ਸੇਖੋਂ ਨੂੰ ਸਵਾਲ ਪੁੱਛਣ ''ਤੇ ਕਿਸਾਨ ਆਗੂਆਂ ਨਾਲ ਧੱਕਾ-ਮੁੱਕੀ
Saturday, May 11, 2019 - 06:52 PM (IST)

ਮੌੜ ਮੰਡੀ : ਅਕਾਲੀ-ਭਾਜਪਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਪੱਖ ਵਿਚ ਪ੍ਰਚਾਰ ਕਰਨ ਪਹੁੰਚੇ ਸਾਬਕਾ ਸਿੰਚਾਈ ਮੰਤਰੀ ਜਨਮੇਜਾ ਸਿੰਘ ਸੇਖੋਂ ਦੀ ਜਨ ਸਭਾ 'ਚ ਸਵਾਲ ਪੁੱਛਣ 'ਤੇ ਕਿਸਾਨ ਯੂਨੀਅਨ ਦੇ ਮੈਂਬਰਾਂ ਨਾਲ ਧੱਕਾ ਮੁੱਕੀ ਹੋ ਗਈ। ਦੋਸ਼ ਹੈ ਕਿ ਅਕਾਲੀ ਸਮਰਥਕਾਂ ਨੇ ਜ਼ਬਰਨ ਮੋਬਾਇਲ ਖੋਹ ਕੇ ਰਿਕਾਰਡਿੰਗ ਵੀ ਡਿਲੀਟ ਕਰ ਦਿੱਤੀ।
ਦਰਅਸਲ ਪਿੰਡ ਯਾਤਰੀ ਵਿਚ ਸੇਖੋਂ ਦੀ ਜਨ ਸਭਾ ਵਿਚ ਕਿਸਾਨ ਯੂਨੀਅਨ ਦੇ ਲੋਕ ਪਹੁੰਚੇ ਅਤੇ ਸਵਾਲ ਕਰਨ ਲੱਗੇ। ਪਹਿਲਾਂ ਕੁਝ ਸਵਾਲਾਂ ਦੇ ਗੋਲ-ਮੋਲ ਜਵਾਬ ਦਿੱਤੇ ਗਏ ਫਿਰ ਜਵਾਬ ਦੇਣ ਤੋਂ ਬਚਦੇ ਹੋਏ ਸੇਖੋਂ ਨੇ ਕਿਹਾ ਕਿ ਤੁਸੀਂ ਇਸ ਤਰ੍ਹਾਂ ਮਾਹੌਲ ਨੂੰ ਖਰਾਬ ਨਾ ਕਰੋ, ਕਦੇ ਦਫਤਰ ਆਓ। ਜਦੋਂ ਇਹ ਸਵਾਲ ਪੁੱਛੇ ਜਾ ਰਹੇ ਸਨ ਤਾਂ ਕੁਝ ਲੋਕ ਵੀਡੀਓ ਬਣਾ ਰਹੇ ਸਨ। ਇਸ ਦੌਰਾਨ ਅਕਾਲੀ ਸਮਰਥਕਾਂ ਨੇ ਉਨ੍ਹਾਂ ਨਾਲ ਧੱਕਾ-ਮੁੱਕੀ ਕਰਦੇ ਹੋਏ ਮੋਬਾਇਲ ਬੰਦ ਕਰਵਾ ਦਿੱਤੇ। ਜਿਸ ਨਾਲ ਦੋਵਾਂ ਧਿਰਾਂ 'ਚ ਤਿੱਖੀ ਬਹਿਸ ਹੋ ਗਈ। ਦੂਜੀ ਧਿਰ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦਾ ਮੋਬਾਇਲ ਖੋਹ ਕੇ ਵੀਡੀਓ ਵੀ ਡਿਲੀਟ ਕੀਤੀ ਗਈ ਹੈ।