ਪੰਜਾਬ ''ਤੇ ਮੰਡਰਾ ਸਕਦੈ ਵੱਡਾ ਖ਼ਤਰਾ, ਇਸ ਇਲਾਕੇ ''ਚ ਬਣੇ ਸੋਕੇ ਵਰਗੇ ਹਾਲਾਤ, 15 ਫੁੱਟ ਹੇਠਾਂ ਡਿੱਗਿਆ ਪਾਣੀ ਦਾ ਪੱਧਰ

Friday, Aug 09, 2024 - 06:59 PM (IST)

ਮਾਛੀਵਾੜਾ ਸਾਹਿਬ (ਟੱਕਰ)- ਪੰਜਾਬ ਵਿਚ ਇਸ ਵਾਰ ਮਾਨਸੂਨ ਦੀ ਬਾਰਿਸ਼ ਚੰਗੀ ਤਰ੍ਹਾਂ ਨਾ ਹੋਣ ਕਾਰਨ ਮਾਛੀਵਾੜਾ ਇਲਾਕੇ ਵਿਚ ਸੋਕੇ ਵਰਗੇ ਹਾਲਾਤ ਪੈਦਾ ਹੋ ਗਏ ਹਨ ਅਤੇ ਕਿਸਾਨਾਂ ਦੀਆਂ ਫ਼ਸਲਾਂ ਬਿਨ੍ਹਾਂ ਪਾਣੀ ਤੋਂ ਸੁੱਕਦੀਆਂ ਜਾ ਰਹੀਆਂ ਹਨ। ਮਾਛੀਵਾੜਾ ਦਾ ਇਲਾਕਾ ਜੋ ਬੇਟ ਅਤੇ ਢਾਹਾ 2 ਖੇਤਰਾਂ ਵਿਚ ਵੰਡਿਆ ਹੋਇਆ ਹੈ ਅਤੇ ਮੀਂਹ ਨਾ ਪੈਣ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ 10 ਤੋਂ 15 ਫੁੱਟ ਹੇਠਾਂ ਡਿੱਗ ਗਿਆ ਹੈ, ਜਿਸ ਕਾਰਨ ਕਿਸਾਨਾਂ ਦੀਆਂ ਖੇਤੀਬਾੜੀ ਵਾਲੀਆਂ ਮੋਟਰਾਂ ਦੇ ਬੋਰ ਵੀ ਪਾਣੀ ਛੱਡ ਗਏ ਹਨ। 

ਜਾਣਕਾਰੀ ਅਨੁਸਾਰ ਮਾਛੀਵਾੜਾ ਬੇਟ ਖੇਤਰ ਵਿਚ ਧਰਤੀ ਹੇਠਾਂ 10 ਤੋਂ 15 ਫੁੱਟ ’ਤੇ ਪਾਣੀ ਨਿਕਲ ਆਉਂਦਾ ਸੀ ਅਤੇ ਹੁਣ ਮੀਂਹ ਨਾ ਪੈਣ ਕਾਰਨ ਅਤੇ ਝੋਨੇ ਦੀ ਸਿੰਚਾਈ ਲਈ ਕਿਸਾਨਾਂ ਵੱਲੋਂ ਆਪਣੀਆਂ ਮੋਟਰਾਂ ਰਾਹੀਂ ਲਗਾਤਾਰ ਪਾਣੀ ਦੀ ਵਰਤੋਂ ਹੋਣ ਕਾਰਨ ਅੱਜ ਹਾਲਾਤ ਇਹ ਪੈਦਾ ਹੋ ਗਏ ਹਨ ਕਿ ਇਸ ਖੇਤਰ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ 15 ਫੁੱਟ ਤੱਕ ਡਿੱਗ ਗਿਆ ਹੈ। ਮੀਂਹ ਨਾ ਪੈਣ ਕਾਰਨ ਕਿਸਾਨ ਪਹਿਲਾਂ ਹੀ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਇੰਜਣਾਂ ਅਤੇ ਜਰਨੇਟਰਾਂ ਰਾਹੀਂ ਝੋਨੇ ਦੀ ਸਿੰਚਾਈ ਕਰ ਰਹੇ ਹਨ ਪਰ ਹੁਣ ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗਣ ਕਾਰਨ ਮੋਟਰਾਂ ਦੇ ਬੋਰ ਵੀ ਜਵਾਬ ਦੇ ਗਏ, ਜਿਸ ਕਾਰਨ ਉਨ੍ਹਾਂ ਦੀਆਂ ਫ਼ਸਲਾਂ ਸੁੱਕਦੀਆਂ ਜਾ ਰਹੀਆਂ ਹਨ। ਹਾਲਾਤ ਇਹ ਪੈਦਾ ਹੋ ਗਏ ਹਨ ਕਿ ਕਿਸਾਨਾਂ ਵੱਲੋਂ ਨਵੇਂ ਬੋਰ ਕਰਵਾਏ ਜਾ ਰਹੇ ਹਨ ਅਤੇ ਕਈਆਂ ਨੇ ਤਾਂ 1.50 ਲੱਖ ਰੁਪਏ ਖ਼ਰਚ ਕੇ ਸਬਮਰਸੀਬਲ ਬੋਰ ਕਰਵਾ ਲਏ ਹਨ ਤਾਂ ਜੋ ਡੂੰਘੇ ਬੋਰ ਕਰਕੇ ਧਰਤੀ ਹੇਠਲਾ ਪਾਣੀ ਹੋਰ ਬਾਹਰ ਕੱਢਿਆ ਜਾ ਸਕੇ। 

