ਵਾਤਾਵਰਨ ਬਚਾਉਣ ਦਾ ਹੋਕਾ ਦੇਣ ਸਾਈਕਲ ’ਤੇ ਨਿਕਲੇ ਮੁੰਡੇ, DC ਵਲੋਂ ਸਨਮਾਨਿਤ (ਵੀਡੀਓ)
Tuesday, Feb 25, 2020 - 05:27 PM (IST)
ਫਰੀਦਕੋਟ (ਜਗਤਾਰ) - ਲੋਕਾਂ ਨੂੰ ਸਾਈਕਲਿੰਗ ਵਾਸਤੇ ਪ੍ਰੇਰਿਤ ਕਰਨ ਦੇ ਲਈ ਕੋਟਕਪੂਰਾ ਸਾਈਕਲਿੰਗ ਗਰੁੱਪ ਦੇ ਮੈਂਬਰਾਂ ਵਲੋਂ ਇਕ ਅਨੋਖੀ ਮੁਹਿੰਮ ਸ਼ੁਰੁ ਕੀਤੀ ਗਈ ਹੈ। ਉਕਤ ਗਰੁੱਪ ਦੇ ਮੈਂਬਰ ਸਾਈਕਲਾਂ ’ਤੇ ਲੰਮਾ ਪੈਂਡਾ ਤੈਅ ਕਰਕੇ ਜਿਥੇ ਲੋਕਾਂ ਨੂੰ ਸਾਈਕਲਿੰਗ ਦੇ ਫਾਇਦੇ ਦੱਸ ਰਹੇ ਹਨ, ਉਥੇ ਹੀ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ’ਚ ਵੀ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ। ਜਾਣਕਾਰੀ ਅਨੁਸਾਰ ਉਕਤ ਨੌਜਵਾਨਾਂ ਨੇ ਹਾਲ ਹੀ ’ਚ ਸਾਈਕਲਾਂ ’ਤੇ ਸਵਾਰ ਹੋ ਕੋਟਕਪੂਰਾ ਤੋਂ ਰੋਹਤਕ ਤੱਕ ਆਉਣ-ਜਾਣ ਦਾ ਸਫ਼ਰ ਕੀਤਾ ਅਤੇ 600 ਕਿਲੋਮੀਟਰ ਲੰਬੀ ਇਸ ਦੂਰੀ ਨੂੰ 38 ਘੰਟੇ ’ਚ ਮੁਕਾਇਆ। ਇਸ ਸਫ਼ਰ ਦੌਰਾਨ ਉਕਤ ਨੌਜਵਾਨ ਲੋਕਾਂ ਨੂੰ ਸਿਹਤ ਅਤੇ ਵਾਤਾਵਰਨ ਸੰਬੰਧੀ ਜਾਗਰੂਕ ਵੀ ਕਰ ਰਹੇ ਹਨ।
ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਗਰੁੱਪ ਮੈਂਬਰਾਂ ਨੇ ਦੱਸਿਆ ਕਿ ਸਾਈਕਲਿੰਗ ਨੂੰ ਸਾਨੂੰ ਆਪਣੀ ਰੋਜ਼ਮਰਾ ਦੀ ਜ਼ਿੰਦਗੀ ’ਚ ਅਪਨਾਉਣਾ ਚਾਹੀਦਾ ਹੈ, ਕਿਉਂਕਿ ਸਾਈਕਲਿੰਗ ਜਿਮ ਤੋਂ ਕਿਤੇ ਵਧੀਆ ਕਸਰਤ ਹੈ। ਇਸ ਦੀ ਵਰਤੋਂ ਕਰਨ ਦੇ ਫਾਇਦੇ ਹੀ ਫਾਇਦੇ ਹਨ। ਦੂਜੇ ਪਾਸੇ ਫਰੀਦਕੋਟ ਦੇ ਡੀ.ਸੀ ਕੁਮਾਰ ਸੌਰਵ ਰਾਜ ਵਲੋਂ ਇਸ ਅਨੋਖੀ ਮੁਹਿੰਮ ਨੂੰ ਚਲਾਉਣ ਵਾਲੇ ਨੌਜਵਾਨਾਂ ਨੂੰ ਵਿਸ਼ੇਸ ਤੌਰ ’ਤੇ ਸਨਮਾਨਿਤ ਕੀਤਾ ਗਿਆ। ਡੀ.ਸੀ. ਨੇ ਫੈਸਲਾ ਲਿਆ ਕਿ ਉਕਤ ਸਾਈਕਲ ਰਾਈਡਰਜ਼ ਵੱਖ-ਵੱਖ ਸਕੂਲਾਂ ’ਚ ਜਾ ਕੇ ਇਸ ਬਾਰੇ ਬੱਚਿਆਂ ਨੂੰ ਜਾਣਕਾਰੀ ਦੇਣ ਅਤੇ ਸਾਈਕਲਿੰਗ ਕਰਨ ਲਈ ਉਨ੍ਹਾਂ ਨੂੰ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਲਈ ਨੌਜਵਾਨਾਂ ਵਲੋਂ ਕੀਤਾ ਜਾ ਰਿਹਾ ਇਹ ਉਪਰਾਲਾ ਕਾਬਿਲੇ ਤਾਰੀਫ ਹੈ। ਇਸੇ ਲਈ ਸਾਨੂੰ ਸਾਰਿਆਂ ਨੂੰ ਵਾਤਾਵਰਨ ਨੂੰ ਪ੍ਰਦੂਸ਼ਣ ਰਹਿਤ ਬਣਾਉਣ ਦੇ ਲਈ ਆਪਣਾ ਹਿੱਸਾ ਪਾਉਣਾ ਚਾਹੀਦਾ ਹੈ।