ਕਿਸਾਨਾਂ ਦੀ ਸਰਕਾਰ ਨੂੰ ਚਿਤਾਵਨੀ, ਸਾੜ ਕੇ ਰਹਾਂਗੇ ਪਰਾਲੀ
Monday, Oct 08, 2018 - 07:05 PM (IST)
ਸੰਗਰੂਰ : ਇਕ ਪਾਸੇ ਸੂਬਾ ਸਰਕਾਰ ਵਲੋਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ ਜਾ ਰਹੀ ਹੈ, ਉਥੇ ਹੀ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਸਰਕਾਰ ਦੇ ਇਸ ਫੈਸਲੇ ਖਿਲਾਫ ਪਰਾਲੀ ਨੂੰ ਅੱਗ ਲਗਾਉਣ 'ਤੇ ਅੜੀਆਂ ਹੋਈਆਂ ਹਨ। ਜਿਸ ਦੇ ਚੱਲਦੇ ਸੰਗਰੂਰ ਅਤੇ ਭਵਾਨੀਗੜ੍ਹ ਵਿਚ ਕਿਸਾਨਾਂ ਵਲੋਂ ਬਕਾਇਦਾ ਵਾਹਨਾਂ 'ਤੇ ਲਾਊਡ ਸਪੀਕਰ ਲਗਾ ਕੇ ਅਨਾਊਂਸਮੈਂਟ ਕੀਤੀ ਜਾ ਰਹੀ ਹੈ। ਇਸ ਅਨਾਊਂਸਮੈਂਟ ਵਿਚ ਕਿਸਾਨਾਂ ਨੂੰ ਸਰਕਾਰ ਦੇ ਇਸ ਹੁਕਮ ਨੂੰ ਨਾ ਮੰਨਣ ਅਤੇ ਪਰਾਲੀ ਨੂੰ ਅੱਗ ਲਗਾਉਣ ਲਈ ਉਕਸਾਇਆ ਜਾ ਰਿਹਾ ਹੈ।
ਇਥੇ ਹੀ ਬਸ ਨਹੀਂ ਕਿਸਾਨਾਂ ਨੂੰ ਪ੍ਰਸ਼ਾਸਨ ਅਤੇ ਸਰਕਾਰ ਨਾਲ ਟਕਰਾਅ ਦਾ ਰਸਤਾ ਅਪਨਾਉਣ ਦੀ ਵੀ ਚਿਤਾਵਨੀ ਦਿੱਤੀ ਜਾ ਰਹੀ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਸਰਕਾਰ ਪਰਾਲੀ ਦਾ ਕੋਈ ਠੋਸ ਪ੍ਰਬੰਧ ਤਾਂ ਕਰਦੀ ਨਹੀਂ ਜਦਕਿ ਸਾਨੂੰ ਪਰਾਲੀ ਸਾੜਨ ਤੋਂ ਰੋਕ ਰਹੀ ਹੈ। ਕਿਸਾਨਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਪਾਰਲੀ ਸਾੜਨ ਦੇ ਕੰਮ ਵਿਚ ਜੇਕਰ ਕੋਈ ਰੁਕਾਵਟ ਖੜੀ ਕਰਦਾ ਹੈ ਤਾਂ ਇਸ ਦੌਰਾਨ ਟਕਰਾਅ 'ਚ ਜੇ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ। ਕਿਸਾਨਾਂ ਨੇ 13 ਅਕਤੂਬਰ ਨੂੰ ਪਰਾਲੀ ਨੂੰ ਅੱਗ ਲਗਾਉਣ ਦੇ ਮੁੱਦੇ 'ਤੇ ਬਰਨਾਲਾ 'ਚ ਵੱਡੀ ਰੈਲੀ ਕਰਨ ਦੀ ਗੱਲ ਵੀ ਆਖੀ ਹੈ।