ਇਹ ਵੀ ਪੜ੍ਹੋ- ਰੈੱਡ ਅਲਰਟ 'ਤੇ ਪੰਜਾਬ, ਜਲੰਧਰ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ, ਚੱਪੇ-ਚੱਪੇ 'ਤੇ ਕੀਤੀ ਪੁਲਸ ਦੀ ਤਾਇਨਾਤੀ

PunjabKesari

ਮਾਛੀਵਾੜਾ ਦਾ ਬੇਟ ਖੇਤਰ ਜਿਸ ਵਿਚ ਪੁਰਾਣੇ ਸਮਿਆਂ ’ਚ 3 ਤੋਂ 4 ਫੁੱਟ ਟੋਇਆ ਪੁੱਟਣ ’ਤੇ ਪਾਣੀ ਨਿਕਲ ਆਉਂਦਾ ਸੀ ਅਤੇ ਅੱਜ ਹਾਲਾਤ ਇਹ ਹੋ ਗਏ ਹਨ ਕਿ ਝੋਨੇ ਲਈ ਵਰਤੇ ਜਾ ਰਹੇ ਬੇਤਹਾਸ਼ਾ ਪਾਣੀ ਕਾਰਨ ਧਰਤੀ ਹੇਠਲਾ ਪਾਣੀ 25 ਤੋਂ 30 ਫੁੱਟ ਡੂੰਘਾ ਚਲਾ ਗਿਆ ਹੈ। ਇਲਾਕੇ ਦੇ ਬੇਟ ਖੇਤਰ ਵਿਚ ਘਟਦੇ ਜਾ ਰਹੇ ਪਾਣੀ ਦੇ ਪੱਧਰ ਕਾਰਨ ਕਿਸਾਨਾਂ ਨੇ ਖੂਹੀਆਂ ਪੁੱਟ ਕੇ ਮੋਟਰਾਂ ਲਗਾ ਦਿੱਤੀਆਂ ਸਨ ਪਰ ਹੁਣ ਇਹ ਖੂਹੀਆਂ ’ਚ ਲੱਗੀਆਂ ਮੋਟਰਾਂ ਪਾਣੀ ਕੱਢਣ ਤੋਂ ਅਸਮਰੱਥ ਹੋ ਗਈਆਂ, ਜਿਸ ਕਾਰਨ ਹੁਣ ਕਿਸਾਨ ਸਬਮਰਸੀਬਲ ਬੋਰ ਕਰਵਾਉਣ ਲਈ ਲੱਖਾਂ ਰੁਪਏ ਖ਼ਰਚਣ ਲਈ ਮਜਬੂਰ ਹੋ ਰਹੇ ਹਨ। ਮਾਛੀਵਾੜਾ ਢਾਹਾ ਖੇਤਰ ਦੀ ਗੱਲ ਕਰੀਏ ਤਾਂ ਇਥੇ ਵੀ ਪਾਣੀ ਦਾ ਪੱਧਰ 10 ਤੋਂ 15 ਫੁੱਟ ਡਿੱਗ ਚੁੱਕਿਆ ਹੈ ਅਤੇ ਇਹ ਪਾਣੀ ਦਾ ਡਿੱਗਦਾ ਪੱਧਰ ਵੱਡੀ ਚਿੰਤਾ ਦਾ ਵਿਸ਼ਾ ਹੈ ਕਿ ਜੇਕਰ ਇਸ ਤਰ੍ਹਾਂ ਹੀ ਦਿਨ-ਬ-ਦਿਨ ਪਾਣੀ ਡੂੰਘੇ ਹੁੰਦੇ ਗਏ ਤਾਂ ਆਉਣ ਵਾਲੇ ਸਮੇਂ ਵਿਚ ਵੱਡਾ ਸੰਕਟ ਪੈਦਾ ਹੋ ਜਾਵੇਗਾ।

