ਵਿਦਿਆਰਥੀਆਂ ਨੂੰ ਮੁਫਤ ਕਾਨੂੰਨੀ ਸੇਵਾਵਾਂ ਬਾਰੇ ਦਿੱਤੀ ਜਾਣਕਾਰੀ
Tuesday, Mar 19, 2019 - 04:13 AM (IST)
ਫਰੀਦਕੋਟ (ਜਸਬੀਰ ਕੌਰ, ਬਾਂਸਲ)-ਸਰਕਾਰੀ ਆਈ. ਟੀ. ਆਈ. (ਐੱਸ. ਸੀ.) ਸਕੂਲ ਫ਼ਰੀਦਕੋਟ ਵਿਖੇ ਅੱਜ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮਾਣਯੋਗ ਹਰਪਾਲ ਸਿੰਘ ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਮੁਫਤ ਕਾਨੂੰਨੀ ਸੇਵਾਵਾਂ ਬਾਰੇ ਜਾਣਕਾਰੀ ਦੇਣ ਲਈ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਮਾਣਯੋਗ ਹਰਗੁਰਜੀਤ ਕੌਰ ਚੀਫ਼ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਨੇ ਦੱਸਿਆ ਕਿ ਭਾਰਤ ਦੇ ਹਰ ਜ਼ਿਲੇ ’ਚ ਕਾਨੂੰਨੀ ਸੇਵਾਵਾਂ ਅਥਾਰਟੀ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਔਰਤ, ਬੱਚਾ, ਐੱਸ. ਸੀ., ਐੱਸ. ਟੀ., ਫੈਕਟਰੀਆਂ ’ਚ ਕੰਮ ਕਰਦੇ ਮੁਲਾਜ਼ਮ, 3 ਲੱਖ ਦੀ ਆਮਦਨ ਵਾਲੇ ਲੋਕ ਮੁਫ਼ਤ ਕਾਨੂੰਨੀ ਸੇਵਾਵਾਂ ਲੈਣ ਦੇ ਹੱਕਦਾਰ ਹਨ। ਕਾਨੂੰਨੀ ਸਲਾਹ ਲੈਣ ਵਾਸਤੇ ਵੀ ਕਿਸੇ ਵੀ ਵਰਕਿੰਗ ਡੇਅ ’ਚ ਉਨ੍ਹਾਂ ਦੇ ਦਫ਼ਤਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ‘ਮਮਤਾ ਦੀ ਉਡਾਰੀ’ ਮਹਿੰਮ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ‘ਆਰਤੀ’ ਪ੍ਰਾਜੈਕਟ ਦੇ ਮੈਨੇਜਰ ਪੰਜਾਬ ਲੀਗਲ ਅਥਾਰਟੀ ਸਰਵਿਸਿਜ਼ ਪੰਜਾਬ ਉੱਚੇਚੇ ਤੌਰ ਪਹੁੰਚੇ। ਉਨ੍ਹਾਂ ਲੀਗਲ ਅਥਾਰਟੀ ਪੰਜਾਬ ਦੀ ਵਰਕਿੰਗ ਬਾਰੇ ਜਾਣਕਾਰੀ ਦਿੰਦਿਆਂ ਇਸ ਨੂੰ ਅੱਗੇ ਆਪਣੇ ਘਰਾਂ, ਪਰਿਵਾਰਾਂ ਤੇ ਸਮਾਜ ’ਚ ਲਿਜਾਣ ਵਾਸਤੇ ਪ੍ਰੇਰਿਤ ਕੀਤਾ। ਐਡ. ਅਵਿਨਾਸ਼ ਕੌਰ ਨੇ ਨਾਲਸਾ ਤਹਿਤ ਵੱਖ-ਵੱਖ ਕਾਨੂੰਨਾਂ ਦੀ ਜਾਣਕਾਰੀ ਦਿੱਤੀ। ਜਸਬੀਰ ਸਿੰਘ ਜੱਸੀ ਜ਼ਿਲਾ ਗਾਈਡੈਂਸ ਕਾਊਂਸਲਰ ਨੇ ਲੋਕ ਸਭਾ ਚੋਣਾਂ ’ਚ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਸੰਸਥਾ ਦੇ ਮੁੱਖ ਅਧਿਆਪਕ ਮਨਜੀਤ ਸਿੰਘ ਨੇ ਉਕਤ ਅਧਿਕਾਰੀਆਂ ਦਾ ਧੰਨਵਾਦ ਕੀਤਾ। ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਵਿਦਿਆਰਥੀਆਂ ਨੂੰ ਲਿਟਰੇਚਰ ਵੀ ਵੰਡਿਆ ਗਿਆ। ਇਸ ਸਮੇਂ ਸਰਕਾਰੀ ਆਈ. ਟੀ. ਆਈ. ਦੇ ਇੰਸਟਰੱਕਟਰ ਰਾਜਿੰਦਰ ਕੌਰ, ਪੂਜਾ, ਸੰਦੀਪ ਸਿੰਘ, ਨਵਦੀਪ ਸਿੰਘ, ਰਾਜਨ ਕਪੂਰ ਆਦਿ ਮੌਜੂਦ ਸਨ।
