਆਂ ਖ਼ਬਰਾਂ ਜਾਂ ਸਿਆਸੀ ਖ਼ਬਰਾਂ ਦਿਖਾਉਂਦਾ ਹੈ। ਕਿਸਾਨ ਜਾਂ ਮਜ਼ਦੂਰ ਦੀ ਕੋਈ ਗੱਲ ਹੀ ਨਹੀਂ ਕਰਦਾ। 80% ਲੋਕ ਖੇਤੀਬਾੜੀ ਨਾਲ ਜੁੜੇ ਹੋਏ ਹਨ ਅਤੇ ਇਨ੍ਹਾਂ ਲੋਕਾਂ ਦੇ ਹੱਕ ਦੀ ਗੱਲ ਤਾਂ ਹੁੰਦੀ ਹੀ ਨਹੀਂ। ਜਦੋਂਕਿ ਚਾਹੀਦਾ ਇਹ ਹੈ ਕਿ 80% ਖ਼ਬਰਾਂ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਹੋਣੀਆਂ ਚਾਹੀਦੀਆਂ ਹਨ। ਫ਼ਸਲਾਂ ਦੇ ਮੁੱਲ ਮਿਲਣੇ ਚਾਹੀਦੇ ਹਨ, ਜਿਸ ਹਿਸਾਬ ਨਾਲ ਪਿਛਲੇ 40 ਸਾਲਾਂ 'ਚ ਬਾਕੀ ਚੀਜ਼ਾਂ ਦੀਆਂ ਕੀਮਤਾਂ ਵਧੀਆਂ, ਉਸੇ ਹਿਸਾਬ ਨਾਲ ਸਾਡੀਆਂ ਫ਼ਸਲਾਂ ਦੀਆਂ ਕੀਮਤਾਂ ਵੀ ਵਧਣੀਆਂ ਚਾਹੀਦੀਆਂ ਹਨ, ਪੱਕੀਆਂ ਮੰਡੀਆਂ ਬਣਨੀਆਂ ਚਾਹੀਦੀਆਂ ਹਨ। ਸਰਕਾਰ ਆਪ ਫ਼ਸਲ ਖ਼ਰੀਦ ਕੇ ਕਿਸਾਨਾਂ ਨੂੰ ਪੈਸੇ ਦੇਵੇ, ਫ਼ਸਲਾਂ ਦਾ ਬੀਮਾ ਹੋਵੇ ਅਤੇ ਜਿੰਨੀਆਂ ਵੀ ਸਾਡੀਆਂ ਬੀਬੀਆਂ ਆਪਣੇ ਘਰ ਪਰਿਵਾਰ 'ਚ ਖੇਤਾਂ ਨਾਲ ਜੁੜੇ ਕੰਮ ਕਰਦੀਆਂ, ਰੋਟੀ ਪਕਾਉਂਦੀਆਂ, ਭਾਂਡੇ ਮਾਜਦੀਆਂ ਉਨ੍ਹਾਂ ਨੂੰ ਵੀ ਬਣਦੀ ਤਨਖਾਹ ਮੁਕਰਰ ਹੋਣੀ ਚਾਹੀਦੀ ਹੈ ਕਿਉਂਕਿ ਉਹ ਵੀ ਆਪਣੀ ਪੂਰੀ ਜ਼ਿੰਦਗੀ ਇਸ ਕਿੱਤੇ ਲਈ ਸਮਰਪਤ ਕਰਦੀਆਂ ਹਨ। ਕਿਸਾਨ ਮਜ਼ਦੂਰ ਦੇ ਹੱਕ 'ਚ ਪਹਿਲਾਂ ਵੀ ਖੜ੍ਹੇ ਹਾਂ ਤੇ ਅੱਗੇ ਵੀ ਡੱਟ ਕੇ ਖੜਾਂਗੇ, ਹਮੇਸ਼ਾਂ ਹੱਕ ਸੱਚ ਲਈ ਲਿਖਦੇ ਰਹਾਂਗੇ।'