ਮਾਛੀਵਾੜਾ ਦੇ ਇਕ ਪਾਸੇ ਸਤਲੁਜ ਦਰਿਆ ਤੇ ਦੂਜੇ ਪਾਸੇ ਸਰਹਿੰਦ ਨਹਿਰ, ਫਿਰ ਵੀ ਪਾਣੀ ਦਾ ਪੱਧਰ ਡਿੱਗਣਾ ਚਿੰਤਾ ਦਾ ਵਿਸ਼ਾ
ਮਾਛੀਵਾੜਾ ਇਲਾਕਾ ਜਿੱਥੇ ਕਿ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਪੰਜਾਬ ਦੇ ਬਾਕੀ ਇਲਾਕਿਆਂ ਨਾਲੋਂ ਕਾਫ਼ੀ ਉੱਚਾ ਮੰਨਿਆ ਜਾਂਦਾ ਹੈ ਕਿਉਂਕਿ ਇਸ ਦੇ ਇਕ ਪਾਸੇ ਸਤਲੁਜ ਦਰਿਆ ਵਗਦਾ ਹੈ ਅਤੇ ਦੂਜੇ ਪਾਸੇ ਸਰਹਿੰਦ ਨਹਿਰ। ਇਸ ਇਲਾਕੇ ਵਿਚ ਕਦੇ ਵੀ ਪਾਣੀ ਦੇ ਪੱਧਰ ਡਿੱਗਣ ਬਾਰੇ ਕਦੇ ਵੀ ਸੋਚਿਆ ਨਹੀਂ ਜਾ ਸਕਦਾ ਸੀ ਕਿਉਂਕਿ ਦੋਵੇਂ ਪਾਸੇ ਪਾਣੀ ਦਾ ਵਹਾਅ ਹੋਣ ਕਾਰਨ ਲੋਕ ਇਸ ਪ੍ਰਤੀ ਬੇਫ਼ਿਕਰ ਸਨ। ਇਲਾਕੇ ਦੀ ਉਪਜਾਊ ਜ਼ਮੀਨ ਵਿਚ ਝੋਨੇ ਅਤੇ ਮੱਕੀ ਦੀ ਬਿਜਾਈ ਦਾ ਰਕਬਾ ਵੱਧਦਾ ਹੋਣ ਕਾਰਨ ਧਰਤੀ ਹੇਠਲਾ ਪਾਣੀ ਵੀ ਕਿਸਾਨਾਂ ਵੱਲੋਂ ਰੱਜ ਕੇ ਵਰਤਿਆ ਜਾ ਰਿਹਾ ਹੈ ਅਤੇ ਅੱਜ ਹਾਲਾਤ ਇਹ ਹੋ ਗਏ ਹਨ ਕਿ ਇਸ ਇਲਾਕੇ ਵਿਚ ਵੀ ਪਾਣੀ ਦਾ ਪੱਧਰ 10 ਤੋਂ 15 ਫੁੱਟ ਡਿੱਗ ਗਿਆ ਹੈ, ਜੋਕਿ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ। ਸਤਲੁਜ ਦਰਿਆ ਦੇ ਨੇੜਲੇ ਪਿੰਡਾਂ ਵਿਚ ਪਾਣੀ ਦੇ ਪੱਧਰ ਡਿੱਗਣ ਦਾ ਮੁੱਖ ਕਾਰਨ ਰੇਤੇ ਦੀ ਮਾਈਨਿੰਗ ਹੈ। ਬੇਸ਼ੱਕ ਸਰਕਾਰ ਰੇਤੇ ਦੀ ਮਾਈਨਿੰਗ ਤੋਂ ਕਰੋੜਾਂ ਰੁਪਏ ਕਮਾ ਰਹੀ ਹੈ ਪਰ ਪਾਣੀ ਦਾ ਡਿੱਗਦਾ ਪੱਧਰ ਆਉਣ ਵਾਲੇ ਸਮੇਂ ਵਿਚ ਇਲਾਕੇ ਲਈ ਵੱਡਾ ਖ਼ਤਰਾ ਹੋ ਸਕਦਾ ਹੈ। ਇਸ ਵਾਰ ਮੀਂਹ ਨਾ ਪੈਣ ਕਾਰਨ ਕਿਸਾਨ ਆਪਣੀਆਂ ਸੁੱਕੀਆਂ ਫ਼ਸਲਾਂ ਨੂੰ ਵੇਖ ਕੇ ਬੇਹੱਦ ਮਾਯੂਸ ਨਜ਼ਰ ਆ ਰਹੇ ਹਨ ਅਤੇ ਕਈ ਥਾਵਾਂ ’ਤੇ ਕਿਸਾਨਾਂ ਵੱਲੋਂ ਪਾਣੀ ਪੂਰਾ ਨਾ ਹੋਣ ਕਾਰਨ ਆਪਣੀ ਝੋਨੇ ਦੀ ਫ਼ਸਲ ਵੀ ਵਾਹ ਦਿੱਤੀ। ਸਰਕਾਰਾਂ ਨੇ ਜੇਕਰ ਪਾਣੀ ਦੇ ਡਿੱਗਦੇ ਪੱਧਰ ਨੂੰ ਬਚਾਉਣ ਦੇ ਯਤਨ ਨਾ ਕੀਤੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਹਰਿਆ-ਭਰਿਆ ਪੰਜਾਬ ਵੀ ਰਾਜਸਥਾਨ ਵਾਂਗ ਸੋਕੇ ਦਾ ਸੰਤਾਪ ਹੰਢਾਏਗਾ।

