ਰਿਫਲੈਕਟਰ ਨਾ ਹੋਣ ਕਾਰਨ ਜੀਪ ਡਿਵਾਈਡਰ ’ਤੇ ਚਡ਼੍ਹੀ

Friday, Apr 19, 2019 - 10:02 AM (IST)

ਰਿਫਲੈਕਟਰ ਨਾ ਹੋਣ ਕਾਰਨ ਜੀਪ ਡਿਵਾਈਡਰ ’ਤੇ ਚਡ਼੍ਹੀ
ਫਰੀਦਕੋਟ (ਨਰਿੰਦਰ)-ਸ਼ਹਿਰ ਦੇ ਮੋਗਾ-ਬਠਿੰਡਾ ਰੋਡ ’ਤੇ ਬਣੀ ਤਿੰਨਕੋਣੀ ਨੇਡ਼ੇ ਮੋਗਾ ਰੋਡ ਵਾਲੇ ਪਾਸੇ ਸਡ਼ਕ ਵਿਚਕਾਰ ਬਣੇ ਡਿਵਾਈਡਰ ’ਤੇ ਰਿਫਲੈਕਟਰ ਨਾ ਲੱਗਾ ਹੋਣ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ ਪਰ ਇਸ ਪਾਸੇ ਨਾ ਤਾਂ ਟੋਲ ਪਲਾਜ਼ਾ ਕੰਪਨੀ ਅਤੇ ਨਾ ਹੀ ਪ੍ਰਸ਼ਾਸਨ ਵੱਲੋਂ ਧਿਆਨ ਦਿੱਤਾ ਜਾ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਹੁਣ ਤੱਕ ਕਈ ਹਾਦਸੇ ਵਾਪਰਨ ਕਾਰਨ ਇਸ ਬਾਰੇ ਕਈ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਵੀ ਬਣ ਚੁੱਕੀਆਂ ਹਨ ਪਰ ਇਹ ਸਮੱਸਿਆ ਜਿਉਂ ਦੀ ਤਿਉਂ ਬਰਕਰਾਰ ਹੈ। ਜ਼ਿਕਰਯੋਗ ਹੈ ਕਿ ਮੋਗਾ ਰੋਡ ’ਤੇ ਬਣੇ ਡਿਵਾਈਡਰ ਦੇ ਤਿੰਨਕੋਣੀ ਵਾਲੇ ਪਾਸੇ ਰਿਫਲੈਕਟਰ ਨਹੀਂ ਲੱਗਾ ਹੋਇਆ, ਜਿਸ ਕਾਰਨ ਖਾਸ ਕਰ ਕੇ ਰਾਤ ਸਮੇਂ ਵਾਹਨ ਚਾਲਕਾਂ ਨੂੰ ਇਸ ਡਿਵਾਈਡਰ ਦਾ ਪਤਾ ਹੀ ਨਹੀਂ ਲੱਗਦਾ ਅਤੇ ਇਹ ਇਸ ਨਾਲ ਟਕਰਾਅ ਜਾਂਦੇ ਹਨ। ਬੀਤੀ ਅੱਧੀ ਰਾਤ ਵੀ ਇਕ ਜੀਪ ਇਸ ਡਿਵਾਈਡਰ ’ਤੇ ਚਡ਼੍ਹ ਗਈ। ਇਸ ਦੌਰਾਨ ਭਾਵੇਂ ਕੋਈ ਵਿਅਕਤੀ ਤਾਂ ਜ਼ਖ਼ਮੀ ਨਹੀਂ ਹੋਇਆ ਪਰ ਜੀਪ ਬੁਰੀ ਤਰ੍ਹਾਂ ਨੁਕਸਾਨੀ ਗਈ। ਸ਼ਹਿਰ ਨਿਵਾਸੀਆਂ ਨੇ ਡੀ. ਸੀ. ਤੋਂ ਮੰਗ ਕੀਤੀ ਹੈ ਕਿ ਸਬੰਧਤ ਟੋਲ ਪਲਾਜ਼ਾ ਕੰਪਨੀ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਜਾਵੇ ਕਿ ਇਸ ਡਿਵਾਈਡਰ ਦੇ ਦੋਵੇਂ ਪਾਸੇ ਉੱਚੇ ਅਤੇ ਲਾਈਟਾਂ ਵਾਲੇ ਰਿਫਲੈਕਟਰ ਲਾਏ ਜਾਣ ਤਾਂ ਕਿ ਇੱਥੇ ਦੁਬਾਰਾ ਕੋਈ ਹਾਦਸਾ ਨਾ ਵਾਪਰੇ।

Related News