ਭਗਵਾਨ ਦੀਆਂ ਲੀਲਾਵਾਂ ਨੂੰ ਇਨਸਾਨ ਆਪਣੀ ਬੁੱਧੀ ਰਾਹੀਂ ਨਹੀਂ ਸਮਝ ਸਕਦਾ : ਸਾਧਵੀ ਦਿਵੇਸ਼ਾ ਭਾਰਤੀ
Saturday, Mar 02, 2019 - 04:12 AM (IST)
ਫਰੀਦਕੋਟ (ਨਰਿੰਦਰ)-ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਪੁਰਾਣੇ ਸ਼ਹਿਰ ਵਿਖੇ ਸਥਿਤ ਸ਼੍ਰੀ ਦੁਰਗਾ ਮਾਤਾ ਮੰਦਿਰ ’ਚ ਮੰਦਿਰ ਪ੍ਰਧਾਨ ਅਸ਼ੋਕ ਦਿਓਡ਼ਾ ਅਤੇ ਰਾਜਿੰਦਰ ਕਕਡ਼ੀਆ ਦੇ ਸਹਿਯੋਗ ਨਾਲ ਸ਼ਿਵਰਾਤਰੀ ਨੂੰ ਸਮਰਪਿਤ ਪੰਜ ਰੋਜ਼ਾ ਸ਼੍ਰੀ ਸ਼ਿਵ ਕਥਾ ਦਾ ਆਯੋਜਨ ਕੀਤਾ ਗਿਆ। ਇਸ ਕਥਾ ਦੇ ਪਹਿਲੇ ਦਿਨ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸੇਵਿਕਾ ਸਾਧਵੀ ਦਿਵੇਸ਼ਾ ਭਾਰਤੀ ਨੇ ਮਾਂ ਸਤੀ ਦੇ ਜੀਵਨ ਚਰਿੱਤਰ ’ਤੇ ਪ੍ਰਕਾਸ਼ ਪਾਉਂਦਿਆਂ ਦੱਸਿਆ ਕਿ ਜਦੋਂ ਭਗਵਾਨ ਸ਼੍ਰੀ ਰਾਮ ਜੀਵਨ ਲੀਲਾ ਕਰ ਰਹੇ ਸਨ ਤਾਂ ਉਸ ਸਮੇਂ ਭਗਵਾਨ ਭੋਲੇ ਨਾਥ ਅਤੇ ਮਾਂ ਸਤੀ ਜੀ ਕੈਲਾਸ਼ ਧਾਮ ਜਾ ਰਹੇ ਸਨ। ਉਸ ਸਮੇਂ ਭਗਵਾਨ ਸ਼ਿਵ ਪ੍ਰਭੂ ਸ਼੍ਰੀ ਰਾਮ ਨੂੰ ਦੇਖ ਕੇ ਉਨ੍ਹਾਂ ਦੀ ਜੈ-ਜੈਕਾਰ ਕਰਨ ਲੱਗੇ। ਉਦੋਂ ਮਾਂ ਸਤੀ ਦੇ ਹਿਰਦੇ ਵਿਚ ਉਸ ਦ੍ਰਿਸ਼ ਨੂੰ ਦੇਖ ਕੇ ਸ਼ੰਕਾ ਆ ਗਈ। ਸ਼ਿਵ ਉਨ੍ਹਾਂ ਨੂੰ ਵਾਰ-ਵਾਰ ਸਮਝਾਉਂਦੇ ਹਨ ਪਰ ਉਹ ਸਮਝਦੀ ਨਹੀਂ, ਫਿਰ ਨਾ ਚਾਹੁੰਦੇ ਹੋਏ ਭਗਵਾਨ ਸ਼ਿਵ ਨੇ ਮਾਂ ਸਤੀ ਨੂੰ ਕਿਹਾ ਕਿ ਠੀਕ ਹੈ, ਜੇਕਰ ਤੁਹਾਡੇ ਮਨ ਵਿਚ ਸੰਦੇਹ ਹੈ ਤਾਂ ਤੂੰ ਜਾ ਕੇ ਉਨ੍ਹਾਂ ਦੀ ਪ੍ਰੀਖਿਆ ਲੈ ਸਕਦੀ ਹੈਂ। ਮਾਂ ਸਤੀ ਪ੍ਰੀਖਿਆ ਲੈਣ ਗਈ ਤਾਂ ਉਨ੍ਹਾਂ ਨੇ ਮਾਂ ਸਤੀ ਦਾ ਰੂਪ ਧਾਰਨ ਕਰ ਲਿਆ, ਜਿਸ ਕਾਰਨ ਪ੍ਰਭੂ ਉਨ੍ਹਾਂ ਦਾ ਤਿਆਗ ਕਰ ਦਿੰਦੇ ਹਨ। ਉਸ ਸਮੇਂ ਸਤੀ ਨੂੰ ਪਛਤਾਵਾ ਹੋਇਆ। ਇੱਥੇ ਇਕ ਇਨਸਾਨ ਨੂੰ ਬਹੁਤ ਵੱਡੀ ਸਿੱਖਿਆ ਮਿਲਦੀ ਹੈ। ਭਗਵਾਨ ਦੀਆਂ ਲੀਲਾਵਾਂ ਨੂੰ ਇਨਸਾਨ ਆਪਣੀ ਬੁੱਧੀ ਰਾਹੀਂ ਨਹੀਂ ਸਮਝ ਸਕਦਾ, ਕਿਉਂਕਿ ਸਾਡੇ ਗ੍ਰੰਥ ਕਹਿੰਦੇ ਹਨ ਕਿ ਪ੍ਰਭੂ ਬੁੱਧੀ ਦੇ ਧਰਾਤਲ ਤੋਂ ਬਹੁਤ ਦੂਰ ਹੈ, ਜੇਕਰ ਉਸਨੂੰ ਸਮਝਣਾ ਹੈ ਤਾਂ ਸਾਨੂੰ ਆਂਤਰਿਕ ਜਗਤ ਦੀ ਯਾਤਰਾ ਕਰਨੀ ਪਵੇਗੀ ਕਿਉਂਕਿ ਭਗਵਾਨ ਮੰਨਣ ਦਾ ਵਿਸ਼ਾ ਨਹੀਂ ਹੈ। ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਅਸੀਂ ਭਗਵਾਨ ਨੂੰ ਮੰਨਦੇ ਹਾਂ, ਹਰ ਕੋਈ ਇਨਸਾਨ ਆਪਣੇ ਭਾਵਾਂ ਨਾਲ ਰੱਬ ਨੂੰ ਖੁਸ਼ ਕਰਨਾ ਚਾਹੁੰਦਾ ਹੈ ਪਰ ਸੰਤ ਮਹਾਂਪੁਰਖ ਕਹਿੰਦੇ ਹਨ ਕਿ ਭਗਵਾਨ ਮੰਨਣ ਦਾ ਵਿਸ਼ਾ ਨਹੀਂ, ਉਸਨੂੰ ਦੇਖਿਆ ਜਾਂਦਾ ਹੈ। ਸਾਡੇ ਹਰ ਇਕ ਗ੍ਰੰਥ ਵਿਚ ਰਿਸ਼ੀਆਂ ਨੇ ਇਨ੍ਹਾਂ ਗੱਲਾਂ ਨੂੰ ਪ੍ਰਮਾਣਿਤ ਕਰਦੇ ਹੋਏ ਕਿਹਾ ਕਿ ਭਗਵਾਨ ਸਾਡੇ ਮਨ ਵਿਚ ਹੈ, ਜਿਵੇਂ ਲੱਕਡ਼ੀ ਵਿਚ ਸੂਖਮ ਰੂਪ ਵਿਚ ਅਗਨੀ ਵਿਰਾਜਮਾਨ ਹੈ, ਠੀਕ ਇਸੇ ਤਰ੍ਹਾਂ ਭਗਵਾਨ ਸਾਡੇ ਅੰਦਰ ਹੈ। ਇਸ ਮੌਕੇ ਰੀਤੂ ਭਾਰਤੀ, ਦੁਰਗਾ ਭਾਰਤੀ ਅਤੇ ਪ੍ਰਿਯੰਕਾ ਭਾਰਤੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
