ਅਬੁਲਖੁਰਾਨਾ ਨੇ ਬਠਿੰਡਾ ਹਲਕੇ ਤੋਂ ਉਮੀਦਵਾਰੀ ਦੇ ਦਾਅਵੇ ਤੋਂ ਬਾਅਦ ਵਧਾਈ ਸਰਗਰਮੀ
Saturday, Mar 30, 2019 - 04:35 AM (IST)

ਫਰੀਦਕੋਟ (ਜੁਨੇਜਾ)-ਸੂਬੇ ਅੰਦਰ ਸੰਸਦੀ ਚੋਣਾਂ ਦੀ ਤਰੀਕ ਆਉਣ ਤੋਂ ਬਾਅਦ ਹਲਕਾ ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਦਾਅਵੇਦਾਰ ਅਤੇ ਸਾਬਕਾ ਮੰਤਰੀ ਗੁਰਨਾਮ ਸਿੰਘ ਅਬੁਲਖੁਰਾਨਾ ਦੇ ਪੁੱਤਰ ਜਗਪਾਲ ਸਿੰਘ ਅਬੁਲਖੁਰਾਨਾ ਵੱਲੋਂ ਵਰਕਰਾਂ ਨਾਲ ਮੀਟਿੰਗਾਂ ਦਾ ਸਿਲਸਲਾ ਸ਼ੁਰੂ ਕਰ ਦਿੱਤਾ ਹੈ। ਗੱਲਬਾਤ ਕਰਦਿਆਂ ਅਬੁਲਖੁਰਾਨਾ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਵੱਲੋਂ ਦਹਾਕਿਆਂ ਤੋਂ ਕਾਂਗਰਸ ਪਾਰਟੀ ਦੀ ਕੀਤੀ ਸੇਵਾ ਤੇ ਸੱਚੀ ਸੁੱਚੀ ਰਾਜਨੀਤੀ ਦੀ ਸੇਵਾ ਕਰ ਕੇ ਉਨ੍ਹਾਂ ਨੇ ਇਸ ਸੀਟ ਤੋਂ ਆਪਣਾ ਦਾਅਵਾ ਪੇਸ਼ ਕੀਤਾ ਹੈ ਅਤੇ ਹਾਈਕਮਾਂਡ ਵੱਲੋਂ ਉਨ੍ਹਾਂ ਨੂੰ ਇਸ ਵਾਰ ਮੌਕਾ ਦਿੱਤਾ ਜਾਵੇਗਾ। ਇਸ ਕਰ ਕੇ ਉਨ੍ਹਾਂ ਹਲਕੇ ਅੰਦਰ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਆਪਣਾ ਤਾਲਮੇਲ ਸ਼ੁਰੂ ਕਰ ਦਿੱਤਾ ਹੈ। ਜੇਕਰ ਜਗਪਾਲ ਸਿੰਘ ਅਬੁਲਖੁਰਾਨਾ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਬਠਿੰਡਾ ਹਲਕੇ ਤੋਂ ਆਮਣੇ ਸਾਹਮਣੇ ਹੋ ਗਏ ਤਾਂ ਬਾਦਲ ਪਰਿਵਾਰ ਨਾਲ ਅਬੁਲਖੁਰਾਨਾ ਪਰਿਵਾਰ ਦੀ ਇਹ ਦੂਜੀ ਪੀਡ਼੍ਹੀ ਦਾ ਮੁਕਾਬਲਾ ਹੋਵੇਗਾ, ਕਿਉਂਕਿ ਇਸ ਤੋਂ ਪਹਿਲਾਂ ਵੀ ਦੋਵੇਂ ਪਰਿਵਾਰ ਆਹਮੋ-ਸਾਹਮਣੇ ਆ ਚੁੱਕੇ ਹਨ। ਜ਼ਿਕਰਯੋਗ ਹੈ ਕਿ 1997 ਵਿਚ ਜਦੋਂ ਪਹਿਲੀ ਵਾਰ ਪ੍ਰਕਾਸ਼ ਸਿੰਘ ਬਾਦਲ ਨੇ ਲੰਬੀ ਹਲਕੇ ਤੋਂ ਚੋਣ ਲਡ਼ੀ ਸੀ ਤਾਂ ਉਸ ਸਮੇਂ ਗੁਰਨਾਮ ਸਿੰਘ ਅਬੁਲਖੁਰਾਨਾ ਪੰਜਾਬ ਸਰਕਾਰ ’ਚ ਸਿੰਚਾਈ ਅਤੇ ਪੰਚਾਇਤ ਰਾਜ ਮੰਤਰੀ ਸਨ। ਉਨ੍ਹਾਂ ਵੱਲੋਂ ਹਲਕੇ ਅੰਦਰ ਸਿੰਚਾਈ ਲਈ ਲਿਆਂਦੇ ਕਰੋਡ਼ਾਂ ਦੇ ਪ੍ਰਾਜੈਕਟਾਂ ਕਰ ਕੇ ਹੀ ਬਾਦਲ ਨੇ ਲੰਬੀ ਦੇ ਨਾਲ-ਨਾਲ ਕਿਲਾ ਰਾਏਪੁਰ ਤੋਂ ਵਿਧਾਨ ਸਭਾ ਦੀ ਚੋਣ ਲਡ਼ੀ ਸੀ। ਬਠਿੰਡਾ ਹਲਕੇ ਤੋਂ ਉਮੀਦਵਾਰੀ ਦੇ ਦਾਅਵੇਦਾਰ ਜਗਪਾਲ ਸਿੰਘ ਅਬੁਲਖੁਰਾਨਾ । (ਜੁਨੇਜਾ)