ਇਹ ਵੀ ਪੜ੍ਹੋ- ਜਲੰਧਰ ਵਾਸੀਆਂ ਲਈ ਅਹਿਮ ਖ਼ਬਰ, ਟਰੈਫਿਕ ਪ੍ਰਬੰਧਾਂ ਨੂੰ ਲੈ ਕੇ ਪੁਲਸ ਨੇ ਚੁੱਕਿਆ ਵੱਡਾ ਕਦਮ

PunjabKesari

ਮੀਂਹ ਤੇ ਵਾਤਾਵਰਣ ਨੂੰ ਬਚਾਉਣ ਲਈ ਪੌਦੇ ਲਗਾਉਣੇ ਬਹੁਤ ਜ਼ਰੂਰੀ: ਸ਼ਕਤੀ ਆਨੰਦ
ਸਮਾਜ ਸੇਵੀ ਸ਼ਕਤੀ ਆਨੰਦ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਦਾ ਡਿੱਗਦਾ ਪੱਧਰ ਅਤੇ ਘਟਦੇ ਮੀਂਹ ਵੱਡੀ ਚਿੰਤਾ ਦਾ ਵਿਸ਼ਾ ਹਨ, ਜਿਸ ਦਾ ਇਕੋ ਇਕ ਹੱਲ, ਪੰਜਾਬ ਵਾਸੀਆਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਚੱਲਦੇ ਸੜਕੀ ਪ੍ਰਾਜੈਕਟ ਅਤੇ ਵਧ ਰਹੇ ਰਿਹਾਇਸ਼ੀ ਖੇਤਰ ਕਾਰਨ ਦਰੱਖ਼ਤ ਘਟਦੇ ਜਾ ਰਹੇ ਹਨ, ਜਿਸ ਕਾਰਨ ਮੀਂਹ ਵੀ ਘਟ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਜ਼ਰੂਰਤ ਹੈ ਕਿ ਪੰਜਾਬ ਨੂੰ ਸੋਕੇ ਵਰਗੇ ਹਾਲਾਤ ਤੋਂ ਬਚਾਉਣ ਲਈ ਸਮਾਜ ਸੇਵੀ ਸੰਸਥਾਵਾਂ ਅੱਗੇ ਆਉਣ ਅਤੇ ਵੱਧ ਤੋਂ ਵੱਧ ਪੌਦੇ ਲਗਾ ਕੇ ਉਨ੍ਹਾਂ ਦੀ ਸੰਭਾਲ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਸਰਕਾਰ ਵੀ ਪੰਚਾਇਤੀ ਜ਼ਮੀਨਾਂ ਦੇ 25 ਫ਼ੀਸਦੀ ਰਕਬੇ ਵਿਚ ਮਨਰੇਗਾ ਮਜਦੂਰਾਂ ਰਾਹੀਂ ਵੱਧ ਤੋਂ ਵੱਧ ਪੌਦੇ ਲਗਾ ਕੇ ਜੰਗਲਾਂ ਦੀ ਉਸਾਰੀ ਕਰਨ ਅਤੇ ਨਾਲ ਹੀ ਮੁਫ਼ਤ ਬਿਜਲੀ ਦੀ ਵਰਤੋਂ ਕਰਨ ਵਾਲੇ ਕਿਸਾਨਾਂ ਨੂੰ ਵੀ ਯਕੀਨੀ ਬਣਾਇਆ ਜਾਵੇ ਕਿ ਉਹ ਵੀ ਆਪਣੀਆਂ ਮੋਟਰਾਂ ’ਤੇ ਘੱਟੋ-ਘੱਟ 5 ਦਰੱਖ਼ਤ ਜ਼ਰੂਰ ਲਗਾਉਣ।

ਇਹ ਵੀ ਪੜ੍ਹੋ- ਦਿਲ-ਦਹਿਲਾ ਦੇਣ ਵਾਲੀ ਘਟਨਾ, ਪੰਜਾਬ ਦੇ ਇਸ ਇਲਾਕੇ 'ਚੋਂ ਮਿਲੀਆਂ 3 ਲਾਸ਼ਾਂ, ਫ਼ੈਲੀ ਸਨਸਨੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News